
ਕਿਹਾ : ਜੇਕਰ ਕਾਂਗਰਸ ਪਾਰਟੀ ਨੇ ਦਿੱਤੀ ਟਿਕਟ ਤਾਂ ਜ਼ਰੂਰ ਲੜਾਂਗੀ ਚੋਣ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਵੀਰਵਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਜ਼ਰੂਰ ਲੜਨਗੇ। ਧਿਆਨ ਰਹੇ ਕਿ ਡਾ. ਨਵਜੋਤ ਕੌਰ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਹ ਕੈਂਸਰ ਨੂੰ ਮਾਤ ਦੇ ਕੇ ਹੁਣ ਬਿਲਕੁਲ ਤੰਦਰੁਸਤ ਹੋ ਗਏ ਹਨ। ਜਿਸਦੇ ਚਲਦਿਆਂ ਉਹ ਮੁੜ ਤੋਂ ਸਰਗਰਮ ਸਿਆਸਤ ਵਿਚ ਆਉਣਾ ਚਾਹੁੰਦੇ ਹਨ। ਜਦਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਵਿਧਾਇਕ ਬਣੇ ਸਨ ਅਤੇ ਉਹ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ।

