ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਦਾ ਤਿਓਹਾਰ ਬਰੈਂਪਟਨ ਸਮੇਤ ਸਾਰੇ ਕੈਨੇਡਾ ਹੀ ਨਹੀਂ, ਸਗੋਂ ਸਾਰੀ ਦੁਨੀਆਂ ਵਿੱਚ ਸਿੱਖ ਕਮਿਊਨਿਟੀ ਵੱਲੋਂ ਬੜੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਅਤੇ ਫ਼ਸਲਾਂ ਦੀ ਕਟਾਈ ਦਾ ਪ੍ਰਤੀਕ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸੇ ਦੀ ਸਿਰਜਣਾ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਿੱਖਾਂ ਦੇ ਨਾਵਾਂ ਨਾਲ ਕ੍ਰਮਵਾਰ ‘ਸਿੰਘ’ ਅਤੇ ‘ਕੌਰ’ ਦੇ ਪਿਛੇਤਰਾਂ ਨਾਲ ਨਿਵਾਜਿਆ। ਉਨ੍ਹਾਂ ਦਾ ਇਹ ਮਹਾਨ ਕਦਮ ਏਕਤਾ, ਬਰਾਬਰੀ ਅਤੇ ਸਮੂਹਿਕਤਾ ਦੇ ਮੱਦੇ ਨਜ਼ਰ ਬੜੀ ਅਹਿਮੀਅਤ ਰੱਖਦਾ ਹੈ।
ਇਸ ਮੌਕੇ ਐੱਮ.ਪੀ. ਸੋਨੀਆ ਸਿੱਧੂ ਨੇ ਹੇਠ ਲਿਖਿਆ ਸ਼ੁਭ-ਸੁਨੇਹਾ ਵਿਸਾਖੀ ਮਨਾਉਣ ਵਾਲੀਆਂ ਸਮੂਹ ਸਿੱਖ ਸੰਗਤਾਂ ਨਾਲ ਸਾਂਝਾ ਕੀਤਾ:
”ਮੈਂ ਕੈਨੇਡਾ ਅਤੇ ਦੁਨੀਆਂ-ਭਰ ਵਿੱਚ ਵਿਸਾਖੀ ਮਨਾ ਰਹੇ ਸਿੱਖਾਂ ਨੂੰ ਵਿਸਾਖੀ ਦੇ ਮੌਕੇ ਹਾਰਦਿਕ ਸ਼ੁਭ-ਇੱਛਾਵਾਂ ਪੇਸ਼ ਕਰਦੀ ਹਾਂ। ਮੈਂ ਆਸ ਕਰਦੀ ਹਾਂ ਕਿ ਸਮੁੱਚੇ ਪਰਿਵਾਰਾਂ ਦੇ ਸਮੂਹਿਕ ਮੈਂਬਰ ਅਤੇ ਦੋਸਤ-ਮਿੱਤਰ ਇਸ ਮੌਕੇ ਟੋਰਾਂਟੋ ਰਿਜਨ ਵਿੱਚ ਸਜਾਏ ਜਾ ਰਹੇ ਨਗਰ-ਕੀਰਤਨਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਵਿਸਾਖੀ ਦੇ ਦੌਰਾਨ ਲੰਗਰ ਅਤੇ ਸੇਵਾ ਦੀਆਂ ਸਾਡੀਆਂ ਬਹੁ-ਮੁੱਲੀਆਂ ਪਰੰਪਰਾਵਾਂ ਹਨ, ਖ਼ਾਸ ਕਰਕੇ ਲੋੜਵੰਦਾਂ ਦੀ ਮਦਦ ਕਰਨ ਲਈ ਸਾਡੀ ਕਮਿਊਨਿਟੀ ਹਮੇਸ਼ਾ ਤੱਤਪਰ ਰਹਿੰਦੀ ਹੈ। ਮੇਰਾ ਨਿੱਜੀ ਖ਼ਿਆਲ ਹੈ ਕਿ ਸਾਡੀ ਕਮਿਊਨਿਟੀ ਦੀ ਤਾਕਤ ਏਕਤਾ, ਬਰਾਬਰੀ ਅਤੇ ਰਹਿਮ-ਦਿਲੀ ਦੇ ਆਧਾਰਿਤ ਇਨ੍ਹਾਂ ਪਰੰਪਰਾਵਾਂ ਨੂੰ ਬਾਖ਼ੂਬੀ ਜਾਰੀ ਰੱਖਣ ਵਿੱਚ ਹੈ ਜਿਹੜੀਆਂ ਅੱਜ ਵੀ ਓਨੀਆਂ ਹੀ ਪ੍ਰਸੰਗਕ ਹਨ, ਜਿੰਨੀਆਂ ਇਹ ਪਹਿਲਾਂ ਸਨ। ਸਾਡੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਏਕਤਾ ਅਤੇ ਅਖੰਡਤਾ ਦੀ ਖ਼ੂਬਸੂਰਤ ਉਦਾਹਰਣ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡਾ ਦੀਆਂ ਕਦਰਾਂ-ਕੀਮਤਾਂ ਹਨ। ਮੈਂ ਇਸ ਨੂੰ ਇਸ ਤਰ੍ਹਾਂ ਵੀ ਵੇਖਦੀ ਹਾਂ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦ੍ਰਿੜ ਕੀਤਾ ਕਿ ਜੀਵਨ ਵਿੱਚ ਸਫ਼ਲ ਹੋਣ ਲਈ ਸਾਰਿਆਂ ਨੂੰ ਬਹਾਦਰੀ, ਕੁਰਬਾਨੀ ਅਤੇ ਬਰਾਬਰੀ ਦੇ ਮੌਕੇ ਮਿਲਣੇ ਚਾਹੀਦੇ ਹਨ। ਅਸੀਂ ਪਾਰਲੀਮੈਂਟ ਹਿੱਲ ‘ਤੇ ਦੋ ਵਾਰ ਲਗਾਤਾਰ ਵਿਸਾਖੀ ਮਨਾਈ ਹੈ ਅਤੇ ਇਸ ਵਿੱਚ ਸਾਨੂੰ ਭਾਰੀ ਸਫ਼ਲਤਾ ਪ੍ਰਾਪਤ ਹੋਈ ਹੈ। ਆਉਂਦੇ ਹਫ਼ਤਿਆਂ ਵਿੱਚ ਬਰੈਂਪਟਨ ਵਿੱਚ ਵਿਸਾਖੀ ਦੇ ਜਸ਼ਨ ਮਨਾਉਣ ਲਈ ਸੱਭਨਾਂ ਨੂੰ ਸ਼ੁੱਭ-ਇਛਾਵਾਂ ਪੇਸ਼ ਕਰਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …