Breaking News
Home / ਕੈਨੇਡਾ / ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਚਾਰ ਕਹਾਣੀਆਂ ‘ਤੇ ਵਿਚਾਰ-ਚਰਚਾ

ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਦੌਰਾਨ ਚਾਰ ਕਹਾਣੀਆਂ ‘ਤੇ ਵਿਚਾਰ-ਚਰਚਾ

ਬਰੈਂਪਟਨ : ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਇਹ ਮੀਟਿੰਗ ਉੱਘੀ ਲੇਖਕ ਜੋੜੀ ਸੁਰਜੀਤ ਕੌਰ ਅਤੇ ਪਿਆਰਾ ਸਿੰਘ ਕੁੱਦੋਵਾਲ ਦੇ ਗ੍ਰਹਿ ਵਿਖੇ ਬਹੁਤ ਹੀ ਸਦਵਾਭਵਨਾ ਵਾਲੇ ਮਹੌਲ ਵਿੱਚ ਹੋਈ।  ਸ਼ੁਰੂਆਤ ਸਮੇਂ ਕੈਨੇਡੀਅਨ ਪੰਜਾਬੀ ਕਹਾਣੀ ਦਾ ਮੁੱਖ ਧਾਰਾ ਤੇ ਪ੍ਰਭਾਵ ਜਾਂ ਵਿਦਵਾਨਾਂ ਵਲੋਂ ਲਏ ਜਾ ਰਹੇ ਨੋਟਿਸ ਤੇ ਵੀ ਵਿਚਾਰ ਚਰਚਾ ਹੋਈ। ਇਸ ਦੇ ਨਾਲ ਨਾਲ ਮੁੱਖਧਾਰਾ ਦੇ ਪਰਚਿਆਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ, ਖਾਸ ਕਰਕੇ, ਨਾਵਲ, ਕਹਾਣੀ, ਕਵਿਤਾ ਤੇ ਵਾਰਤਿਕ ਨੂੰ ਮਿਲ ਰਹੀ ਜਗਾ ਨੂੰ ਵੀ ਵਿਚਾਰਿਆ ਗਿਆ। ਮੇਜਰ ਮਾਂਗਟ ਨਾਲ ਉਨ੍ਹਾਂ ਦੀ ਭਾਰਤ ਫੇਰੀ ਸਬੰਧੀ ਗੱਲਬਾਤ ਅਤੇ ਸਾਹਿਤ ਪ੍ਰਤੀ ਪਏ ਪ੍ਰਭਾਵਾਂ ਦੀ ਗੱਲਬਾਤ ਹੋਈ। ਇਸ ਦੇ ਨਾਲ ਨਾਲ ਲੇਖਕ ਵੀ ਆਉਂਦੇ ਰਹੇ, ਜੋ ਮੇਜਬਾਨ ਪਰਿਵਾਰ ਵਲੋਂ ਤਿਆਰ ਕੀਤੇ, ਸੁਆਦਲੇ ਖਾਣਿਆਂ ਅਤੇ ਚਾਹ ਪਾਣੀ ਦਾ ਆਨੰਦ ਮਾਣਦੇ ਰਹੇ।
ਇੱਕ ਘੰਟੇ ਦੀ ਸਾਹਿਤਕ ਪਰਖ ਪੜਚੋਲ, ਨਵੀਆਂ ਕਿਤਾਬਾਂ, ਸਾਹਿਤਕ ਪਰਚਿਆਂ ਤੇ ਸਮਾਗਮਾਂ ਉੱਪਰ ਹੋਣ ਵਾਲੀ ਗੱਲਬਾਤ ਉਪਰੰਤ ਕਹਾਣੀਆਂ ਪੜ੍ਹਨ ਦਾ ਦੌਰ ਆਰੰਭ ਹੋਇਆ। ਮੇਜਰ ਮਾਂਗਟ ਨੇ ਮੀਟਿੰਗ ਦੀ ਸੰਚਾਲਨਾ ਸੰਭਾਲੀ ਤੇ ਕੁਲਜੀਤ ਮਾਨ ਨੇ ਇਨ੍ਹਾਂ ਪ੍ਰਬੰਧਾਂ ਦੇ ਨਾਲ ਨਾਲ ਕਲਮ ਤੇ ਕੈਮਰੇ ਰਾਹੀਂ ਹਰ ਇੱਕ ਪਲ ਨੂੰ ਸੰਭਾਲਣਾ ਸ਼ੁਰੂ ਕੀਤਾ। ਸਭ ਤੋਂ ਪਹਿਲੀ ਕਹਾਣੀ ਜਤਿੰਦਰ ਰੰਧਾਵਾ ਵਲੋਂ ‘ਪੂਰੋ ਮਾਸੀ’ ਪੜ੍ਹੀ ਗਈ। ਦੂਸਰੀ ਕਹਾਣੀ ਅਨੂਪ ਬਾਵਰਾ ਦੀ ਸੀ ‘ਬਾਰਡਰੋਂ ਪਾਰ’। ਇਹ ਕਹਾਣੀ ਇੱਕ ਮਾਂ ਧੀ ਦੀ ਕਹਾਣੀ ਹੈ, ਜੋ ਨਿਆਗਰਾਫਾਲਜ ਵੇਖਣ ਜਾ ਰਹੀਆਂ ਨੇ। ਤੀਸਰੀ ਕਹਾਣੀ ਪਾਕਸਤਾਨੀ ਮੂਲ ਦੀ ਲੇਖਿਕਾ ਤਲਤ ਜਾਹਰਾ ਵਲੋਂ ਪੜ੍ਹੀ ਗਈ। ਇਸ ਉਰਦੂ ਕਹਾਣੀ ਦਾ ਸਿਰਲੇਖ ਸੀ ‘ਬੇਵਫਾ’ ਕਹਾਣੀ ਵਿੱਚ ਇੱਕ ਲੜਕੀ ਦਾ ਰਿਸ਼ਤਾ ਉਸਦੇ ਕਿਸੇ ਕਜਨ ਨਾਲ ਤਹਿ ਹੋ ਜਾਂਦਾ ਹੈ,ਜੋ ਕਿ ਉਥੇ ਆਮ ਰਵਾਇਤ ਹੈ। ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਬਾਹਰੀ ਦਿਖ, ਰਿਵਾਇਤੀ ਰਿਸ਼ਤੇ, ਤੁਹਾਨੂੰ ਜੀਵਨ ਦਾ ਸਕੂਨ ਨਹੀਂ ਬਖਸ਼ਦੇ, ਜੀਵਨ ਦੇ ਆਨੰਦ ਲਈ ਖਿਆਲਾਂ ਦੇ ਹਾਣੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਕਹਾਣੀ ਦੀ ਸ਼ਬਦ ਚੋਣ ਤੇ ਬਿਆਨੀਆ ਲਹਿਜਾ ਕਮਾਲ ਦਾ ਸੀ। ਕਹਾਣੀ ਦੀ ਤਰਲਤਾ, ਕਾਵਿਕ ਸ਼ੈਲੀ ਨੂੰ ਸਾਰਿਆਂ ਵਲੋਂ ਸਲਾਹਿਆ ਗਿਆ। ਲੇਖਿਕਾ ਨੇ ਕੁੱਝ ਔਖੇ ਸ਼ਬਦਾਂ ਦੇ ਅਰਥ ਵੀ ਸਮਝਾਏ। ਇਹ ਕਹਾਣੀ ਨਿਵੇਕਲੇ ਅੰਦਾਜ ਦੀ ਖੂਬਸੂਰਤ ਕਹਾਣੀ ਸਾਬਤ ਹੋਈ।  ਮੀਟਿੰਗ ਦੀ ਅੰਤਿਮ ਕਹਾਣੀ ਜਲੰਧਰ, ਪੰਜਾਬ ਤੋਂ ਆਈ ਲੇਖਿਕਾ ਡਾ: ਸੁਰਿੰਦਰਜੀਤ ਕੌਰ ਵਲੋਂ ‘ਟੁੱਕੜੇ ਟੁੱਕੜੇ ਰੂਹ’ ਪੜ੍ਹੀ ਗਈ। ਇਸ ਕਹਾਣੀ ਮੀਟਿੰਗ ਵਿੱਚ ਮੈਗਜੀਨ ਹੁਣ ਦੇ ਮੁੱਖ ਸੰਪਾਦਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸ੍ਰੀ ਸੁਸ਼ੀਲ ਦੋਸਾਂਝ ਜੀ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਵਚਾਰ ਚਰਚਾ ਅਤੇ ਬਹਿਸ ਵਿੱਚ ਵੀ ਭਾਗ ਲਿਆ। ਉਨ੍ਹਾਂ ਕੈਨੇਡੀਅਨ ਪੰਜਾਬੀ ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਭਰਪੂਰ ਤੇ ਸਫਲ ਮੀਟਿੰਗ ਵਿੱਚ ਬਹੁਤ ਸਾਰੇ ਲੇਖਕਾਂ ਤੇ ਅਲੋਚਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸਰਵ ਸ੍ਰੀ ਸੁਰਜਨ ਜੀਰਵੀ, ਬਲਰਾਜ ਚੀਮਾ, ਡਾ: ਜਤਿੰਦਰ ਰੰਧਾਵਾ, ਸੁਰਜੀਤ ਕੌਰ, ਡਾ: ਅਰਵਿੰਦਰ ਕੌਰ, ਬਲਜੀਤ ਧਾਲੀਵਾਲ, ਸੰਦੀਪ ਕੌਰ, ਮਿਨੀ ਗਰੇਵਾਲ, ਅਨੂਪ ਬਾਵਰਾ, ਜਾਸਮੀਨ, ਕੁਲਜੀਤ ਮਾਨ, ਮੇਜਰ ਮਾਂਗਟ, ਡਾ: ਸੁਰਿੰਦਰਜੀਤ ਕੌਰ, ਰਛਪਾਲ ਕੌਰ ਗਿੱਲ, ਕਮਲਜੀਤ ਨੱਤ, ਸੁੰਦਰਪਾਲ ਕੌਰ ਰਾਜਾਸਾਂਸੀ, ਸੁਖਚਰਨਜੀਤ ਕੌਰ ਗਿੱਲ, ਬਲਦੇਵ ਦੂਹੜੇ, ਗੁਰਦਿਆਲ ਬੱਲ, ਵਰਿੰਦਰ ਜੋਸ਼ੀ, ਕੁਲਜੀਤ ਸਿੰਘ ਜੰਜੂਆ, ਪਿਆਰਾ ਸਿੰਘ ਕੁੱਦੋਵਾਲ, ਤਲਤ ਜਾਹਰਾ, ਸ਼ੀਬਾ ਚੀਮਾ ਅਤੇ ਸੁਸ਼ੀਲ ਦੋਸਾਂਝ ਦੇ ਨਾਂ ਵਰਨਿਣਯੋਗ ਹਨ। ਸੁਖਚਰਨਜੀਤ ਗਿੱਲ ਦੇ ਖੂਬਸੂਰਤ ਗੀਤ ਅਤੇ ਕੁਲਜੀਤ ਮਾਨ ਵਲੋਂ, ਹੋਸਟ ਪਰਿਵਾਰ ਦਾ ਅਤੇ ਆਏ ਲੇਖਕਾਂ ਅਲੋਚਕਾਂ ਦਾ ਧੰਨਵਾਦ ਕਰਨ ਤੋਂ ਬਾਅਦ ਕਹਾਣੀ ਵਿਚਾਰ ਮੰਚ ਦੀ ਇਹ ਤ੍ਰੈ-ਮਾਸਿਕ ਮਿਲਣੀ ਸਮਾਪਤ ਹੋ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …