1.4 C
Toronto
Friday, February 20, 2026
spot_img
Homeਕੈਨੇਡਾਪੀ.ਸੀ.ਐੱਚ.ਐੱਸ. ਕਮਿਊਨਿਟੀ ਸਰਵਿਸਿਜ਼ ਦੇ ਸ਼ੁੱਕਰਵਾਰ ਗਰੁੱਪ ਨੇ ਮਨਾਇਆ 'ਵੈਲਨਟਾਈਨ-ਡੇਅ'

ਪੀ.ਸੀ.ਐੱਚ.ਐੱਸ. ਕਮਿਊਨਿਟੀ ਸਰਵਿਸਿਜ਼ ਦੇ ਸ਼ੁੱਕਰਵਾਰ ਗਰੁੱਪ ਨੇ ਮਨਾਇਆ ‘ਵੈਲਨਟਾਈਨ-ਡੇਅ’

ਬਰੈਂਪਟਨ/ਡਾ. ਝੰਡ : ਸੰਤ ਵੈਲਨਟਾਈਨ ਦੇ ਨਾਂ ‘ਤੇ ਹਰ ਸਾਲ 14 ਫ਼ਰਵਰੀ ਨੂੰ ਮਨਾਏ ਜਾਂਦੇ ‘ਵੈਲਨਟਾਈਨ ਡੇਅ’ ਨੂੰ ‘ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼’ ਦੇ ਸ਼ੁੱਕਰਵਾਰ ਵਾਲੇ ਗਰੁੱਪ ਨੇ ਲੰਘੇ ਸ਼ੁੱਕਰਵਾਰ 13 ਫ਼ਰਵਰੀ ਨੂੰ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਦੌਰਾਨ ਇਕ ਦਿਨ ਪਹਿਲਾਂ ਹੀ ਮਨਾ ਲਿਆ। ਇਸ ਦਿਨ ਨੂੰ ਮਨਾਉਣ ਲਈ ਇਸ ਗਰੁੱਪ ਦੇ ਮੈਂਬਰਾਂ ਤੇ ਸੰਚਾਲਕਾਂ ਦੀ ਪਹਿਲਾਂ ਹੀ ਤਿਆਰੀ ਸੀ ਅਤੇ ਪ੍ਰੋਗਰਾਮ ਦੇ ਸੰਚਾਲਕਾਂ ਨੇ ਮੀਟਿੰਗ-ਹਾਲ ਨੂੰ ਫੁੱਲਾਂ, ਬਿਜਲਈ ਲਾਈਟਾਂ ਅਤੇ ਤਸਵੀਰਾਂ ਨਾਲ ਸਜਾਇਆ ਹੋਇਆ ਸੀ।
ਪ੍ਰੋਗਰਾਮ ਦੀ ਕੋਆਰਡੀਨੇਟਰ ਮੈਡਮ ਸ਼ੀਤਲ ਵੱਲੋਂ ‘ਵੈਲਨਟਾਈਨ ਡੇਅ’ ਨਾਲ ਜੁੜੀ ਗਰੁੱਪ ਦੇ ਮੈਂਬਰਾਂ ਦੀ ਇਸ ਵਿਸ਼ੇਸ਼ ਇਕੱਤਰਤਾ ਦੇ ਸਬੰਧ ਵਿੱਚ ਆਰੰਭਕ ਸ਼ਬਦ ਕਹਿਣ ਤੋਂ ਬਾਅਦ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ‘ਵੈਲਨਟਾਈਨ-ਦਿਨ’ ਦੀ ਸ਼ੁਰੂਆਤ ਅਤੇ ਇਸ ਮਹੱਤਤਾ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ‘ਰੋਮ ਐਂਪਾਇਰ’ ਵਿੱਚ ਇਹ ਦਿਨ 14 ਫ਼ਰਵਰੀ ਨੂੰ ਸੰਤ ਵੈਲਨਟਾਈਨ ਵੱਲੋਂ ਵਿਆਹ ਦੀ ਸਮਾਜਿਕ ਤੇ ਧਾਰਮਿਕ ਪਰੰਪਰਾ ਉੱਪਰ ਜ਼ੋਰ ਦੇਣ ਲਈ ਮਨਾਉਣਾ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਲਈ ਉਨ੍ਹਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ।
ਦਰਅਸਲ, ਉਦੋਂ ਲੜਾਈ ਸਮੇਂ ਬਾਲ-ਬੱਚਿਆਂ ਦੀ ਚਿੰਤਾ ਹੋਣ ਕਾਰਨ ਫ਼ੌਜੀਆਂ ਨੂੰ ਵਿਆਹ ਕਰਵਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਨਤੀਜੇ ਵਜੋਂ, ਹੌਲ਼ੀ-ਹੌਲ਼ੀ ਵਿਆਹ ਨਾ ਕਰਾਉਣ ਦਾ ਰਿਵਾਜ ਹੀ ਚੱਲ ਪਿਆ ਸੀ ਜਿਸਦੀ ਸੰਤ ਵੈਲਨਟਾਈਨ ਵੱਲੋਂ ਵਿਰੋਧਤਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਆਪਣੇ ਹੱਥੀ ਇੱਕ ਫ਼ੌਜੀ ਦਾ ਵਿਆਹ ਕੀਤਾ ਗਿਆ। ਸਮੇਂ ਦੀ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਉਸਦੇ ਵੱਲੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਫਿਰ ਸਮਾਂ ਪਾ ਕੇ ਇਹ ਦਿਨ ਸੱਭਿਆਰਕ ਜਸ਼ਨਾਂ ਦਾ ਰੂਪ ਧਾਰ ਗਿਆ ਅਤੇ ਹੁਣ ਇਹ ਦਿਨ ਪੂਰਨ ਤੌਰ ‘ਤੇ ਵਿਹਾਰਕ ਤੇ ਵਪਾਰਿਕ ਬਣ ਗਿਆ ਹੈ।
ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵੈਲਨਟਾਈਨ-ਡੇਅ ਪੱਛਮੀ ਸੱਭਿਅਤਾ ਦੀ ਉਪਜ ਹੈ। ਬੇਸ਼ਕ, ਇਸ ਦੀ ਸ਼ੁਰੂਆਤ ਇੱਕ ਚੰਗੇ ਸਮਾਜਿਕ ਕਾਰਜ ਲਈ ਸੀ, ਪਰ ਹੁਣ ਇਸ ਦਿਨ ਉਹ ਮਹੱਤਤਾ ਨਹੀਂ ਹੈ, ਸਗੋਂ ਇਹ ਦਿਨ ਅੱਜਕੱਲ੍ਹ ਨੌਜੁਆਨ ਲੜਕੇ-ਲੜਕੀਆਂ ਦੇ ਲਈ ‘ਮੌਜ-ਮਸਤੀਆਂ’ ਵਾਲਾ ਦਿਨ ਬਣ ਕੇ ਰਹਿ ਗਿਆ ਹੈ ਅਤੇ ਉਹ ਇਸ ਦਿਨ ਇੱਕ ਦੂਸਰੇ ਨੂੰ ਗੁਲਾਬ ਦੇ ਫੁੱਲਾਂ ਵਾਲੀਆਂ ਟਾਹਣੀਆਂ ਭੇਟ ਕਰਕੇ ਕਈ ‘ਸਮਾਜਿਕ ਖੁੱਲ੍ਹਾਂ’ ਲੈਣ ਦੀ ਕੋਸ਼ਿਸ਼ ਕਰਦੇ ਹਨ। ਪੱਛਮ ਦੀ ਨਕਲ ਕਰਦਿਆਂ ਹੋਇਆਂ ਹੁਣ ਪੂਰਬ ਵੀ ਏਸੇ ਵਹਿਣ ਵਿੱਚ ਵਹਿ ਤੁਰਿਆ ਹੈ ਅਤੇ ਉੱਥੇ ਵੀ ਹੁਣ ‘ਵੈਲਨਟਾਈਨ ਡੇਅ’, ‘ਫ਼ਾਦਰਜ਼-ਡੇਅ’, ‘ਮਦਰਜ਼ ਡੇਅ’, ‘ਫੈਮਿਲੀ-ਡੇਅ’, ਆਦਿ ਪੱਛਮੀ ਦੇਸ਼ਾਂ ਵਾਂਗ ਹੀ ਮਨਾਏ ਜਾਣ ਲੱਗ ਪਏ ਹਨ।
ਇਸ ਦੌਰਾਨ ਅਸ਼ੋਕ ਕੁਮਾਰ, ਹਰੀਸ਼ ਚੌਹਾਨ, ਰਾਜਿੰਦਰ ਸਿੰਘ ਸਰੋਏ, ਗੁਰਦੇਵ ਸਿੰਘ, ਸੁਰਿੰਦਰ ਸਿੰਘ ਗਾਂਧੀ, ਮਹਿੰਦਰ ਸਿੰਘ ਕੁੰਦੀ, ਯੱਗ ਦੱਤਾ ਅਤੇ ਕਈ ਹੋਰਨਾਂ ਵੱਲੋਂ ਇਸ ਦਿਨ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਸ਼ਿਅਰੋ-ਸ਼ਾਇਰੀ ਦਾ ਦੌਰ ਵੀ ਚੱਲਿਆ ਅਤੇ ਗਰੁੱਪ ਦੀਆਂ ਔਰਤ-ਮੈਂਬਰਾਂ ਵਿੱਚੋਂ ਕਈਆਂ ਵੱਲੋਂ ਲੋਕ-ਗੀਤ ਤੇ ਹਾਸੇ-ਮਜ਼ਾਕ ਨਾਲ ਭਰਪੂਰ ਚੁਟਕਲੇ ਸੁਣਾਏ ਗਏ।
ਮਿੱਠੇ ਅਤੇ ਨਮਕੀਨ ਖਾਧ-ਪਦਾਰਥਾਂ ਦੇ ਨਾਲ ਚਾਹ-ਪਾਣੀ ਛਕਣ ਤੋਂ ਬਾਅਦ ਟੀ.ਵੀ. ਉੱਪਰ ਲਗਾਏ ਗਏ ਹਿੰਦੀ ਫ਼ਿਲਮੀ ਗੀਤਾਂ ਉੱਪਰ ਨੱਚਣ-ਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਵਿੱਚ ਸ਼ਾਮਲ ਹੋ ਕੇ ਗਰੁੱਪ ਦੇ ਮੈਂਬਰਾਂ ਨੇ ਇਸ ਸ਼ੁਭ-ਮੌਕੇ ਨੂੰ ਬਹੁਤ ਵਧੀਆ ਤਰ੍ਹਾਂ ਮਾਣਿਆਂ।

RELATED ARTICLES
POPULAR POSTS