ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਵਾਪਰੀਆਂ ਘਟਨਾਵਾਂ ਤੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਨੂੰ ਐੱਸਯੂਵੀ ਹੇਠ ਦਰੜੇ ਜਾਣ ਦੀ ਵੀਡੀਓ ਸਾਹਮਣੇ ਆਉਣ ਨਾਲ ਸੱਚ ਜੱਗ ਜ਼ਾਹਿਰ ਹੋ ਗਿਆ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੰਤਰੀ ਦੇ ਵਾਹਨਾਂ ਨੇ ਸ਼ਾਂਤੀਪੂਰਵਕ ਚੱਲ ਰਹੇ ਪ੍ਰਦਰਸ਼ਨਕਾਰੀਆਂ ਨੂੰ ਟੱਕਰ ਮਾਰ ਦਿੱਤੀ, ਜੋ ਵਿਰੋਧ ਮਗਰੋਂ ਪਰਤ ਰਹੇ ਸਨ।
ਉਨ੍ਹਾਂ ਕਿਹਾ ਕਿ ਬਹੁਤੇ ਚਸ਼ਮਦੀਦ ਗਵਾਹ ਇਹ ਵੀ ਦੱਸਦੇ ਹਨ ਕਿ ਕੇਂਦਰੀ ਮੰਤਰੀ ਦਾ ਪੁੱਤਰ ਹੀ ‘ਥਾਰ’ ਗੱਡੀ ਚਲਾ ਰਿਹਾ ਸੀ, ਜਿਸ ਤੋਂ ਬਾਅਦ ਉਹ ਪੁਲਿਸ ਦੇ ਸਾਹਮਣੇ ਭੱਜ ਨਿਕਲਿਆ। ਜਗਮੋਹਨ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਦਿੱਤੇ ਗਏ ਉਸ ਬਿਆਨ ਨੂੰ ਝੂਠਾ ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ, ”ਉਹ ਤੇ ਪੁੱਤਰ ਆਸ਼ੀਸ਼ ਮਿਸ਼ਰਾ ਉਸ ਸਮੇਂ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸਨ।’
ਮੋਰਚੇ ਨੇ ਸਪਸ਼ਟ ਕੀਤਾ ਕਿ ਯੂਪੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮਝੌਤਾ ਸਿਰਫ਼ ਸ਼ਹੀਦ ਕਿਸਾਨਾਂ ਦੇ ਸਸਕਾਰ ਲਈ ਰਾਹ ਪੱਧਰਾ ਕਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਅਜੇ ਵੀ ਬਾਕੀ ਹਨ ਤੇ ਉੱਤਰ ਪ੍ਰਦੇਸ਼ ਪੁਲੀਸ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਮੋਰਚੇ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਨੈਤਿਕਤਾ ਦੀ ਘਾਟ ਪਹਿਲਾਂ ਹੀ ਬੇਨਕਾਬ ਹੋ ਚੁੱਕੀ ਹੈ ਤੇ ਮੋਰਚਾ ਉਕਤ ਮੰਗਾਂ ਨੂੰ ਪੂਰਾ ਕਰਨ ਲਈ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰੇਗਾ ਤੇ ਉੱਦੋਂ ਤੱਕ ਅੰਦੋਲਨ ਬੰਦ ਨਹੀਂ ਹੋਵੇਗਾ। ਮੋਰਚੇ ਨੇ ਗੁਰਨਾਮ ਸਿੰਘ ਚੜੂਨੀ ਨੂੰ ਗ੍ਰਿਫ਼ਤਾਰ ਕਰਨ ਤੇ ਸ਼ਹੀਦ ਕਿਸਾਨਾਂ ਦੇ ਸਸਕਾਰਾਂ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂਆਂ ਨੂੰ ਯੂਪੀ ਪੁਲੀਸ ਵੱਲੋਂ ਰੋਕੇ ਜਾਣ ਦੀ ਨਿੰਦਾ ਕੀਤੀ।
ਕਿਸਾਨਾਂ ਨੂੰ ਕੁਚਲਣ ਵਾਲੇ ਦੀ ਗ੍ਰਿਫ਼ਤਾਰੀ ਕਿਉਂ ਨਹੀਂ : ਪ੍ਰਿਅੰਕਾ
ਪ੍ਰਿਅੰਕਾ ਨੇ ਲਖੀਮਪੁਰ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ
ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਚਾਰ ਕਿਸਾਨਾਂ ਨੂੰ ਮਾਰਨ ਵਾਲਾ ਵਿਅਕਤੀ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਜਦਕਿ ਉਸਨੂੰ (ਪ੍ਰਿਅੰਕਾ) ਬਿਨਾਂ ਕੇਸ ਦਰਜ ਕੀਤੇ ਹਿਰਾਸਤ ‘ਚ ਰੱਖਿਆ ਹੋਇਆ ਹੈ। ਪ੍ਰਿਅੰਕਾ ਦੇ ਸਾਥੀਆਂ ਨੇ ਵੀ ਆਰੋਪ ਲਾਇਆ ਕਿ ਪ੍ਰਿਅੰਕਾ ਨੂੰ ਆਪਣੇ ਵਕੀਲ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਪ੍ਰਿਯੰਕਾ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਲਖੀਮਪੁਰ ਖੀਰੀ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਇੱਕ ਐੱਸਯੂਵੀ ਗੱਡੀ ਕਿਸਾਨਾਂ ਨੂੰ ਦਰੜਦੀ ਹੋਈ ਲੰਘਦੀ ਦਿਖਾਈ ਦੇ ਰਹੀ ਹੈ। ਕਾਂਗਰਸ ਆਗੂਆਂ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ।
ਕਿਸਾਨਾਂ ‘ਤੇ ਯੋਜਨਾਬੱਧ ਹਮਲੇ ਕੀਤੇ ਜਾ ਰਹੇ ਨੇ: ਰਾਹੁਲ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ ਦਾ ਨਹੀਂ ਬਲਕਿ ਕਥਿਤ ‘ਤਾਨਾਸ਼ਾਹੀ’ ਦਾ ਬੋਲਬਾਲਾ ਹੈ। ਕਿਸਾਨਾਂ ਉਤੇ ‘ਯੋਜਨਾਬੱਧ ਹਮਲੇ’ ਕੀਤੇ ਜਾ ਰਹੇ ਹਨ ਤੇ ਸਿਆਸਤਦਾਨਾਂ ਨੂੰ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਰਾਹੁਲ ਲਖੀਮਪੁਰ ਖੀਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਨਰਿੰਦਰ ਮੋਦੀ ‘ਤੇ ਤਨਜ਼ ਕਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੀਐੱਮ ਮੰਗਲਵਾਰ ਨੂੰ ਲਖਨਊ ਵਿੱਚ ਸਨ, ਪਰ ਉਹ ਲਖੀਮਪੁਰ ਖੀਰੀ ਤੱਕ ਨਹੀਂ ਗਏ। ਕਾਂਗਰਸ ਆਗੂ ਨੇ ਕਥਿਤ ਕਿਹਾ ਕਿ ਦੇਸ਼ ਦੇ ਕਿਸਾਨਾਂ ‘ਤੇ ਯੋਜਨਾਬੱਧ ਹਮਲੇ ਕੀਤੇ ਜਾ ਰਹੇ ਹਨ।
ਲਖੀਮਪੁਰ ਖੀਰੀ ਘਟਨਾ ਕਾਰਨ ਪਰਵਾਸੀ ਭਾਰਤੀਆਂ ‘ਚ ਗੁੱਸੇ ਦੀ ਲਹਿਰ
ਇੰਗਲੈਂਡ ਦੇ ਐੱਮਪੀ ਤਨਮਨਜੀਤ ਢੇਸੀ ਵੱਲੋਂ ਨਿੰਦਾ
ਜਲੰਧਰ : ਲਖੀਮਪੁਰ ਖੀਰੀ ਵਿਚ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਨੂੰ ਗੱਡੀ ਹੇਠ ਦਰੜ ਦੇਣ ਦੀ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ। ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਮੇਤ ਅਮਰੀਕਾ, ਕੈਨੇਡਾ, ਆਸਟਰੇਲੀਆ, ਫਰਾਂਸ, ਹਾਲੈਂਡ ਤੇ ਜਰਮਨੀ ਤੋਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਗੋਦੀ ਮੀਡੀਆ ਵੱਲੋਂ ਇਸ ਘਟਨਾ ਵਿਚ ਕਿਸਾਨਾਂ ਨੂੰ ਹੀ ਦੋਸ਼ੀ ਦੱਸਣ ‘ਤੇ ਵੀ ਹੈਰਾਨੀ ਜਤਾਈ ਹੈ।
ਢੇਸੀ ਨੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਨੂੰ ਕਿਸਾਨਾਂ ਦਾ ਕਤਲੇਆਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਦੇਖੀ ਤਾਂ ਉਨ੍ਹਾਂ ਦਾ ਖੂਨ ਖੌਲ ਉੱਠਿਆ। ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਨੇ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪ ਵੀ ਖੇਤੀ ਪਿਛੋਕੜ ਵਾਲੇ ਕਿਸਾਨ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਿਵਾਰਾਂ ਨੂੰ ਇਨਸਾਫ ਦੁਆਉਣ ਲਈ ਯਤਨ ਕਰਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਜਾਰੀ ਰੱਖਣ ਅਤੇ ਇਨਸਾਫ ਦੀ ਲੜਾਈ ਲੜਦੇ ਰਹਿਣ। ਢੇਸੀ ਨੇ ਯਕੀਨ ਦੁਆਇਆ ਕਿ ਉਨ੍ਹਾਂ ਨੂੰ ਦੁਨੀਆਂ ਭਰ ਵਿਚੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਯਾਦ ਦੁਆਇਆ ਕਿ ਉਹ ਪੰਜਾਬ ਦੀ ਅਮੀਰ ਵਿਰਾਸਤ ਦੇ ਵਾਰਸ ਹਨ ਤੇ ਉਹ ਜਾਣਦੇ ਹਨ ਕਿ ਸ਼ਾਂਤਮਈ ਰਹਿ ਕੇ ਇਨਸਾਫ ਕਿਵੇਂ ਲੈਣਾ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਫਰਾਂਸ ਤੋਂ ਮਨਜੀਤ ਸਿੰਘ ਗੌਰਸੀਆਂ, ਆਸਟਰੇਲੀਆ ਤੋਂ ਸੁਖਜਿੰਦਰ ਸਿੰਘ, ਜਰਮਨੀ ਤੋਂ ਸੰਤ ਅਜੀਤ ਸਿੰਘ, ਕੈਨੇਡਾ ਤੋਂ ਬਲਦੇਵ ਸਿੰਘ ਬੇਦੀ ਅਤੇ ਹਾਲੈਂਡ ਤੋਂ ਅਮਰਜੀਤ ਸਿੰਘ ਜਵੰਦਾ ਤੇ ਹੋਰ ਪਰਵਾਸੀ ਪੰਜਾਬੀਆਂ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਹੈ।
ਲਖੀਮਪੁਰ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ
ਲਖੀਮਪੁਰ ਖੀਰੀ ਘਟਨਾ ਦੀ ਜਾਂਚ ਐਸ. ਆਈ.ਟੀ. ਕਰੇਗੀ ਅਤੇ ਜਾਂਚ ਲਈ ਸੂਬਾ ਸਰਕਾਰ ਵਲੋਂ 6 ਮੈਂਬਰੀ ਐਸ.ਆਈ.ਟੀ. ਗਠਿਤ ਕਰ ਦਿੱਤੀ ਗਈ ਹੈ। ਲਖੀਮਪੁਰ ਖੀਰੀ ‘ਚ ਪ੍ਰਦਰਸ਼ਨ ਦੌਰਾਨ ਗੱਡੀ ਹੇਠ ਦਰੜ ਕੇ ਮਾਰੇ ਜਾਣ ਵਾਲੇ ਤਿੰਨ ਕਿਸਾਨਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ‘ਚ ਕਰ ਦਿੱਤਾ ਗਿਆ ਜਦਕਿ ਚੌਥੇ ਕਿਸਾਨ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਪਰਿਵਾਰ ਦੀ ਮੰਗ ਨੂੰ ਮੰਨ ਲਿਆ। ਬਹਿਰਾਈਚ ਦੇ ਪਿੰਡ ਮੋਹਰੀਆ ਦੇ 22 ਸਾਲਾ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰਦਿਆਂ ਦੋਸ਼ ਲਗਾਇਆ ਕਿ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਮੌਕੇ ਗੁਰਵਿੰਦਰ ਸਿੰਘ ਦੇ ਪਿੰਡ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਸੋਨੀਆ ਮਾਨ ਨੇ ਪਰਿਵਾਰ ਦੀ ਇਸ ਮੰਗ ਦਾ ਸਮਰਥਨ ਕੀਤਾ।
ਲਖੀਮਪੁਰ ਖੀਰੀ ਘਟਨਾ ਦੀ ਜਾਂਚ ਯੂਪੀ ਸਰਕਾਰ ਨੇ ਅਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ
ਸੁਪਰੀਮ ਕੋਰਟ ਨੇ ਵੀ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ
ਲਖਨਊ/ਬਿਊਰੋ ਨਿਊਜ਼ : ਯੂਪੀ ਸਰਕਾਰ ਨੇ ਲਖੀਮਪੁਰ ਖੀਰੀ ਘਟਨਾ ਮਾਮਲੇ ਦੀ ਜਾਂਚ ਲਈ ਇੱਕ ਮੈਂਬਰੀ ਕਮਿਸ਼ਨ ਕਾਇਮ ਕੀਤਾ ਹੈ। ਇਹ ਜ਼ਿੰਮੇਵਾਰੀ ਅਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੂੰ ਦੋ ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਵੱਲੋਂ ਜਾਰੀ ਬਿਆਨ ਅਨੁਸਾਰ, ਕਮਿਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਕਮਿਸ਼ਨ ਨੂੰ ਮਾਮਲੇ ਦੀ ਜਾਂਚ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਅਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ ਕਰਨਗੇ। ਇਸੇ ਦੌਰਾਨ ਸੁਪਰੀਮ ਕੋਰਟ ਵਿਚ ਵੀ ਅੱਜ ਲਖੀਮਪੁਰ ਘਟਨਾ ਬਾਰੇ ਸੁਣਵਾਈਂ ਹੋਈ। ਜਿਸ ਦੌਰਾਨ ਅਦਾਲਤ ਨੇ ਯੂਪੀ ਸਰਕਾਰ ਨੂੰ ਘਟਨਾ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ। ਧਿਆਨ ਰਹੇ ਕਿ ਲਖੀਮਪੁਰ ਖੀਰੀ ‘ਚ ਲੰਘੇ ਐਤਵਾਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਦੌਰਾਨ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਸਣੇ 9 ਵਿਅਕਤੀਆਂ ਦੀ ਜਾਨ ਚਲੇ ਗਈ।