Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਲੋਕ-ਅਰਪਿਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਲੋਕ-ਅਰਪਿਤ

ਕੁਲਜੀਤ ਮਾਨ ਨੇ ਪੜ੍ਹਿਆ ਪਰਚਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 23 ਜੁਲਾਈ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿਚ  ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਮਾਸਿਕ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਲੋਕ-ਅਰਪਿਤ ਕੀਤੀ ਗਈ। ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਪੁਸਤਕ ਉੱਪਰ ਵਿਸਤ੍ਰਿਤ ਪਰਚਾ ਪੜ੍ਹਿਆ ਗਿਆ ਅਤੇ ਇਸ ਉੱਪਰ ਹੋਈ ਵਿਚਾਰ-ਚਰਚਾ ਵਿੱਚ ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਰਾਮ ਸਿੰਘ, ਸੁਰਜੀਤ ਕੌਰ ਤੇ ਸੁਰਿੰਦਰਜੀਤ ਕੌਰ ਨੇ ਭਾਗ ਲਿਆ। ਇਸ ਤੋਂ ਪਹਿਲਾਂ ਸਭਾ ਦੇ ਸੀਨੀਅਰ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਬਲਰਾਜ ਚੀਮਾ ਨੇ ਡਾ. ਅਮਰਜੀਤ ਸਿੰਘ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਡਾ.ਅਮਰਜੀਤ ਸਿੰਘ, ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ ਦਲਜੀਤ ਕੌਰ, ਇੰਗਲੈਂਡ ਤੋਂ ਆਏ ਪ੍ਰਸਿੱਧ ਸਾਹਿਤਕਾਰ ਤੇ ਰੇਡੀਓ ਪੱਤਰਕਾਰ ਸਾਥੀ ਲੁਧਿਆਣਵੀ ਅਤੇ ਕੁਲਜੀਤ ਮਾਨ ਸ਼ਾਮਲ ਸਨ। ਕੁਲਜੀਤ ਮਾਨ ਨੇ ਆਪਣੇ ਪਰਚੇ ਵਿਚ ਪੰਜਾਬੀ ਕਹਾਣੀ ਵਿਚ ਯਥਾਰਥਵਾਦ ਤੇ ਕਲਪਨਾ ਦੇ ਸੁਮੇਲ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਵਿਚਲੀਆਂ ਕਹਾਣੀਆਂ ਵਿਚ ਕਲਪਨਾ ਹੈ ਪਰ ਇਹ ਦਿਸਦੀ ਨਹੀਂ ਕਿਉਂਕਿ ਇਹ ਯਥਾਰਥ ਨਾਲ ਪੂਰੀ ਤਰ੍ਹਾਂ ਇਕਮਿਕ ਹੋਈ ਪਈ ਹੈ ਅਤੇ ਏਹੀ ਇਸ ਦੀ ਖ਼ੂਬਸੂਰਤੀ ਹੈ। ਆਪਣੀ ਇਸ ਧਾਰਨਾ ਨੂੰ ਸਾਬਤ ਕਰਨ ਲਈ ਉਨ੍ਹਾਂ ਪੁਸਤਕ ਵਿਚਲੀਆਂ ਕਹਾਣੀਆਂ ‘ਮਕਬਰਾ ਬੋਲ ਪਿਆ’,’ਸਕੂਲ ਦੀ ਹੱਦ’ ਤੇ ‘ਹਨੇਰਾ ਸਵੇਰਾ’ ਵਿੱਚੋਂ ਕੁਝ ਖ਼ੂਬਸੂਰਤ ਹਵਾਲੇ ਦਿੱਤੇ। ਡਾ. ਸੁਖਦੇਵ ਸਿੰਘ ਝੰਡ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਡਾ. ਅਮਰਜੀਤ ਸਿੰਘ ਦੀ ਚੌਥੀ ਪੁਸਤਕ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ‘ਚਿੱਪ ਦੇ ਅੰਦਰ’ ਤੇ ‘ਜ਼ਿੰਦਗੀ ਹੁਸੀਨ ਹੈ’ ਅਤੇ ਨਾਵਲ ‘ਵਹਿੰਦੇ ਪਾਣੀ’ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ‘ਹਨੇਰਾ ਸਵੇਰਾ’  ਤਿੰਨ ਭਾਗਾਂ ਵਿਚ ਵੰਡੀ ਹੋਈ ਹੈ; ਪਹਿਲੇ ਭਾਗ ਵਿਚ ਆਤਮ-ਕਥਾ ਰੂਪੀ ਪੰਜ ਕਹਾਣੀਆਂ ਹਨ, ਦੂਸਰੇ ਭਾਗ ਵਿਚਲੀਆਂ ਪੰਜ ਕਹਾਣੀਆਂ ਦੀ ਪਹੁੰਚ ਯਥਾਰਥਵਾਦੀ ਹੈ ਅਤੇ ਤੀਸਰੇ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਤਿੰਨ ਲੇਖ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਲੇਖਕ ਨੂੰ ਭਵਿੱਖ ਵਿਚ ਇਹ ਤਿੰਨੇ ਸਾਹਿਤਕ ਰੂਪ ਵੱਖ-ਵੱਖ ਪੁਸਤਕਾਂ ਵਜੋਂ ਛਪਵਾਉਣ ਦਾ ਮਸ਼ਵਰਾ ਵੀ ਦਿੱਤਾ।
ਪ੍ਰੋ. ਰਾਮ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੇਖਕ ਪਾਠਕ ਨੂੰ ਉਂਗਲ ਲਾ ਕੇ ਆਪਣੇ ਨਾਲ ਚੱਲਣ ਲਈ ਪ੍ਰੇਰਦਾ ਹੈ ਅਤੇ ਪਾਠਕ ਉਸ ਦੀ ਪੈੜ ਨੱਪਦਾ ਹੋਇਆ ਉਸ ਦੇ ਪਿੱਛੇ ਚੱਲਦਾ ਹੈ। ਹੌਲੀ-ਹੌਲੀ ਇਹ ਪੈੜਾਂ ਅਲੋਪ ਹੁੰਦੀਆਂ ਜਾਂਦੀਆਂ ਹਨ ਅਤੇ ਫਿਰ ਪਾਠਕ ਓਸੇ ਸੇਧ ਵਿਚ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਅਨੁਸਾਰ ਵਿਗਿਆਨ ਦੇ ਪਿਛੋਕੜ ਵਿਚ ਡਾ. ਅਮਰਜੀਤ ਸਿੰਘ ਦੀਆਂ ਇਹ ਕਹਾਣੀਆਂ ਪਾਠਕ ਦੀ ਯੋਗ ਅਗਵਾਈ ਕਰਦੀਆਂ ਹਨ। ਏਸੇ ਤਰ੍ਹਾਂ ਸੁਰਜੀਤ ਕੌਰ ਤੇ ਸੁਰਿੰਦਰਜੀਤ ਕੌਰ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਦੀ ਆਮਦ ‘ਤੇ ਲੇਖਕ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਉਪਰੰਤ, ਮੰਚ ‘ਤੇ ਸੁਸ਼ੋਭਿਤ ਸ਼ਖਸੀਅਤਾਂ ਅਤੇ ਸਭਾ ਦੇ ਮੈਂਬਰਾਂ ਵੱਲੋਂ ਮਿਲ ਕੇ ਪੁਸਤਕ ‘ਹਨੇਰਾ ਸਵੇਰਾ’ ਲੋਕ ਅਰਪਿਤ ਕੀਤੀ ਗਈ। ਸਮਾਗ਼ਮ ਦੇ ਇਸ ਭਾਗ ਦੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਨਿਭਾਈ ਗਈ।
ਦੂਸਰੇ ਸੈਸ਼ਨ ਵਿਚ ਹੋਏ ਕਵੀ-ਦਰਬਾਰ ਦੀ ਸ਼ੁਰੂਆਤ ਮੰਚ-ਸੰਚਾਲਕ ਪਰਮਜੀਤ ਢਿੱਲੋਂ ਨੇ ਇਕਬਾਲ ਬਰਾੜ ਵੱਲੋਂ ਸਾਥੀ ਲੁਧਿਆਣਵੀ ਦੀ ਗ਼ਜ਼ਲ ‘ਸਾਨੂੰ ਤੋਲ ਨਾ ਤੂੰ ਐਵੇਂ ਚੰਨ ਤਾਰਿਆਂ ਦੇ ਨਾਲ’ ਨਾਲ ਕੀਤੀ। ਉਪਰੰਤ, ਹਰਜੀਤ ਬੇਦੀ, ਕਰਨ ਅਜਾਇਬ ਸਿੰਘ ਸੰਘਾ, ਪ੍ਰਿੰ. ਸੰਜੀਵ ਧਵਨ, ਦਲਜੀਤ ਕੌਰ ਬਨਵੈਤ, ਸੁਰਜੀਤ ਕੌਰ, ਸੁਰਿੰਦਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਜਗਮੋਹਨ ਸੰਘਾ, ਬਲਰਾਜ ਧਾਲੀਵਾਲ, ਸੁੰਦਰਪਾਲ ਰਾਜਾਸਾਂਸੀ, ਲਖਬੀਰ ਸਿੰਘ ਕਾਹਲੋਂ (ਤਹਿਸੀਲਦਾਰ), ਉੱਭਰਦੇ-ਕਵੀ ਜਹਾਨਜੀਤ, ਰਿੰਟੂ ਭਾਟੀਆ, ਸਰਵਣ ਸਿੰਘ, ਸੁਰਿੰਦਰ ਸ਼ਰਮਾ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਕਬਾਲ ਬਰਾੜ ਨੇ ਮਹਾਨ ਗਾਇਕ (ਸਵ.) ਮੁਹੰਮਦ ਰਫ਼ੀ ਜੀ ਦੀ 31 ਜੁਲਾਈ ਨੂੰ ਆ ਰਹੀ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਦੋ ਗੀਤ ‘ਜੀਅ ਕਰਦਾ ਏ ਇਸ ਦੁਨੀਆਂ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ’ ਅਤੇ ‘ਜਾਚ ਮੈਨੂੰ ਆ ਗਈ ਗ਼ਮ ਖਾਣ ਦੀ’ ਆਪਣੀ ਖ਼ੂਬਸੂਰਤ ਆਵਾਜ਼ ਵਿਚ ਸੁਣਾਏ।
ਪ੍ਰਧਾਨਗੀ-ਮੰਡਲ ਵਿੱਚੋਂ ਸਾਥੀ ਲੁਧਿਆਣਵੀ ਜੀ ਨੇ ਇੰਗਲੈਂਡ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਉੱਥੇ ਹੁਣ ਚੌਥੀ ਪੀੜ੍ਹੀ ਦਾ ਪੰਜਾਬੀ ਬੋਲੀ ਤੇ ਸਾਹਿਤ ਵੱਲ ਰੁਝਾਨ ਘੱਟ ਰਿਹਾ ਹੈ ਅਤੇ ਪੰਜਾਬੀ ਲੇਖਕਾਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਮੁਕਾਬਲੇ ਇੱਥੇ ਕੈਨੇਡਾ ਵਿਚ ਇਹ ਰੁਝਾਨ ਹੁਣ ਵਧੇਰੇ ਦਿਖਾਈ ਦੇ ਰਿਹਾ ਹੈ। ਉਨ੍ਹਾਂ ਇਸ ਮੌਕੇ ਆਪਣੀ ਤਿੰਨ ਗ਼ਜ਼ਲਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।  ਸਭਾ ਦੇ ਚੇਅਰਮੈਨ ਬਲਰਾਜ ਚੀਮਾ ਵੱਲੋਂ ਡਾ. ਅਮਰਜੀਤ ਸਿੰਘ ਨੂੰ ਉਨ੍ਹਾਂ ਦੀ ਪੁਸਤਕ ‘ਹਨੇਰਾ ਸਵੇਰਾ’ ਆਉਣ ‘ਤੇ ਵਧਾਈ ਦਿੰਦਿਆਂ ਹੋਇਆਂ ਉਨ੍ਹਾਂ ਦਾ, ਸਾਥੀ ਲੁਧਿਆਣਵੀ ਤੇ ਆਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਹਾਜ਼ਰੀਨ ਵਿਚ ਮਲੂਕ ਸਿੰਘ ਕਾਹਲੋਂ, ਸੁਰਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਗਰੇਵਾਲ, ਬੇਅੰਤ ਸਿੰਘ  ਬਿਰਦੀ, ਪਿਆਰਾ ਸਿੰਘ ਰੌਸ਼ਨ, ਪ੍ਰਸਿੱਧ ਕਹਾਣੀਕਾਰ ਮਿੰਨੀ ਗਰੇਵਾਲ, ਜਸਵਿੰਦਰ ਸਿੰਘ ਸਮੇਤ ਕਈ ਸਾਹਿਤ-ਪ੍ਰੇਮੀ ਸ਼ਾਮਲ ਸਨ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …