
ਸੁਪਰੀਮ ਕੋਰਟ ਨੇ ਕਿਹਾ, ਵਾਹਨਾਂ ਦੇ ਪ੍ਰਦੂਸ਼ਣ ਕਾਰਨ ਦਿੱਲੀ-ਐਨ.ਸੀ.ਆਰ. ਦੀ ਆਬੋ-ਹਵਾ ਵੀ ਹੋ ਰਹੀ ਖਰਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 50 ਸ਼ਹਿਰਾਂ ਵਿੱਚੋਂ 49 ਭਾਰਤ ਦੇ ਹਨ। ਏ.ਕਿਊ.ਆਈ. ਡਾਟ ਇਨ ਦੇ ਅੰਕੜਿਆਂ ਮੁਤਾਬਕ ਅੱਜ ਮੰਗਲਵਾਰ ਸਵੇਰੇ 10 ਵਜੇ ਰਾਜਸਥਾਨ ਦਾ ਸ੍ਰੀਗੰਗਾਨਗਰ 821 ਏਅਰ ਕੁਆਲਿਟੀ ਇੰਡੈਕਸ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ ਕੀਤਾ ਗਿਆ। ਇਸ ਸੂਚੀ ਵਿੱਚ ਭਾਰਤ ਤੋਂ ਇਲਾਵਾ ਸਿਰਫ ਪਾਕਿਸਤਾਨ ਦਾ ਲਾਹੌਰ ਸ਼ਾਮਲ ਸੀ, ਜਿੱਥੇ ਏ.ਕਿਊ.ਆਈ. 430 ਦਰਜ ਕੀਤਾ ਗਿਆ ਅਤੇ ਉਹ 14ਵੇਂ ਸਥਾਨ ’ਤੇ ਰਿਹਾ। ਦੀਵਾਲੀ ਤੋਂ ਬਾਅਦ ਦਿੱਲੀ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਅੱਜ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਏ.ਕਿਊ.ਆਈ. 400 ਤੋਂ ਪਾਰ ਦਰਜ ਕੀਤਾ ਗਿਆ, ਜਦਕਿ ਰਾਜਧਾਨੀ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਇਹ 300 ਤੋਂ ਵੱਧ ਰਿਹਾ। ਇਸ ਗੰਭੀਰ ਪ੍ਰਦੂਸ਼ਣ ਦਾ ਅਸਰ ਸਿਰਫ ਬਿਮਾਰ ਲੋਕਾਂ ’ਤੇ ਹੀ ਨਹੀਂ, ਸਗੋਂ ਤੰਦਰੁਸਤ ਵਿਅਕਤੀਆਂ ਦੀ ਸਿਹਤ ’ਤੇ ਵੀ ਪੈ ਸਕਦਾ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ-ਕੌਮੀ ਰਾਜਧਾਨੀ ਖੇਤਰ ਵਿਚ ਵਾਹਨਾਂ ਤੋਂ ਨਿਕਲਣ ਵਾਲੇ ਧੰੂਏਂ ਕਾਰਨ ਵਧ ਰਹੇ ਪ੍ਰਦੂਸ਼ਣ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਹੈ ਕਿ ਵਾਹਨਾਂ ਦੇ ਪ੍ਰਦੂਸ਼ਣ ਵਿਚ ਤੇਜ਼ੀ ਨਾਲ ਹੋ ਰਿਹਾ ਵਾਧਾ ਤੁਰੰਤ ਦਖਲ ਦੀ ਮੰਗ ਕਰਦਾ ਹੈ। ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ. ਮੋਹਨਾ ਦੇ ਬੈਂਚ ਨੇ ਦਿੱਲੀ ਨਗਰ ਨਿਗਮ ਅਤੇ ਦਿੱਲੀ ਪੁਲਿਸ ਨੂੰ ਵੀ ਵਿਸਥਾਰਤ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ।

