-6.8 C
Toronto
Tuesday, December 30, 2025
spot_img
Homeਭਾਰਤਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ

ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ

ਵੋਟਾਂ ਦੀ ਗਿਣਤੀ 8 ਨੂੰ ਹੋਵੇਗੀ; ‘ਆਪ’, ਭਾਜਪਾ ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ ਦਿੱਲੀ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ‘ਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ।
ਸਾਲ 2020 ਦੀਆਂ ਚੋਣਾਂ ਵਿਚ ‘ਆਪ’ ਨੇ 62 ਅਤੇ ਭਾਜਪਾ ਨੇ 8 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਇਸ ਦੇ ਨਾਲ ਦੋ ਵਿਧਾਨ ਸਭਾ ਹਲਕਿਆਂ ਤਾਮਿਲਨਾਡੂ ਦੇ ਇਰੋਡ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ‘ਚ ਜ਼ਿਮਨੀ ਚੋਣਾਂ ਲਈ ਵੋਟਾਂ ਵੀ 5 ਫਰਵਰੀ ਨੂੰ ਹੀ ਪੈਣਗੀਆਂ। ਜੰਮੂ ਕਸ਼ਮੀਰ ‘ਚ ਠੰਢ ਜ਼ਿਆਦਾ ਹੋਣ ਕਾਰਨ ਦੋ ਹਲਕਿਆਂ ਬਡਗਾਮ ਅਤੇ ਨਗਰੋਟਾ ‘ਚ ਜ਼ਿਮਨੀ ਚੋਣਾਂ ਦਾ ਬਾਅਦ ‘ਚ ਐਲਾਨ ਕੀਤਾ ਜਾਵੇਗਾ।
ਦਿੱਲੀ ‘ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਰੀਕ 17 ਜਨਵਰੀ ਹੈ। ਅਗਲੇ ਦਿਨ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰ 20 ਜਨਵਰੀ ਤੱਕ ਕਾਗਜ਼ ਵਾਪਸ ਲੈ ਸਕਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, ”ਦਿੱਲੀ ‘ਚ ਇਕੋ ਗੇੜ ‘ਚ ਵੋਟਾਂ ਪੈਣਗੀਆਂ। ਅਸੀਂ ਜਾਣਬੁੱਝ ਕੇ ਵੋਟਿੰਗ ਦਾ ਦਿਨ ਬੁੱਧਵਾਰ ਰੱਖਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਿਕਲਣ। ਅਸੀਂ ਮਹਾਰਾਸ਼ਟਰ ‘ਚ ਵੀ ਇੰਜ ਹੀ ਕੀਤਾ ਸੀ। ਪੂਰਾ ਚੋਣ ਅਮਲ 10 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ।” ਦਿੱਲੀ ਦੀਆਂ 70 ਸੀਟਾਂ ‘ਚੋਂ 58 ਜਨਰਲ ਅਤੇ 12 ਰਾਖਵੀਆਂ ਹਨ। ਚੋਣ ਸੂਚੀ ਮੁਤਾਬਕ ਦਿੱਲੀ ‘ਚ ਕੁੱਲ 1.55 ਕਰੋੜ ਵੋਟਰ ਹਨ ਜਿਨ੍ਹਾਂ ‘ਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,261 ਟਰਾਂਸਜੈਂਡਰ ਸ਼ਾਮਲ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 25.89 ਲੱਖ ਨੌਜਵਾਨ ਵੋਟਰ ਹਨ। ਇਸ ਤੋਂ ਇਲਾਵਾ 2.08 ਲੱਖ ਵੋਟਰ ਪਹਿਲੀ ਵਾਰ ਆਪਣੇ ਵੋਟਿੰਗ ਹੱਕ ਦੀ ਵਰਤੋਂ ਕਰਨਗੇ। ਦਿੱਲੀ ‘ਚ 100 ਸਾਲ ਤੋਂ ਵਧ ਉਮਰ ਵਾਲੇ 830 ਵੋਟਰ ਵੀ ਹਨ।
ਉਨ੍ਹਾਂ ਕਿਹਾ ਕਿ ਵੋਟਿੰਗ ਲਈ 13,000 ਤੋਂ ਵਧ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਬਡਗਾਮ ਅਤੇ ਨਗਰੋਟਾ ‘ਚ ਵੀ ਜ਼ਿਮਨੀ ਚੋਣਾਂ ਤੈਅ ਹਨ ਪਰ ਉਥੇ ਬਰਫ਼ਬਾਰੀ ਅਤੇ ਠੰਢ ਦੇ ਮੌਸਮ ਕਾਰਨ ਚੋਣਾਂ ਬਾਅਦ ‘ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਥੇ ਚੋਣਾਂ ਕਰਾਉਣ ਲਈ ਅਪਰੈਲ ਤੱਕ ਦਾ ਸਮਾਂ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਬਸ਼ੀਰਹਾਟ ਅਤੇ ਗੁਜਰਾਤ ਦੇ ਵਿਸਾਵਦਰ ਲੋਕ ਸਭਾ ਹਲਕਿਆਂ ‘ਚ ਵੀ ਵੋਟਾਂ ਪੈਣੀਆਂ ਹਨ ਪਰ ਚੋਣ ਪਟੀਸ਼ਨਾਂ ਬਕਾਇਆ ਹੋਣ ਕਰਕੇ ਉਹ ਉਥੇ ਜ਼ਿਮਨੀ ਚੋਣ ਨਹੀਂ ਕਰਵਾ ਸਕਦੇ ਹਨ।
ਮਹਿਲਾ ਵਿਰੋਧੀ ਟਿੱਪਣੀਆਂ ਤੋਂ ਗੁਰੇਜ਼ ਕਰਨ ਦੀ ਹਦਾਇਤ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਹਿਲਾ ਵਿਰੋਧੀ ਟਿੱਪਣੀਆਂ ਤੋਂ ਗੁਰੇਜ਼ ਕਰਨ ਅਤੇ ਬੱਚਿਆਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾਵੇ। ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਖਿਲਾਫ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਬਾਰੇ ਇਕ ਪੱਤਰਕਾਰ ਦੇ ਸਵਾਲ ਪੁੱਛਣ ‘ਤੇ ਰਾਜੀਵ ਕੁਮਾਰ ਨੇ ਕਿਹਾ, ”ਚੋਣ ਕਮਿਸ਼ਨ ਇਹ ਯਕੀਨੀ ਬਣਾਏਗਾ ਕਿ ਜਦੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਵੇ ਤਾਂ ਮਹਿਲਾਵਾਂ ਖਿਲਾਫ ਟਿੱਪਣੀਆਂ ਨਾ ਕੀਤੀਆਂ ਜਾਣ। ਅਸੀਂ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੱਚਿਆਂ ਨੂੰ ਚੋਣ ਪ੍ਰਚਾਰ ‘ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ।”

 

RELATED ARTICLES
POPULAR POSTS