Breaking News
Home / ਭਾਰਤ / ਚੌਟਾਲਾ ਪਰਿਵਾਰ ਦੋ ਹਿੱਸਿਆਂ ‘ਚ ਵੰਡਿਆ

ਚੌਟਾਲਾ ਪਰਿਵਾਰ ਦੋ ਹਿੱਸਿਆਂ ‘ਚ ਵੰਡਿਆ

ਅਜੈ ਚੌਟਾਲਾ ਬਣਾਉਣਗੇ ਨਵੀਂ ਪਾਰਟੀ
ਜੀਂਦ : ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਰਾਜਨੀਤਕ ਵਿਰਾਸਤ ਦੀ ਲੜਾਈ ਦੌਰਾਨ ਇਨੈਲੋ ਵਿਚੋਂ ਕੱਢੇ ਮੁੱਖ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੌਟਾਲਾ ਨੇ ਜੀਂਦ ਵਿੱਚ ਆਪਣੇ ਸਮਰਥਕਾਂ ਨਾਲ ਇਨੈਲੋ ਤੋਂ ਨਾਤਾ ਤੋੜਦਿਆਂ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ। ਅਜੈ ਚੌਟਾਲਾ ਨੇ ਇਹ ਸਪਸ਼ਟ ਕੀਤਾ ਕਿ ਉਹ ਆਪਣੇ ਅਜੀਜ਼ ਬਿੱਲੂ (ਅਭੈ ਸਿੰਘ ਚੌਟਾਲਾ) ਨੂੰ ਪਾਰਟੀ ਇਨੈਲੋ ਅਤੇ ਚਸ਼ਮਾ ਭੇਟ ਕਰਦੇ ਹਨ। ਉਹ ਇਨ੍ਹਾਂ ਨੂੰ ਸੰਭਾਲ ਕੇ ਰੱਖਣ। ਹੁਣ ਨਵੇਂ ਝੰਡੇ ਨਾਲ ਨਵਾਂ ਡੰਡਾ ਅਤੇ ਨਵਾਂ ਨਿਸ਼ਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੌਧਰੀ ਦੇਵੀਲਾਲ ਨੇ 23 ਮਾਰਚ 1987 ਨੂੰ ਜੀਂਦ ਦੇ ਇਸੇ ਮੈਦਾਨ ਤੋਂ ਅਨਿਆਂ ਖ਼ਿਲਾਫ਼ ਨਿਆਂ ਯੁੱਧ ਦੀ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਇਸੇ ਧਰਤੀ ਤੋਂ 9 ਦਸੰਬਰ ਨੂੰ ਨਿਆਂ ਯੁੱਧ ਦੀ ਸ਼ੁਰੂਆਤ ਹੋਵੇਗੀ। ਉਸੇ ਦਿਨ ਨਵੀਂ ਪਾਰਟੀ ਦਾ ਐਲਾਨ ਹੋਵੇਗਾ।
ਇਨੈਲੋ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਕ ਰਾਹ ਕਾਨੂੰਨੀ ਲੜਾਈ ਲੜਨ ਦਾ ਸੀ, ਪਰ ਸਾਥੀਆਂ ਨੇ ਕਿਹਾ ਕਿ ਬੇਲੋੜਾ ਇਸ ਵਿੱਚ ਨਾ ਉਲਝਿਆ ਜਾਵੇ, ਇਹ ਲੰਬੀ ਪ੍ਰਕਿਰਿਆ ਹੈ। ਇਸ ਤੋਂ ਪਹਿਲਾਂ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਸਾਨੂੰ ਚੋਣਵੇਂ ਲੋਕਾਂ ਨੇ ਪਾਰਟੀ ਵਿਚੋਂ ਕੱਢਿਆ ਹੈ, ਹੁਣ ਪਾਰਟੀ ਵਿੱਚ ਮੁੜਨ ਦਾ ਮਨ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦਾਦਾ ਓਮਪ੍ਰਕਾਸ਼ ਚੌਟਾਲਾ ਨੂੰ ਆਦਰਸ਼ ਮੰਨ ਕੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਪਹਿਲਾਂ ਦੀਪ ਪੈਲੇਸ ਵਿੱਚ ਅਜੈ ਚੌਟਾਲਾ ਵੱਲੋਂ ਸੱਦੀ ਇਨੈਲੋ ਕਾਰਜਕਾਰਨੀ ਦੀ ਮੀਟਿੰਗ ਹੋਈ। ਇਸ ਦੌਰਾਨ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਡਾ. ਅਜੈ ਸਿੰਘ ਚੌਟਾਲਾ, ਦੁਸ਼ਿਅੰਤ ਸਿੰਘ ਅਤੇ ਦਿਗਵਿਜੈ ਚੌਟਾਲਾ ਨੂੰ ਪਾਰਟੀ ਵਿਚੋਂ ਕੱਢਣਾ ਗੈਰਕਾਨੂੰਨੀ ਹੈ। ਅਖੀਰ ਮੀਟਿੰਗ ਵਿੱਚ ਮੌਜੂਦ ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਰਾਜਦੀਪ ਫੌਗਾਟ, ਵਿਧਾਇਕ ਅਨੂਪ ਧਾਨਕ, ਵਿਧਾਇਕ ਨੈਨਾ ਸਿੰਘ ਚੋਣਾਂ, ਇਨਸੋ ਦੇ ਕੈਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਆਦਿ ਹਾਜ਼ਰ ਸਨ।
ਇਨੈਲੋ ‘ਚ 29 ਸਾਲ ਪਹਿਲਾਂ ਵੀ ਹੋਈ ਸੀ ਤਖਤਾ ਪਲਟ ਦੀ ਲੜਾਈ
ਵਿਧਾਇਕ ਨਾ ਹੁੰਦੇ ਵੀ ਮੁੱਖ ਮੰਤਰੀ ਬਣੇ ਸਨ ਓਮ ਪ੍ਰਕਾਸ ਚੌਟਾਲਾ
ਪਾਣੀਪਤ/ਬਿਊਰੋ ਨਿਊਜ਼ : ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੇ ਚੌਟਾਲਾ ਅਤੇ ਅਜੇ ਦੇ ਦੋਵੇਂ ਪੁੱਤਰਾਂ ਦੁਸ਼ਿਅੰਤ ਅਤੇ ਦਿਗਵਿਜੇ ਨੂੰ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਕੱਢਿਆ ਜਾ ਚੁੱਕਾ ਹੈ। ਪਾਰਟੀ ‘ਤੇ ਕਬਜ਼ਾ ਜਮਾਉਣ ਲਈ ਅਜੇ ਅਤੇ ਅਭੈ ਚੌਟਾਲਾ ਵਿਚਕਾਰ ਵਿਰਾਸਤ ਦੀ ਜੰਗ ਜਾਰੀ ਹੈ। ਚੌਟਾਲਾ ਪਰਿਵਾਰ ਵਿਚ ਚੱਲ ਰਹੀ ਜੰਗ ਕੋਈ ਨਵੀਂ ਨਹੀਂ ਹੈ, ਇਸ ਤਰ੍ਹਾਂ ਦਾ ਵਿਵਾਦ 1989 ਵਿਚ ਵੀ ਹੋ ਚੁੱਕਾ ਹੈ। ਇਸ ਸਮੇਂ ਚੌਧਰੀ ਦੇਵੀ ਲਾਲ ਨੇ ਆਪਣੇ ਵੱਡੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨਾਲੋਂ ਰਿਸ਼ਤੇ ਇਸ ਕਦਰ ਤੋੜ ਲਏ ਸਨ ਕਿ ਪਾਰਟੀ ਦਫਤਰ ਵਿਚ ਉਸਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਸੀ। ਪਰ ਦੇਵੀ ਲਾਲ ਦੇ ਉਪ ਪ੍ਰਧਾਨ ਮੰਤਰੀ ਬਣਦੇ ਹੀ ਓਮ ਪ੍ਰਕਾਸ਼ ਚੌਟਾਲਾ ਨੇ ਅਜਿਹਾ ਤਖਤ ਪਲਟਿਆ ਕਿ ਵਿਧਾਇਕ ਨਾ ਹੁੰਦੇ ਹੋਏ ਵੀ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੇ ਸੀ।
ਵਿਧਾਇਕ ਤੇ ਪਾਰਟੀ ਅਭੈ ਦੇ ਨਾਲ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਪਾਰਟੀ ਦੇ 18 ਵਿਚੋਂ 14 ਵਿਧਾਇਕਾਂ ਨੂੰ ਆਪਣੇ ਨਾਲ ਲਿਆਉਣ ਵਿੱਚ ਸਫਲ ਰਹੇ। ਜਾਟ ਭਵਨ ਵਿੱਚ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਵਿੱਚ ਵਿਧਾਇਕਾਂ ਅਤੇ ਸੰਗਠਨ ਨੂੰ ਆਪਣੇ ਨਾਲ ਖੜ੍ਹਾ ਕਰ ਕੇ ਅਭੈ ਨੇ ਆਪਣੀ ਰਾਜਨੀਤਕ ਤਾਕਤ ਦਿਖਾਈ।
ਇਸ ਦੌਰਾਨ ਅਭੈ ਚੌਟਾਲਾ ਨੇ ਆਪਣੇ ਵੱਡੇ ਭਰਾ ਅਜੈ ਸਿੰਘ ਚੌਟਾਲਾ, ਭਰਜਾਈ ਨੈਨਾ ਸਿੰਘ ਚੌਟਾਲਾ ਅਤੇ ਭਤੀਜੇ ਦੁਸ਼ਿਅੰਤ ਚੌਟਾਲਾ ‘ਤੇ ਟਿੱਪਣੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …