Breaking News
Home / ਭਾਰਤ / ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਕੀਤਾ ਯਾਦ

ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਕੀਤਾ ਯਾਦ

ਗੁਰੂ ਨਾਨਕ ਦੇਵ ਜੀ ਨੇ ਸਮਾਜ ‘ਚ ਫੈਲੇ ਭੇਦਭਾਵ ਨੂੰ ਖਤਮ ਕਰਨ ਦੀ ਸਿੱਖਿਆ ਦਿੱਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ‘ਤੇ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਫੈਲੇ ਭੇਦਭਾਵ ਨੂੰ ਖ਼ਤਮ ਕਰਨ ਅਤੇ ਸਾਰੀ ਮਨੁੱਖ ਜਾਤੀ ਨੂੰ ਇਕ ਮੰਨਦੇ ਹੋਏ ਉਨ੍ਹਾਂ ਨੂੰ ਗਲੇ ਲਗਾਉਣ ਦੀ ਸਿੱਖਿਆ ਦਿੱਤੀ। ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਹੀ ਭਗਵਾਨ ਦੀ ਸੇਵਾ ਹੈ। ਉਹ ਜਿੱਥੇ ਵੀ ਗਏ ਉਨ੍ਹਾਂ ਨੇ ਸਮਾਜ ਦੀ ਭਲਾਈ ਲਈ ਕਈ ਕੰਮਾਂ ਦੀ ਪਹਿਲ ਕੀਤੀ। ਗੁਰੂ ਨਾਨਕ ਦੇਵ ਜੀ ਨੇ ਸਮਾਜਿਕ, ਜਾਤ ਤੇ ਧਰਮ ਦੇ ਆਧਾਰ ‘ਤੇ ਹੁੰਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਲੰਗਰ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਇਸ ਮਹਾਨ ਪੁਰਬ ਨਾਲ ਉਤਸ਼ਾਹ ਨਾਲ ਜੁੜੀਏ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੇ ਸਮਾਜ ਵਿਚ ਅਤੇ ਵਿਸ਼ਵ ਭਰ ‘ਚ ਇਸ ਪੁਰਬ ਨੂੰ ਕਿਸ ਤਰ੍ਹਾਂ ਮਨਾਇਆ ਜਾਵੇ, ਨਵੇਂ-ਨਵੇਂ ਵਿਚਾਰ ਕੀ ਹੋਣ, ਨਵੇਂ ਸੁਝਾਅ ਕੀ ਹੋਣ, ਨਵੀਆਂ ਕਲਪਨਾਵਾਂ ਕੀ ਹੋਣ, ਇਸ ਸਬੰਧੀ ਅਸੀਂ ਸਾਰੇ ਸੋਚੀਏ, ਤਿਆਰੀਆਂ ਕਰੀਏ ਅਤੇ ਪੂਰੇ ਉਤਸ਼ਾਹ ਨਾਲ ਪ੍ਰਕਾਸ਼ ਪੁਰਬ ਮਨਾਈਏ ਅਤੇ ਇਸ ਪ੍ਰਕਾਸ਼ ਪੁਰਬ ਨੂੰ ਪ੍ਰੇਰਨਾ ਪੁਰਬ ਵੀ ਬਣਾਈਏ।
ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਤ ਕਬੀਰ ਦਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਵਾਂ ਨੇ ਜਾਤੀਵਾਦ ਦੇ ਖ਼ਿਲਾਫ਼ ਲੜਾਈ ਲੜੀ ਅਤੇ ਸਮਾਜਿਕ ਭਾਈਚਾਰੇ ਲਈ ਕੰਮ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਬਹੁਤ ਲੰਮਾ ਅਤੇ ਵਿਸ਼ਾਲ ਹੈ।
ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਜਲ੍ਹਿਆਂ ਵਾਲੇ ਬਾਗ ਦੀ ਉਸ ਭਿਆਨਕ ਘਟਨਾ ਦੇ ਵੀ 100 ਸਾਲ ਪੂਰੇ ਹੋ ਰਹੇ ਹਨ, ਜਿਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। 13, ਅਪ੍ਰੈਲ 1919 ਦਾ ਕਾਲਾ ਦਿਨ ਕੌਣ ਭੁੱਲ ਸਕਦਾ ਹੈ, ਜਦੋਂ ਸੱਤਾ ਦੀ ਗ਼ਲਤ ਵਰਤੋਂ ਕਰਕੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਇਸ ਨੂੰ ਅਸੀਂ ਕਿਸ ਤਰ੍ਹਾਂ ਯਾਦ ਕਰੀਏ, ਅਸੀਂ ਸਾਰੇ ਇਸ ਸਬੰਧੀ ਸੋਚ ਸਕਦੇ ਹਾਂ ਪਰ ਇਸ ਘਟਨਾ ਨੇ ਜੋ ਅਮਰ ਸੰਦੇਸ਼ ਦਿੱਤਾ, ਉਸ ਨੂੰ ਹਮੇਸ਼ਾ ਯਾਦ ਰੱਖੋ। ਹਿੰਸਾ ਅਤੇ ਅੱਤਿਆਚਾਰ ਨਾਲ ਕਦੇ ਕਿਸੇ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਜਿੱਤ ਹਮੇਸ਼ਾ ਸ਼ਾਂਤੀ ਅਤੇ ਅਹਿੰਸਾ ਦੀ ਹੁੰਦੀ ਹੈ, ਤਿਆਗ ਅਤੇ ਬਲੀਦਾਨ ਦੀ ਹੁੰਦੀ ਹੈ। ਉਨ੍ਹਾਂ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਦੇ ਰਹੇ। ਪ੍ਰਧਾਨ ਮੰਤਰੀ ਨੇ ਜੀ. ਐਸ.ਟੀ. ਨੂੰ ਇਮਾਨਦਾਰੀ ਦੀ ਜਿੱਤ ਅਤੇ ਸਹਿਕਾਰੀ ਸੰਘਵਾਦ ਦੀ ਵਧੀਆ ਉਦਾਹਰਨ ਦੱਸਿਆ ਅਤੇ ਕਿਹਾ ਕਿ ਇਸ ਨਵੀਂ ਕਰ ਵਿਵਸਥਾ ਦਾ ਇਕ ਸਾਲ ਦੇ ਅੰਦਰ ਹੀ ਸਥਿਰਤਾ ਪ੍ਰਾਪਤ ਕਰਨਾ ਦੇਸ਼ ਲਈ ਬਹੁਤ ਵੱਡੀ ਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਕਰ ਸੁਧਾਰ ਦਾ ਸਿਹਰਾ ਸੂਬਿਆਂ ਨੂੰ ਜਾਂਦਾ ਹੈ। ਸਾਰੇ ਸੂਬਿਆਂ ਨੇ ਮਿਲ ਕੇ ਦੇਸ਼ ਦੇ ਹਿੱਤ ਵਿਚ ਫ਼ੈਸਲਾ ਲਿਆ ਅਤੇ ਤਾਂ ਹੀ ਦੇਸ਼ ਵਿਚ ਐਨਾ ਵੱਡਾ ਕਰ ਸੁਧਾਰ ਲਾਗੂ ਹੋ ਸਕਿਆ। ਇਸ ਮੌਕੇ ਉਨ੍ਹਾਂ ਚੌਥੇ ਕੌਮਾਂਤਰੀ ਯੋਗ ਦਿਵਸ ਅਤੇ ਡਾਕਟਰ ਦਿਵਸ ਦੇ ਇਲਾਵਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਯੋਗ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਫ਼ੌਜ ਦੇ ਜਵਾਨਾਂ ਨੇ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਹਵਾ ਵਿਚ ਯੋਗਾ ਆਸਣ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਯੋਗ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਅਫ਼ਗਾਨਿਸਤਾਨ ਅਤੇ ਭਾਰਤ ਵਿਚ ਖੇਡੇ ਕ੍ਰਿਕਟ ਟੈਸਟ ਮੈਚ ਸਬੰਧੀ ਵੀ ਚਰਚਾ ਕਰਦਿਆਂ ਗੇਂਦਬਾਜ਼ ਰਾਸ਼ਿਦ ਖ਼ਾਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …