2.2 C
Toronto
Friday, November 14, 2025
spot_img
Homeਕੈਨੇਡਾਕਰਾਊਨ ਇੰਮੀਗ੍ਰੇਸ਼ਨ ਦਫਤਰ 'ਚ ਹੋਈ 'ਮਿੱਤਰ ਮਿਲਣੀ'

ਕਰਾਊਨ ਇੰਮੀਗ੍ਰੇਸ਼ਨ ਦਫਤਰ ‘ਚ ਹੋਈ ‘ਮਿੱਤਰ ਮਿਲਣੀ’

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਕਰਾਊਨ ਇੰਮੀਗਰੇਸ਼ਨ ਦੇ ਦਫ਼ਤਰ ਵਿਚ ਰਾਜਪਾਲ ਸਿੰਘ ਹੋਠੀ ਦੇ ਮਿੱਤਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ਡਾ. ਚਰਨਜੀਤ ਸਿੰਘ ਪੱਡਾ ਤਸ਼ਰੀਫ਼ ਲਿਆਏ। ਹੋਠੀ ਸਾਹਿਬ ਨੇ ਉਨ੍ਹਾਂ ਦੇ ਪਹਿਲੀ ਵਾਰ ਕੈਨੇਡਾ ਆਉਣ ਦੀ ਸੂਚਨਾ ਬਾਰੇ ਫ਼ੋਨ ਆਪਣੇ ਤਿੰਨ-ਚਾਰ ਹੋਰ ਮਿੱਤਰਾਂ ਨੂੰ ਖੜਕਾ ਦਿੱਤੇ ਅਤੇ ਕਿਹਾ ਕਿ ਬਾਅਦ ਦੁਪਹਿਰ ਇਕ ਵਜੇ ਮਿਲ ਕੇ ਸਾਰੇ ਉੱਥੇ ਇਕੱਠੇ ਲੰਚ ਕਰਾਂਗੇ। ਰਾਜਪਾਲ ਹੋਠੀ ਵੱਲੋਂ ਆਪਣੇ ਤੇ ਪ੍ਰੋ. ਜਗੀਰ ਸਿੰਘ ਕਾਹਲੋਂ ਦੇ ਸਾਂਝੇ ਦੋਸਤ ਡਾ. ਪੱਡਾ ਜੋ ਕਾਹਲੋਂ ਸਾਹਿਬ ਦੇ 1978-79 ਵਿਚ ਸਰਕਾਰੀ ਕਾਲਜ ਸਠਿਆਲਾ ਵਿਚ ਵਿਦਿਆਰਥੀ ਰਹੇ ਸਨ, ਦੇ ਨਾਂ ਦੀ ਸੂਚਨਾ ਬਿਲਕੁਲ ਗੁਪਤ ਰੱਖੀ ਗਈ ਅਤੇ ਇਹ ਉਨ੍ਹਾਂ ਦੇ ਉੱਥੇ ਪਹੁੰਚਣ ‘ਤੇ ਹੀ ‘ਬਿੱਗ ਸਰਪ੍ਰਾਈਜ਼’ ਵਜੋਂ ਦਿੱਤੀ ਗਈ। ਇਸ ਤੋਂ ਪਹਿਲਾਂ ਰਾਜਪਾਲ ਹੋਠੀ ਦੇ ਹੋਰ ਦੋਸਤ ਗੁਰਨਾਮ ਸਿੰਘ ਕੁੰਢਾਲ, ਡਾ. ਸੁਖਦੇਵ ਸਿੰਘ ਝੰਡ ਅਤੇ ਮਲੂਕ ਸਿੰਘ ਕਾਹਲੋਂ ਵੀ ਉੱਥੇ ਪਹੁੰਚ ਚੁੱਕੇ ਸਨ। ਕਈ ਸਾਲਾਂ ਦੇ ਵਕਫ਼ੇ ਤੋਂ ਬਾਅਦ ਇਕ ਦੂਸਰੇ ਨੂੰ ਵੇਖ ਕੇ ਅਤੇ ਮਿਲ ਕੇ ਪ੍ਰੋ.ਜਗੀਰ ਸਿੰਘ ਕਾਹਲੋਂ ਅਤੇ ਡਾ.ਪੱਡਾ ਦੋਹਾਂ ਨੂੰ ਹੀ ਬੜੀ ਹੈਰਾਨੀ ਭਰੀ ਖ਼ੁਸ਼ੀ ਹੋਈ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜਪਾਲ ਹੋਠੀ 1990-91 ਦੌਰਾਨ ਦੁਆਬਾ ਕਾਲਜ ਜਲੰਧਰ ਵਿਖੇ ਡਾ.ਪੱਡਾ ਦੇ ਵਿਦਿਆਰਥੀ ਰਹੇ ਹਨ ਅਤੇ ਇਸ ਦੇ ਬਾਰੇ ਗੱਲ ਕਰਦਿਆਂ ਹੋਇਆਂ ਹੋਠੀ ਸਾਹਿਬ ਕਹਿਣ ਲੱਗੇ, ”ਇਸ ਹਿਸਾਬ ਨਾਲ ਤਾਂ ਮੈਂ ਪ੍ਰੋ. ਕਾਹਲੋਂ ਦਾ ‘ਪੋਤ-ਵਿਦਿਆਰਥੀ’ ਹੋਇਆ।” ਇਹ ਸ਼ਬਦ ‘ਪੋਤ-ਵਿਦਿਆਰਥੀ’ ਵਾਹਵਾ ਈ ਹਾਸੇ ਦਾ ਸਬੱਬ ਬਣਿਆ।

RELATED ARTICLES
POPULAR POSTS