ਬਰੈਂਪਟਨ/ਡਾ.ਝੰਡ
ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਲੰਘੇ ਐਤਵਾਰ 24 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ। ਸਵੇਰ ਤੋਂ ਹੀ ਲਗਾਤਾਰ ਚੱਲ ਰਹੀ ਲਗਾਤਾਰ ਬਾਰਸ਼ ਦੇ ਬਾਵਜੂਦ ਲੱਗਭੱਗ ਤਿੰਨ ਦਰਜਨ ਮੋਟਰਸਾਈਕਲ ਸਵਾਰਾਂ ਨਾਲ ਇਹ ਰਾਈਡ 11.00 ਵਜੇ ਸ਼ੁਰੂ ਹੋਈ ਜਿਸ ਨੂੰ ਮਨਦੀਪ ਸਿੰਘ ਦੇ ਪਿਤਾ ਜੀ ਸ. ਭੁਪਿੰਦਰ ਸਿੰਘ ਚੀਮਾ ਨੇ ਪਰਿਵਾਰ ਦੇ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਮਨਦੀਪ ਚੀਮਾ ਦੇ ਸ਼ੁਭ-ਚਿੰਤਕਾਂ ਸਮੇਤ ਨਵੇਂ ਚੁਣੇ ਗਏ ਐੱਮ.ਪੀ.ਪੀਜ਼ ਗੁਰਰਤਨ ਸਿੰਘ ਤੇ ਦੀਪਕ ਅਨੰਦ ਨਾਲ ਹਰੀਆਂ ਝੰਡੀਆਂ ਵਿਖਾਈਆਂ।
ਇਸ ਤੋਂ ਪਹਿਲਾਂ ਸਵੇਰੇ 10 ਵਜੇ ਇਸ ਬਰੈਂਪਟਨ ਸੌਕਰ ਸੈਂਟਰ ਦੇ ਅਡੱਲਟ ਸੌਕਰ ਹਾਲ ‘ਸੀ’ ਵਿਚ ਹੋਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਐੱਮ.ਪੀ.ਪੀਜ਼.ਗੁਰਰਤਨ ਸਿੰਘ ਤੇ ਦੀਪਕ ਅਨੰਦ, ਸਿਟੀ ਕਾਊਸਲਰ ਗੁਰਪ੍ਰੀਤ ਸਿੰਘ ਢਿੱਲੋਂ, ਓਨਟਾਰੀਓ ਪੀ.ਸੀ. ਪਾਰਟੀ ਦੇ ਲੀਡਰ ਜੈਗ ਬਡਵਾਲ, ਓਨਟਾਰੀਓ ਪ੍ਰੋਵਿੰਸ਼ੀਅਲ ਪੋਲੀਸ ਦੇ ਸੀਨੀਅਰ ਅਫ਼ਸਰ ਦਵਿੰਦਰ ਸਿੰਘ ਉਰਫ਼ ਮਿੰਟੂ ਸੰਧੂ, ਸਿੱਖ ਮੋਟਰਸਾਈਕਲ ਕਲੱਬ ਆਫ਼ ਓਨਟਾਰੀਓ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ, ‘ਅਨਸਟੌਪੇਬਲਜ਼’ ਸੰਸਥਾ ਦੀ ਸਰਗ਼ਰਮ ਕਾਰਕੁੰਨ ਟਰੈਸੀ ਜੋ ਦੋਹਾਂ ਲੱਤਾਂ ਅਤੇ ਹੱਥਾਂ ਤੋਂ ਆਰੀ ਹੈ ਅਤੇ ਫਿਰ ਵੀ ਜੀਵਨ ਵਿਚ ਪੂਰੀ ਐਕਟਿਵ ਹੈ, ‘ਪੀਲ ਚਿਲਡਰਨ ਏਡ’ ਸੰਸਥਾ ਤੋਂ ਰੈਨੀ ਅਤੇ ਦਵਿੰਦਰ ਬਰਾੜ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹੋਇਆਂ ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ਇਹ ‘ਰਾਈਡ ਫ਼ਾਰ ਰਾਜਾ’ ਮਨਦੀਪ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕਰਵਾਉਣ ਦੇ ਉਪਰਾਲੇ ਦੀ ਭਾਰੀ ਸ਼ਲਾਘਾ ਕੀਤੀ ਅਤੇ ਇਸ ਦੀ ਕਾਮਯਾਬੀ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।
ਇਸ ਈਵੈਂਟ ਦੌਰਾਨ ਬੱਚਿਆਂ ਲਈ ‘ਕਾਰਨੀਵਲ-ਥੀਮਡ ਕਿੱਡਜ਼ ਏਰੀਆ’ ਬਣਾਇਆ ਗਿਆ ਜਿਸ ਵਿਚ ਬਾਊਂਸੀ ਕੈੱਸਲ, ਬੈਲੂਨ-ਕਲਾਊਨ, ਹੈਨਾ, ਫੇਸ-ਪੇਂਟਿੰਗ ਅਤੇ ਕਈ ਫ਼ੰਨ-ਗੇਮਾਂ ਹੋਈਆਂ। ਇਸ ਤੋਂ ਇਲਾਵਾ ਕਈ ਵੈਂਡਰਾਂ ਨੇ ਆਪਣੀਆਂ ਦਿਲਚਸਪ ਆਈਟਮਾਂ ਦੇ ਸਟਾਲ ਲਗਾਏ ਜਿੱਥੋਂ ਸਮਾਗ਼ਮ ਵਿਚ ਸ਼ਾਮਲ ਲੋਕਾਂ ਵੱਲੋਂ ਇਨ੍ਹਾਂ ਵਸਤਾਂ ਦੀ ਖ਼ਰੀਦਦਾਰੀ ਵੀ ਕੀਤੀ ਗਈ। ਇਸ ਈਵੈਂਟ ਦੇ ਮੁੱਖ ਆਰਗੇਨਾਈਜ਼ਰ ਨਵਦੀਪ ਗਿੱਲ ਨੇ ਦੱਸਿਆ ਕਿ 2013 ਵਿਚ ਸ਼ੁਰੂ ਹੋਏ ਇਸ ਈਵੈਂਟ ਲਈ 2017 ਤੱਕ 96,000 ਡਾਲਰ ਇਕੱਤਰ ਹੋ ਚੁੱਕੇ ਹਨ ਅਤੇ ਇਹ ਦਾਨ ਵਜੋਂ ਇਕੱਤਰ ਹੋਈ ਰਕਮ ਲੋੜਵੰਦ ਫੌਸਟਰ-ਕੇਅਰ ਵਾਲੇ ਨੌਜੁਆਨਾਂ ਦੀ ਉਚੇਰੀ ਸਿੱਖਿਆ ਅਤੇ ਸਿੱਕ ਕਿੱਡਜ਼ ਹਸਪਤਾਲ ਲਈ ਸਹਾਇਤਾ ਵਜੋਂ ਜਾਂਦੀ ਹੈ। ਬਹੁਤ ਸਾਰੇ ਯੋਗ ਵਿਦਿਆਰਥੀ ਇਸ ਦਾ ਲਾਭ ਉਠਾ ਰਹੇ ਹਨ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …