ਮੇਜਰ ਮਾਂਗਟ
ਬਾਪੂ ਅੱਕ ਗਿਆ ਗਿਆ ਸੀ, ਖੇਤੀਬਾੜੀ ਦੇ ਕੁੱਤੇ ਕੰਮ ਤੋਂ।
”ਬਚਦਾ ਬਚਾਉਂਦਾ ਤਾਂ ਕੁਛ ਹੈ ਨੀ”
ਕਹਿੰਦਾ ਉਹ ਸਿਰ ਤੋਂ ਲਾਹ ਕੇ ਪਰਨਾ ਝਾੜਦਾ।
”ਪਤਾ ਨਹੀਂ ਕਦ ਖਹਿੜਾ ਛੁੱਟੂ” ਉਹ ਆਮ ਹੀ ਕਹਿੰਦਾ।
ਜਗੀਰ ਭਰੀ ਮਹਿਫਲ ਵਿੱਚ ਬੈਠਾ ਆਪਣੀ ਜੀਵਨ ਕਹਾਣੀ ਸੁਣਾ ਰਿਹਾ ਸੀ। ਜਦੋਂ ਵੀ ਕਦੇ ਚਾਰ ਬੰਦੇ ਜੁੜਦੇ, ਉਹ ਏਹੋ ਜਿਹੀਆਂ ਕਹਾਣੀਆਂ ਲੈ ਕੇ ਬਹਿ ਜਾਂਦਾ। ਪਰ ਪ੍ਰੀਤਮ ਢੰਗੀ ਨੂੰ ਅੱਜ ਉਹਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ। ਉਹ ਤਾਂ ਚੱਕਵੀਆਂ ਚੱਕਵੀਆਂ, ਚੋਦੀਆਂ ਚੋਦੀਆਂ ਤੇ ਟੋਟਕਿਆਂ ਭਰਪੂਰ ਗੱਲਾਂ ਕਰਨਾ ਚਾਹੁੰਦਾ ਸੀ। ਅੱਜ ਉਹ ਵੀ ਤਾਂ ਆਪਣੀ ਅਮੀਰੀ ਦਾ ਗੁੱਡਾ ਬੰਨ ਰਿਹਾ ਸੀ।
”ਦੇਖ ਲੈ ਮੁੰਡੇ ਨੇ ਕੌਰਵਿੱਟ ਸਪੋਰਟਸ ਕਾਰ ਮੰਗੀ, ਤੇ ਆਪਾਂ ਝੱਟ ਲੈ ਦਿੱਤੀ”
ਕਦੇ ਉਹ ਆਖਦਾ ”ਆਪਾਂ ਨੀ ਮਾੜੀ ਗੱਡੀ ਰੱਖਦੇ ਹੁੰਦੇਸ਼। ਘਰ ਵਾਲੀ ਲੈਕਸਸ ਚਲਾਉਂਦੀ ਆ ਤੇ ਆਪਾਂ ਹੰਮਰ”
ਲ਼ੋਕ ਉਸ ਦੀਆਂ ਗੱਲਾਂ ਸੁਣ ਸੁਣ ਮੂੰਹ ‘ਚ ਉਂਗਲਾ ਪਾ ਲੈਂਦੇ, ਕਿ ‘ਪ੍ਰੀਤਮ ਢੰਗੀ ਕੋਲ ਆਖਰ ਐਨਾ ਪੈਸਾ ਆਉਂਦਾ ਕਿੱਥੋਂ ਹੈ?” ਫੇਰ ਕੋਈ ਮੂੰਹ ਪਰੇ ਨੂੰ ਕਰਦਾ ਆਖਦਾ ਇਹ ‘ਢੰਗੀ’ ਬੰਦਾ ਐ। ਕੋਈ ਇਨਸ਼ੋਰੈਂਸ ਅੜਿੱਕੇ ਆ ਜਾਵੇ। ਲੋਨ ਦੱਬਣਾ ਪੈ ਜਾਵੇ, ਪਤੰਦਰ ਕਿਸੇ ਨੂੰ ਨੀ ਬਖਸ਼ਦਾ। ਬੱਸ ਰਗੜ ਕੇ ਰੱਖ ਦਿੰਦਾ ਹੈ। ਐਵੇਂ ਤਾਂ ਨੀ ਏਹਨੂੰ ਲੋਕ ਪ੍ਰੀਤਮ ਢੰਗੀ ਕਹਿੰਦੇ”
ਮਹਿਮਾਨ ਕਮਰੇ ਵਿੱਚ ਸਜ਼ੀ ਮਹਿਫਲ ਨੂੰ ਬੋਕਾਰਡੀ ਅਤੇ ਕਰਾਊਨ ਰੌਇਲ ਵਰਤਾਈ ਜਾ ਰਹੀ ਸੀ। ਇਹ ਜਗੀਰ ਸਿੰਘ ਦੇ ਮੁੰਡੇ ਨੂੰ ਚੰਗੀ ਜੌਬ ਮਿਲਣ ਦਾ ਜਸ਼ਨ ਸੀ। ਉਨ੍ਹਾਂ ਦੇ ਘਰ ਅਜਿਹੀਆਂ ਮਹਿਫਲਾਂ ਕਦੀ ਕਦਾਈਂ ਹੀ ਸਜਦੀਆਂ। ਮੇਜ਼ਬਾਨ ਹੋਣ ਕਾਰਨ ਅੱਜ ਉਸ ਨੂੰ ਗੱਲਾਂ ਕਰਨ ਤੋਂ ਕੋਈ ਵੀ ਨਹੀ ਸੀ ਰੋਕ ਸਕਦਾ। ਪਰ ਫਿਰ ਵੀ ਵਿੱਚ ਵਿਚਾਲੇ ਦਾਅ ਲਾਉਂਦਾ ਪ੍ਰੀਤਮ ਢੰਗੀ ਕੋਈ ਨਾ ਕੋਈ ਛੁਰਲੀ ਛੱਡ ਹੀ ਦਿੰਦਾ।
ਕਈ ਲੋਕ ਸੋਚਦੇ ਕਿ ਪਤਾ ਨਹੀਂ ਕਿਵੇਂ ਪ੍ਰੀਤਮ ਦੇ ਪੈਰ ਥੱਲੇ ਬਟੇਰਾ ਆ ਜਾਂਦਾ ਏ। ਹਾਲਾਂਕਿ ਉਹ ਵੀ ਤਾਂ ਉਨ੍ਹਾਂ ਵਰਗਾ ਹੀ ਬੰਦਾ ਸੀ, ਜੋ ਆਪਣੇ ਮਾਂ ਪਿਉ ਨਾਲ, ਭੈਣ ਦਾ ਬੁਲਾਇਆ ਕੈਨੇਡਾ ਆਇਆ ਸੀ।
ਇੱਕ ਹੋਰ ਬੰਦਾ ਸੁਖਰਾਜ, ਆਪਣੇ ਦੋਸਤ ਨਿੰਦੀ ਨਾਲ ਸੋਫੇ ਦੇ ਖੂੰਜੇ ਤੇ ਲੱਗਿਆ ਇਹ ਹੀ ਗੱਲਾਂ ਕਰ ਰਿਹਾ ਸੀ।
”ਇੰਡੀਆ ‘ਚ ਏਹਨਾਂ ਦੇ ਘਰ ਰੋਟੀ ਨੀ ਸੀ ਪੱਕਦੀ। ਬਹੁਤ ਗਰੀਬੀ ਸੀ। ਦੋ ਵਿੱਘੇ ਜ਼ਮੀਨ ਸੀ ਸਾਰੀ। ਹਾਂ ਭੈਣ ਇਹਦੀ ਬਹੁਤ ਸੋਹਣੀ ਸੁਨੱਖੀ ਸੀ। ਉਹ ਕੈਨੇਡਾ ਤੋਂ ਗਏ ਕਿਸੇ ਦਹਾਜੂ ਨੂੰ ਪਸੰਦ ਆ ਗਈ, ਤਾਂ ਏਹਨਾਂ ਦਾ ਬੇੜਾ ਤਰ ਗਿਆ। ਕੈਨੇਡਾ ਕਾਹਦੇ ਆ ਵੜੇ ਪੈਰ ਈ ਚੁੱਕੇ ਗਏ” ਸੁਖਰਾਜ ਨੇ ਗੱਲ ਮੁਕਾਈ।
ਉਧਰ ਜਗੀਰ ਆਪਣੀ ਕਹਾਣੀ ਸੁਣਾਈ ਜਾ ਰਿਹਾ ਸੀ ਕਿ ਉਹ 1968 ਵਿੱਚ ਕਿਸੇ ਦੋਸਤ ਦੇ ਕਹਿਣ ਤੇ ਬਾਊਚਰ ਭਰਕੇ ਇੰਗਲੈਂਡ ਆਇਆ ਸੀ। ਫੇਰ ਇੰਗਲੈਂਡ ਛੱਡ ਕੇ 1992 ਵਿੱਚ ਕੈਨੇਡਾ ਆ ਗਿਆ। ਉਹ ਦੱਸ ਰਿਹਾ ਸੀ ਕਿ ਉਸ ਨੇ ਇੰਗਲੈਂਡ ਵਿੱਚ ਬੜੀ ਮਿਹਨਤ ਕੀਤੀ। ਮਸ਼ੀਨਾਂ ਨਾਲ ਮਸ਼ੀਨ ਬਣਿਆ ਰਿਹਾ। ਜਿਵੇਂ ਕਦੇ ਉਹਦਾ ਬਾਪੂ ਸੋਚਿਆ ਕਰਦਾ ਸੀ ਕਿ ਖੇਤੀ ਤੋਂ ਕਿਵੇਂ ਖਹਿੜਾ ਛੁੱਟੂ, ਫੇਰ ਉਹ ਵੀ ਸੋਚਣ ਲੱਗਿਆ ਕਿ ਇਹ ਮਸ਼ੀਨਾਂ ਤੋਂ ਕਿਵੇਂ ਖਹਿੜਾ ਛੁੱਟੂ। ਆਪ ਤਾਂ ਭਾਵੇਂ ਉਸ ਨੇ ਸਾਰੀ ਉਮਰ ਮਸ਼ੀਨਾਂ ਨਾਲ ਗਾਲ਼ ਲਈ ਸੀ, ਪਰ ਉਸਦੇ ਮੁੰਡੇ ਨੂੰ ਚਾਰਟਿਡ ਅਕਾਊਟੈਂਟ ਦੀ ਡਿਗਰੀ ਕਰਨ ਤੋਂ ਬਾਅਦ ਜਦੋਂ ਇਹ ਲੱਖ ਡਾਲਰ ਸਲਾਨਾ ਪੇਅ ਵਾਲੀ ਦਫਤਰੀ ਜੌਬ ਮਿਲੀ ਤਾਂ ਉਸ ਨੂੰ ਜਾਪਿਆ ਕਿ ਉਸਦੀ ਮਿਹਨਤ ਰਾਸ ਆ ਗਈ ਹੈ। ਕਦੇ ਉਸਦੇ ਬਾਪੂ ਸਦੌਂਧਾ ਸਿਉਂ ਨੇ ਉਸ ਨੂੰ ਇੰਗਲੈਂਡ ਭੇਜ ਕਿ ਕਿਹਾ ਸੀ ”ਲੈ ਹੁਣ ਟੁੱਟ ਜਾਣਗੇ ਦੁੱਖ” ਉਵੇਂ ਅੱਜ ਉਸ ਨੇ ਆਪਣੀ ਪਤਨੀ ਨੂੰ ਕਿਹਾ ਸੀ, ”ਲੈ ਹੁਣ ਨੀ ਏਹਦੇ ਜੁਆਕ ਫੈਕਟਰੀਆਂ ‘ਚ ਧੱਕੇ ਖਾਂਦੇ। ਚਲੋ ਪੋਤੇ ਪੋਤੀਆਂ ਦਾ ਤਾਂ ਮਸ਼ੀਨਾਂ ਤੋਂ ਖਹਿੜਾ ਛੁੱਟੂ” ਤੇ ਫੇਰ ਏਸੇ ਖੁਸ਼ੀ ਵਿੱਚ ਇਹ ਪਾਰਟੀ ਰੱਖੀ ਗਈ ਸੀ। ਤੇ ਹੁਣ ਗੱਲਾਂ ਨੂੰ ਟੋਣੇ ਲਾਏ ਜਾ ਰਹੇ ਸਨ।
ਗੱਲਾਂ ਵਾਲੀ ਬਾਲ ਫੇਰ ਪ੍ਰੀਤਮ ਦੇ ਹੱਥ ਆ ਗਈ, ”ਦੇਖ ਲੈ ਅਸੀਂ ਤਾਂ ਇੱਕ ਦਿਨ ਨੀ ਰਹੇ ਬੇਸਮੈਂਟ ਚਸ਼ਆਉਣ ਸਾਰ ਈ ਘਰ ਲੈ ਲਿਆ ਸੀ। ਕਾਰ ਰੱਖੀ ਆ ਚੜਦੀ ਤੋਂ ਚੜਦੀ। ਆਪਾਂ ਨੀ ਕੀਤਾ ਫੈਕਟਰੀਆਂ ਫੂਕਟਰੀਆਂ ‘ਚ ਕੰਮ। ਘਰ ਵਾਲੀ ਨੂੰ ਵੀ ਕਹਿਤਾ ਸੀ ਕਿ ਵਿਹਲੀ ਰਹਿ ਤੇ ਐਸ਼ਾਂ ਕਰ। ਹੁਣ ਮੁੰਡਿਆਂ ਦੀ ਆਪਣੀ ਟਰਾਂਸਪੋਰਟ ਆ। ਢਿੱਲਨ ਟਰਾਂਸਪੋਰਟ। ਅਮਰੀਕਾ ਨੂੰ ਚੱਲਦੇ ਨੇ ਸਾਰੇ ਟਰੱਕ। ਤੇ ਡਰਾਈਵਰ ਰੱਖੇ ਹੋਏ ਨੇ। ਬੱਸ ਖੇਡਦੀ ਆ ਕਾਟੋ ਫੁੱਲਾਂ ਤੇਸ਼ਬਾਬੇ ਦੀ ਫੁੱਲ ਕਿਰਪਾ ਏ” ਉਹ ਹੱਥ ਤੇ ਹੱਥ ਮਾਰ ਕੇ ਹੱਸਿਆ।
ਸੁਖਰਾਜ ਨੇ ਬੋਕਾਰਡੀ ਦਾ ਘੁੱਟ ਭਰਦਿਆਂ ਫੇਰ ਆਪਣਾ ਮੂੰਹ ਨਿੰਦੀ ਦੇ ਕੰਨ ਕੋਲ ਕਰ ਲਿਆ ਸੀ, ”ਇਹਦੇ ਹਾਸਿਆਂ ਪਿੱਛੇ ਸ਼ੈਤਾਨੀ ਲੁਕੀ ਹੋਈ ਆ। ਜਦੋਂ ਆਏ ਸੀ ਭੈਣ ਨੇ ਪੰਜ ਸਾਲ ਆਪਣੇ ਘਰ ਰੱਖੇ। ਤੇ ਇਹ ਉਹਨੂੰ ਵੀ ਚੂੰਡਦੇ ਰਹੇ। ਪ੍ਰਾਹੁਣਾਂ ਸ਼ਰੀਫ ਸੀ। ਉਸ ਨੂੰ ਸੀ ਕਿ ਘਰਵਾਲੀ ਜੁਆਨ ਹੈ ਤੇ ਪੜੀ ਲਿਖੀ ਸੋਹਣੀ ਸੁਨੱਖੀ ਹੈ ਕਿਤੇ ਕੈਨੇਡਾ ਆਈ ਬਿਟਰ ਹੀ ਨਾ ਜਾਵੇ। ਤੇ ਇਹਨਾ ਉਹਦੀ ਕਮਜ਼ੋਰੀ ਦਾ ਖੂਬ ਲਾਹਾ ਲਿਆ। ਉਹਦੇ ਘਰ ਤੇ ਹੀ ਕਬਜ਼ਾ ਕਰ ਲਿਆ। ਫੋਨ ਉਹਦੇ, ਕਾਰਾਂ ਉਹਦੀਆਂ, ਵਰਤਣ ਵਾਲੇ ਇਹ। ਫੇਰ ਇਹ ਚੌਧਰੀ, ਉਹਦੀ ਕਾਰ ਦਾ ਐਕਸੀਡੈਂਟ ਕਰਕੇ ਉਸੇ ਦੀ ਇਨਸ਼ੋਰੈਂਸ ਤੇ ਬਹਿ ਗਿਆ। ਜਿਸ ਭੈਣ ਨੇ ਇਹਨਾਂ ਦੀ ਹਰ ਗੱਲ ਵਿੱਚ ਵਿੱਤੋਂ ਬਾਹਰ ਜਾ ਕੇ ਮੱਦਦ ਕੀਤੀ ਸੀ ਅਤੇ ਘਰ ਵਾਲੇ ਤੋਂ ਚੋਰੀ ਇਹਨਾਂ ਨੂੰ ਪੈਸੇ ਵੀ ਦਿੰਦੀ ਰਹੀ ਸੀ, ਇਹ ਉਹਦੀਆਂ ਹੀ ਜੜ੍ਹਾਂ ਵਿੱਚ ਬੈਠ ਗਏ। ਉਹਦੀ ਇਰਸ਼ੋਰੈਂਸ ਤੋਂ ਤੀਹ ਹਜ਼ਾਰ ਇਕੱਠਾ ਮਿਲਿਆ ਸੀ। ਬੱਸ ਉਦੋਂ ਤੋਂ ਹੀ ਲਹੂ, ਮੂੰਹ ਨੂੰ ਲੱਗ ਗਿਆ”
ਜਗੀਰ ਨੇ ਅੱਗੋਂ ਹੋਰ ਗੱਲ ਤੋਰ ਲਈ ”ਮੈਂ ਤਾਂ ਬਈ ਸਾਰੀ ਉਮਰ ਹੱਕ ਹਲਾਲ ਦੀ ਕਮਾਈ ਕੀਤੀ ਆ। ਹੁਣ ਕਿਤੇ ਜਾ ਕੇ ਉਲਾਦ ਸੈੱਟ ਹੋਈ ਆ। ਬੱਸ ਰੱਬ ਨੇ ਸੁਣ ਲਈ”
ਪਰ ਪ੍ਰੀਤਮ ਉਹਦੀ ਸੁੱਟੀ ਬਾਲ ਨੂੰ ਬੁੱਚਣ ਨੂੰ ਤਿਆਰ ਹੀ ਬੈਠਾ ਸੀ ”ਠੀਕ ਹੈ ਮੁੰਡਾ ਤੇਰਾ ‘ਸੀ ਉ’ ਬਣ ਗਿਆ। ਪਰ ਤੂੰ ਤਾਂ ਨੀ ਐਸ਼ ਕੀਤੀ। ਤੈਨੂੰ ਕੀ ਲੱਗਦੈ ਏਥੋਂ ਦੇ ਨਿਆਣੇ, ਕਮਾਈ ਲਿਆ ਕੇ ਤੇਰੀ ਝੋਲ਼ੀ ਪਾਉਣਗੇ? ਬਿੱਲਕੁੱਲ ਨਹੀਂ। ਪਰ ਆਪਾਂ ਤਾਂ ਐਸ਼ਾਂ ਕੀਤੀਆਂ ਨੇ ਐਸ਼ਾਂ। ਮੈਂ ਨੀ ਕਿਸੇ ਹੋਰ ਤੋਂ ਸੁੱਖ ਦੀ ਆਸ ਰੱਖੀ”
ਸੁਖਰਾਜ ਦੀ ਨਿੰਦੀ ਦੇ ਕੰਨ ਵਿੱਚ ਬੁੜਬੁੜ ਅਜੇ ਵੀ ਜ਼ਾਰੀ ਸੀ, ”ਦੇਖ ਖਾਂ ਗੱਲਾਂ ਕਿਵੇਂ ਮਾਰਦੈਸ਼। ਕੀਤੀਆਂ ਨੇ ਇਹਨੇ ਐਸ਼ਾਂਸ਼। ਹਰਾਮ ਦੀ ਕਮਾਈ ਬੋਲਦੀ ਆ। ਨਿਆਣਿਆਂ ਨੂੰ ਮਹਿੰਗੀਆਂ ਕਾਰਾਂ ਲੈ ਦਿੱਤੀਆਂ। ਘਰਵਾਲੀ ਘਰ ਬਿਠਾਈ ਰੱਖੀ ਆ। ਹੂੰ। ਇਹ ਕੋਈ ਚੰਦ ਤੋਂ ਉਤਰਿਆ ਸਪੈਸ਼ਲ ਬੰਦਾ ਏ। ਟਰੱਕ ਏਹਦੇ ਡਰੱਗ ਢੋਂਹਦੇ ਨੇ। ਕਿੰਨੇ ਹੀ ਡਰਾਈਵਰ ਇਹਦੇ ਬਾਰਡਰ ਦੇ ਫਸ ਚੁੱਕੇ ਨੇ। ਮਜ਼ਬੂਰ ਤੇ ਬੇਰੋਜਗਾਰਾਂ ਦਾ ਫਾਇਦਾ ਉਠਾ ਕੇ, ਉਨ੍ਹਾਂ ਦਾ ਲਹੂ ਪੀ ਪੀ ਕੇ ਇਹ ਅਮੀਰ ਬਣਿਐ। ਸੁਣਿਆ, ਦੋਨੋ ਮੁੰਡੇ ਚਿੱਟਾ ਖਾਂਦੇ ਵੀ ਨੇ ਤੇ ਸਮੱਗਲ ਵੀ ਕਰਦੇ ਨੇ। ਆਇਆ ਬੜਾ ਟਰਾਂਸਪੋਟਰਸ਼। ਜਿਹੜੀ ਭੈਣ ਨੇ ਮੰਗਵਾਏ ਸੀ ਉਹਦਾ ਵੀ ਸਾਰਾ ਕੁੱਝ ਵਿਕਵਾ ਦਿੱਤਾ। ਉਹਦੇ ਨਾਂ ਤੇ ਲੋਨ ਚੁੱਕ ਕੇ ਉਸੇ ਦੇ ਨਾਂ ਤੇ ਕੰਪਨੀ ਖੋਹਲੀ ਫੇਰ ਬੈਂਕਰਪਟ ਕਰ ਦਿੱਤੀ। ਤੇ ਪੈਸਾ ਸਾਰਾ ਆਪ ਡਕਾਰ ਗਿਆ। ਉਹਨਾਂ ਦਾ ਘਰ ਵੀ ਬੈਂਕ ਲੈ ਗਈ। ਹੁਣ ਉਹ ਬੇਸਮੈਂਟਾਂ ਵਿੱਚ ਰੁਲਦੇ ਨੇ ਤੇ ਇਹ ਏਥੇ ਬੈਠਾ ਜੱਕੜ ਛੱਡੀ ਜਾਂਦਾ ਏ। ਆਪ ਮਿਸੀਸਾਗਾ ਰੋਡ ਤੇ ਪੌਸ਼ ਏਰੀਏ ਵਿੱਚ ਮਿਲੀਅਨ ਡਾਲਰ ਦਾ ਘਰ ਲਈਂ ਬੈਠਾ। ਹੁਣ ਆਪੇ ਗੱਲਾਂ ਆਉਣੀਆਂ ਨੇ। ਪਰ ਮੈਂ ਤੈਨੂੰ ਦੱਸਾਂ, ਇਹ ਪੂਰਾ ਜ਼ਹਿਰੀਲਾ ਨਾਗ ਹੈ, ਜਿਸ ਦੇ ਡੰਗੇ ਰੁੱਖ ਵੀ ਹਰੇ ਨਹੀ ਹੁੰਦੇ”
ਇਸ ਮਹਿਫਲ ਵਿੱਚ ਦੁਆਬੇ ਵਾਲਾ ਰਘਵੀਰ ਵੀ ਬੈਠਾ ਸੀ। ਉਹ ਵੀ ਗੱਲ ਕਰਨ ਲਈ ਕਦੋਂ ਦਾ ਉੱਸਲਵੱਟੇ ਲੈ ਰਿਹਾ ਸੀ, ਜਿਵੇਂ ਢਿੱਡ ਪੀੜ ਹੋ ਰਹੀ ਹੋਵੇ। ਆਖਿਰ ਉਸ ਨੇ ਵੀ ਆਪਣੀ ਛੱਡ ਹੀ ਦਿੱਤੀ ”ਭਾਅ ਏਥੇ ਨੀ ਜੁਆਕ ਜਵੂਕ ਨਾਲ ਰਹਿੰਦੇ। ਉਡਾਰ ਹੋਏ ਨੀ ਤੇ ਉੱਡੇ ਨੀ। ਅਸੀਂ ਸਾਰੀ ਉਮਰ ਗਾਲ਼ ਦਿੱਤੀ, ਜਦੋਂ ਸੇਵਾ ਕਰਾਉਣ ਦਾ ਮੌਕਾ ਆਇਆ ਤਾਂ ਉਹ ਆਪਣਾ ਘਰ ਲੈ ਕੇ ਬਹਿ ਗਏ। ਦੇਖ ਲਿਉ ਜਗੀਰ ਸਿਉਂ ਦੇ ਮੁੰਡੇ ਨੇ ਵੀ ਏਦਾਂ ਈ ਕਰਨੈ”
ਉਥੇ ਇੱਕ ਕੈਨੇਡੀਅਨ ਬੌਰਨ ਮੁੰਡਾ ਗੈਰੀ ਵੀ ਬੈਠਾ ਸੀ, ਜਿਸ ਤੋਂ ਰਿਹਾ ਨਾ ਗਿਆ ”ਨਾ ਏਹਦੇ ‘ਚ ਕੀ ਮਾੜੀ ਗੱਲ ਆ? ਅੰਕਲ ਥੋਨੂੰ ਆਪਣੇ ਨਿਆਣਿਆਂ ਨੂੰ ਵੀ ਸਮਝਣੈ ਚਾਹੀਦੈ। ਉਹਨਾਂ ਦੀ ਆਪਣੀ ਲਾਈਫ ਉ ਆ”
ਨਿੰਦੀ ਨੂੰ ਵੀ ਮੌਕਾ ਮਿਲ ਗਿਆ ”ਨਿਆਣੇ ਵੀ ਕੀ ਕਰਨ? ਸਿਆਣੇ ਤਾਂ ਦਿਨ ਰਾਤ ਕੰਮ ਦਾ ਕੋਹਲੂ ਗੇੜੀ ਜਾਂਦੇ ਨੇ। ਸੈਟਸਫੈਕਸ਼ਨ ਕੋਈ ਹੈ ਨੀ। ਵੱਡਾ ਘਰ। ਫੇਰ ਹੋਰ ਵੱਡਾ ਘਰ, ਦਿਖਾਵਿਆਂ ਨੇ ਮਾਰੇ ਪਏ ਨੇ। ਜਦੋਂ ਘਰ ਹੀ ਨਹੀਂ ਵੜ੍ਹਨਾ, ਪਹਿਲਾਂ ਜੁਆਕ ਬੇਬੀ ਸਿਟਰਾਂ ਦੇ ਸੁੱਟੀ ਰੱਖਣੇ ਨੇ, ਤੇ ਫੇਰ ਉਹਨਾਂ ਨੂੰ ਟਾਈਮ ਨਹੀਂ ਦੇਣਾ। ਫੇਰ ਉਹ ਸੋਚਦੇ ਹੋਣਗੇ ਕੇ ਜੇ ਥੋਡੇ ਕੋਲ ਸਾਡੇ ਲਈ ਟਾਈਮ ਨਹੀਂ ਸੀ, ਹੁਣ ਸਾਡੇ ਕੋਲ ਵੀ ਥੋਡੇ ਲਈ ਟਾਈਮ ਨਹੀਂ। ਇਹ ਤਾਂ ਹਰ ਘਰ ਦੀ ਕਹਾਣੀ ਆ। ਮੈਂ ਬਹੁਤ ਲੋਕਾਂ ਨੂੰ ਜਾਣਦਾ ਹਾਂ, ਜੋ ਓਵਰ ਟਾਈਮ ਪਿੱਛੇ ਸਭ ਕੁੱਝ ਛੱਡ ਸਕਦੇ ਨੇ। ਲੋਕਾਂ ਦਾ ਪਿਆਰ ਐ ਪੈਸੇ ਨਾਲ, ਨਿਆਣੇ ਵੀ ਕੀ ਕਰਨ?”
ਸੁਖਰਾਜ ਵੀ ਪਿੱਛੇ ਨਾ ਰਿਹਾ ”ਆਪਣੇ ਕਈ ਲੋਕਾਂ ਨੇ ਨਿਆਣੇ ਸਿਰ ਵੀ ਬਹੁਤ ਚੜ੍ਹਾਏ ਹੋਏ ਨੇ। ਕਾਰ ਮੰਗਦੇ ਨੇ ਕਾਰ ਲੈ ਦਿੱਤੀ, ਜੋ ਵੀ ਮੰਗਦੇ ਨੇ ਹਾਜ਼ਰ ਕਰ ਦਿੱਤਾ। ਅਖੇ ਅਸੀਂ ਜਵਾਕਾਂ ਲਈ ਹੀ ਮਰਦੇ ਹਾਂ। ਉਨ੍ਹਾਂ ਤੋਂ ਕੋਈ ਖਰਚਾ ਨੀ ਲੈਣਾ, ਕੋਈ ਜਿੰਮੇਵਾਰੀ ਨੀ ਪਾਉਣੀ। ਫੇਰ ਬਿਗੜਨਾ ਈ ਆਂ ਜੁਆਕਾਂ ਨੇ? ਜੀਹਦੇ ਕਿਸੇ ਦੇ ਚੰਗੇ ਨੇ ਉਹ ਊਂ ਨੀ ਕੁਸਕਣ ਦਿੰਦਾ। ਕੋਈ ਉਨ੍ਹਾਂ ਦੀ ਰਾਇ ਨਹੀਂ ਪੁੱਛਦਾ। ਉਹ ਵਿਚਾਰੇ ਦੋ ਸੱਭਿਆਚਾਰਾਂ ਵਿੱਚ ਸੈਂਡਵਿੱਚ ਬਣ ਕੇ ਜੀਈ ਜਾਂਦੇ ਨੇ। ਫੇਰ ਜਦੋਂ ਮੌਕਾ ਮਿਲਦੈ, ਉਡਾਰੀ ਮਾਰ ਜਾਂਦੇ ਨੇ”
ਜਗੀਰ ਬੋਲਿਆ ”ਅਸੀਂ ਆਏ ਹਾਂ ਜੁਆਇੰਟ ਫੈਮਲੀਆਂ ਚੋਂ, ਸਾਡੇ ਤੋਂ ਕਿੱਥੋਂ ਜੁਆਕ ਗੋਰਿਆਂ ਵਾਂਗ ਘਰੋਂ ਕੱਢੇ ਜਾਂਦੇ ਨੇ”
”ਅੰਕਲ ਆਹ ਹੀ ਤਾਂ ਸਮੱਸਿਆ ਹੈ। ਅਸੀਂ ਨਿਆਣਿਆਂ ਨੂੰ, ਨਾਂ ਪੈਰਾਂ ਤੇ ਖੜਾ ਹੋਣ ਦਿੰਦੇ ਹਾਂ, ਤੇ ਨਾਂ ਹੀ ਉਨ੍ਹਾਂ ਦੀ ਕੋਈ ਵੱਖਰੀ ਪਛਾਣ ਬਣਨ ਦਿੰਦੇ ਹਾਂ। ਹੋਰ ਤਾਂ ਹੋਰ, ਸਾਡੇ ਬੰਦੇ ਤਾਂ ਮਰਨ ਤੱਕ ਮੁਖਤਿਆਰੀ ਹੀ ਨਹੀਂ ਛੱਡਦੇ” ਸੁਖਰਾਜ ਥੋੜਾ ਚੁੱਪ ਰਹਿ ਕੇ ਫੇਰ ਬੋਲਿਆ ”ਸਾਡੇ ਕੰਮ ਤੇ ਇੱਕ ਗੋਰਾ ਐਂਡਰਿਊ ਹੈ, ਐਵੇਂ ਇੱਕ ਦਿਨ ਗੱਲਾਂ ਚੱਲ ਪਈਆਂ, ਕਹਿੰਦਾ ‘ਤੁਹਾਡੇ ਲੋਕਾਂ ਨੂੰ ਤਾਂ ਜੀਣਾ ਹੀ ਨਹੀਂ ਆਉਂਦਾ। ਜੀਂਦੇ ਘੱਟ ਨੇ ਦਿਖਾਵਾ ਬਹੁਤਾ ਕਰਦੇ ਨੇ। ਵੱਡੇ ਘਰ, ਮਹਿੰਗੀਆਂ ਕਾਰਾਂ, ਦਾਜ ਦਹੇਜ। ਫੇਰ ਸਾਰੀ ਉਮਰ ਡਬਲ ਜੌਬਾਂ ਕਰ ਕਰ, ਕਰਜ਼ੇ ਉਤਾਰੀ ਜਾਣਗੇ। ਨਾਂ ਉਨ੍ਹਾਂ ਕੋਲ ਨਿਆਣਿਆ ਲਈ ਟਾਈਮ ਹੈ, ਨਾਂ ਘਰਵਾਲੀ ਲਈ ਤੇ ਨਾਂ ਹੀ ਆਪਣੇ ਲਈ। ਕਿਤੇ ਘੁੰਮਣ ਫਿਰਨ ਵੀ ਨਹੀਂ ਜਾਂਦੇ। ਸੌ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਫੇਰ ਪਤਾ ਨਹੀਂ ਕੈਨੇਡਾ ਵਰਗੇ ਮੁਲਕ ਵਿੱਚ ਉਹ ਕਿਉਂ ਆਏ ਸਨ? ਜਦੋਂ ਲਾਈਫ ਹੀ ਇਨਜੁਆਏ ਨਹੀਂ ਕਰਨੀ?”
ਪ੍ਰੀਤਮ ਬੋਲਿਆ ”ਉਹਦੀ ਗੱਲ ਸੌ ਪ੍ਰਤੀਸ਼ਤ ਠੀਕ ਹੈ। ਗੋਰੇ ਖੁਦ ਆਪਣੇ ਲਈ ਜੀਂਦੇ ਨੇ ਤੇ ਅਸੀਂ ਦੂਜਿਆਂ ਲਈ”
ਸੁਖਰਾਜ ਬੋਲਿਆ ”ਅੱਗੇ ਵੀ ਸੁਣੋ। ਐਂਡਰੀਊ ਕਹਿੰਦਾ ਮੈਂ ਤਾਂ ਆਪਣੇ ਮੁੰਡੇ ਨੂੰ ਜਿਸ ਦਿਨ ਉਹ ਨੌਕਰੀ ਤੇ ਲੱਗਿਆ ਉਸੇ ਦਿਨ ਹੀ ਕਹਿ ਦਿੱਤਾ ਸੀ, ਕਿ ਹੁਣ ਜੇ ਮੇਰੇ ਨਾਲ ਰਹਿਣਾ ਹੈ ਤਾਂ ਤੈਨੂੰ ਖਰਚਾ ਦੇਣਾ ਪਊ। ਆਪਣੀ ਗ੍ਰੌਸਰੀ ਵੀ ਆਪ ਕਰ। ਯੂ ਆਰ ਨਾਟ ਏ ਹੈਂਡੀਕੈਪਡ-ਅਦਰਵਾਈਜ਼ ਫਾਈਂਡ ਦਾ ਅਦਰ ਪਲੇਸ”
ਮੁੰਡੇ ਨੇ ਬਾਹਰ ਜਗਾ ਲੱਭਣੀ ਸ਼ੁਰੂ ਕੀਤੀ ਤਾਂ ਲੋਕ ਹਜ਼ਾਰ ਹਜ਼ਾਰ ਡਾਲਰ ਮਹੀਨੇ ਦਾ ਕਿਰਾਇਆ ਮੰਗਣ। ਫੇਰ ਉਸ ਨੇ ਆਪਣੇ ਡੈਡ ਨੂੰ ਹੀ ਛੇ ਸੌ ਡਾਲਰ ਮਹੀਨਾ ਦੇਣਾ ਬੇਹਤਰ ਸਮਝਿਆ। ਪਰ ਸਾਡੇ ਲੋਕ ਐਵੇਂ ਨਿਆਣਿਆਂ ਨੂੰ ਪੁੱਚ ਪੁੱਚ ਕਰੀਂ ਜਾਣਗੇ। ਤੇ ਉਹ ਅੱਗੋਂ ਹੋਰ ਸਿਰ ਚੜ੍ਹੀ ਜਾਂਦੇ ਆ”
ਪ੍ਰੀਤਮ ਢੰਗੀ ਦੀ ਬੇਚੈਨੀ ਵੀ ਉਸ ਨੂੰ ਚੁੱਪ ਨਹੀਂ ਸੀ ਬੈਠਣ ਦੇ ਰਹੀ ”ਯਾਰ ਆਪਾਂ ਦੇਸੀ ਬੰਦੇ ਭਲਾਂ ਗੋਰੇ ਕਿਵੇਂ ਬਣ ਸਕਦੇ ਆਂ? ਆਪਾਂ ਇਹਨਾਂ ਮੁਲਕਾਂ ‘ਚ ਆਏ ਕਾਹਦੇ ਲਈ ਹਾਂ?ਪੈਸਾ ਕਮਾਉਣ, ਨਿਆਣਿਆਂ ਲਈ, ਅਤੇ ਚੰਗੇ ਜੀਵਨ ਲਈ। ਫੇਰ ਵੀ ਤਾਂ ਨਿਆਣਿਆਂ ਨੂੰ ਈ ਜਾਣੈ ਸਭ ਕੁਛ। ਜੇ ਉਹ ਸਾਡੇ ਜੀਂਦੇ ਜੀ ਐਸ਼ਾਂ ਕਰ ਲੈਣਗੇ ਤਾਂ ਕੀ ਮਾੜੀ ਗਾਲ ਆ?
”ਪ੍ਰੀਤਮ ਬਾਈ ਤੁਹਾਨੂੰ ਢੰਗ ਹੈ” ਸੁਖਰਾਜ ਬੋਲਿਆ। ਬੈਠੇ ਲੋਕ ਮੁਸਕੜੀਏਂ ਹੱਸੇ। ਉਸ ਨੇ ਗੱਲ ਜੋ ਟਿਕਾਣੇ ਮਾਰੀ ਸੀ।
ਫੇਰ ਵੱਢ ਖਾਣਾ ਜੀਤੂ ਗੱਲ ਨੂੰ ਹਾਸੇ ‘ਚ ਪਾਉਂਦਾ ਬੋਲਿਆ, ”ਬਾਈ ਐਵੇਂ ਤਾਂ ਨੀ ਅੱਲਾਂ ਪੈਂਦੀਆਂ। ਹੁਣ ਸਾਡੇ ਬੁੜਿਆਂ ਨੂੰ ਵੀ ਤਾਂ ਹੀ ਅਗਲੇ ਵੱਢ ਖਾਣੇ ਕਹਿੰਦੇ ਸੀ। ਜਦੋਂ ਅਗਲੇ ਨੂੰ ਮੂਹਰਿਉਂ ਟੁੱਟੀ ਕੁਹਾੜੀ ਵਾਂਗ ਪੈਣਾ ਏ। ਇੱਕ ਸਾਡੇ ਪਿੰਡ ਟੋਭੇ ਫੂਕ ਹੁੰਦੇ ਸੀ। ਉਨ੍ਹਾਂ ਦੇ ਬੁੜੇ ਪਤੰਦਰ ਛੱਪੜ ਕੰਢੇ ਖੜੇ ਝਾੜ ਛਿੱਛਰ ਨੂੰ ਅੱਗ ਲਾਈਂ ਹੀ ਰੱਖਦੇ ਸੀ। ਹੁਣ ਜੇ ਪ੍ਰੀਤਮ ਬਾਈ ਦੀ ਅੱਲ ‘ਢੰਗੀ’ ਪਈ ਹੋਈ ਹੈ ਤਾਂ ਮਾਇਆ ਕਮਾਉਣ ਦਾ ਕੋਈ ਦਾ ਢੰਗ ਏਹਦੇ ਕੋਲ ਹੋਣਾ ਈ ਆਂ” ਸਾਰੇ ਲੋਕ ਤਿੜ ਤਿੜ ਕਰਕੇ ਹੱਸ ਪਏ, ਜਿਵੇਂ ਕੋਈ ਅਨਾਰ ਚੱਲਦਾ ਹੈ।
ਫੇਰ ਕੋਈ ਬੋਲਿਆ, ”ਚਲੋ ਛੱਡੋ ਯਾਰ ਜੀਹਦੇ ਘਰ ਪਾਰਟੀ ਤੇ ਆਏਂ ਹਾਂ ਉਹਦੀ ਵੀ ਕੋਈ ਗੱਲ ਸੁਣੀਏ”
”ਪਹਿਲਾਂ ਗੱਲ ਕਰਨ ਜੋਗੇ ਤਾਂ ਹੋ ਲਈਏ” ਕੋਈ ਪੈੱਗ ਚੁੱਕਦਾ ਬੋਲਿਆ।
ਜੀਤੂ ਵੱਢ ਖਾਣਾ ਹੱਥ ਤੇ ਰੱਖੀਆਂ ਕਾਜੂ ਬਦਾਮ ਦੀਆਂ ਗਿਰੀਆਂ ਖਾਂਦਾ ਬੋਲਦਾ ਰਿਹਾ ”ਦਰਅਸਲ ਸਾਡੇ ਬਜੁਰਗ ਖਰਬੂਜ਼ੇ ਬਹੁਤ ਬੀਜਦੇ ਸੀ। ਜਦੋਂ ਪੱਕ ਜਾਣੇ ਤਾਂ ਨਿਆਣਿਆ ਸਿਆਣਿਆਂ ਨੇ ਤੋੜਨ ਦੀ ਕੋਸ਼ਿਸ਼ ਕਰਨੀ, ਤੇ ਬੁੜੇ ਸਾਡੇ ਨੇ ਸੂਈ ਕੁੱਤੀ ਵਾਂਗੂੰ ਟੁੱਟ ਕੇ ਪੈ ਜਾਣਾ। ਬੱਸ ਇਹ ਉਹਦੀ ਬੋਲੀ ਦਾ ਹੀ ਪ੍ਰਤਾਪ ਐ। ਹੁਣ ਇੰਡੀਆ ਛੱਡ ਕੇ ਕੈਨੇਡਾ ਵੀ ਆ ਗਏ। ਪਰ ਰਹੇ ਵੱਢ ਖਾਣੇ ਈ। ਅਖੇ ਵੱਢ ਖਾਣਿਆਂ ਦੇ ਜਾਣੈ” ਲੱਗਦੈ ਉਸ ਨੂੰ ਸਰੂਰ ਹੋ ਗਿਆ ਸੀ।
ਨਿੰਦੀ ਬੋਲਿਆ ”ਸਾਡੇ ਪਿੰਡ ਵੀ ਸੀ ਇੱਕ ਦਾਲ਼ ਪੀਣੇ”
ਪ੍ਰੀਤਮ ਨੂੰ ਇਹ ਗੱਲਾਂ ਵਾਧੂ ਜਿਹੀਆਂ ਲੱਗੀਆਂ ਤੇ ਉਹ ਚੁੱਪ ਚਾਪ ਮੁਰਗ਼ੇ ਦੀ ਲੱਤ ਚੂੰਡਦਾ ਰਿਹਾ। ਪਰ ਇੱਕ ਸਿਆਣਾ ਬੰਦਾ ਨਾਇਬ ਸਿੰਘ ਬੋਲਿਆ ”ਭਾਈ ‘ਲਾਦ ਚੰਗੀ ਨਿੱਕਲ ਆਵੇ ਤਾਂ ਹੀ ਪਾਲਟੀਆਂ ਸੋਭਦੀਆਂ ਨੇ। ਏਥੇ ਨੀ ਸਾਊਆ ਨਿਆਣਿਆਂ ਦਾ ਪਤਾ ਲੱਗਦਾ। ਸਹੁਰੇ ਕੰਨਾ ਨੂੰ ਟੂਟੀਆਂ ਜਿਹੀਆਂ ਲਾਈਂ, ਫੋਨ ਤੇ ਸਾਰਾ ਦਿਨ ਉਂਗਲੀਆਂ ਨਾਲ ਠੂੰਗੇ ਜਿਹੇ ਮਾਰੀ ਜਾਣਗੇ। ਕਿਸੇ ਦੀ ਸੁਣਦੇ ਈ ਨੀ। ਪਤਾ ਨੀ ਕੀ ਕਰੀ ਜਾਂਦੇ ਨੇ। ਚੱਲ ਭਾਈ ਜੰਗੀਰਾ ਸਿਉਂ ਦੀ ਤਾਂ ਰੱਬ ਨੇ ਸੁਣ ਲਈ”
ਸੁਖਰਾਜ ਨੇ ਕਿਹਾ ”ਸੀ ਉ ਵੀ ਹਰ ਕੋਈ ਨੀ ਬਣ ਜਾਂਦਾ, ਨਵਰਾਜ ਪਹਿਲਾਂ ਤੋਂ ਹੀ ਲਾਇਕ ਮੁੰਡਾ ਸੀ। ਨਹੀਂ ਤਾਂ ਬਹੁਤੇ ਨਿਆਣੇ ਯੂਨੀਵਰਸਿਟੀ ਤੱਕ ਪਹੁੰਚਦੇ ਈ ਨੀ”
”ਬੱਸ ਜੀ ਉਹ ਨੇ ਪੜ੍ਹਾਈ ਵਲ ਹੀ ਧਿਆਨ ਰੱਖਿਐ। ਅਸੀਂ ਬਥੇਰਾ ਕਹਿਣਾ ਕਿਤੇ ਤੁਰ ਫਿਰ ਆ। ਮੁੰਡਿਆਂ ਬਗੈਰਾਂ ਨੂੰ ਮਿਲਿਆ ਜੁਲਿਆ ਕਰ, ਤੈਨੂੰ ਬਾਹਰਲੀ ਦੁਨੀਆਂ ਦਾ ਵੀ ਪਤਾ ਲੱਗੇ। ਪਰ ਉਹਨੇ ਘਰੇ ਹੀ ਕਿਤਾਬ ਚੁੱਕੀਂ ਬੈਠਾ ਰਹਿਣਾ। ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਵਿੱਚੋਂ ਨਵਰਾਜ ਪਹਿਲਾਂ ਮੁੰਡਾ ਹੈ ਜਿਸ ਨੇ ਯੂਨੀਵਰਸਿਟੀ ਦੀ ਸਾਰੀ ਪੜ੍ਹਾਈ ਵਜ਼ੀਫੇ ਨਾਲ ਕੀਤੀ ਆ। ਉਹਨੂੰ ਸੱਤ ਯੂਨੀਵਰਸਿਟੀਆਂ ਤੋਂ ਆਫਰਾਂ ਆਈਆਂ ਸੀ। ਨੰਬਰ ਵੀ ਕਦੇ 95% ਤੋਂ ਨੀ ਸੀ ਡਿਗੇ” ਜਗੀਰ ਮਾਣ ਨਾਲ ਦੱਸ ਰਿਹਾ ਸੀ। ਪਰ ਪ੍ਰੀਤਮ ਨੂੰ ਇਹ ਗੱਲਾਂ ਹਜ਼ਮ ਨਹੀਂ ਸਨ ਹੋ ਰਹੀਆਂ। ਉਹ ਬੋਲਿਆ,
”ਨੌਕਰੀ ਲੱਗ ਕੇ ਵੀ ਤਾਂ ਪੈਸੇ ਈ ਕਮਾਉਣੇ ਹੁੰਦੇ ਨੇ। ਉਹ ਵੀ ਲਿਮਟਿਡਸ਼। ਪਰ ਬਿਜ਼ਨਸ ਵਿੱਚ ਤੁਸੀਂ ਜਿਨੇ ਮਰਜ਼ੀ ਕਮਾ ਲਉ। ਹੁਣ ਮੇਰੇ ਮੁੰਡੇ ਕਿਸੇ ਯੂਨੀਵਰਸਿਟੀ ਨਹੀਂ ਗਏ, ਟਰਾਂਸਪੋਰਟ ਦਾ ਕੰਮ ਦੇਖਦੇ ਨੇ। ਪਰ ਪੈਸੇ ਦੇ ਮਾਮਲੇ ਵਿੱਚ ਵੱਡੀਆਂ ਜੌਬਾਂ ਵਾਲੇ ਵੀ ਉਨ੍ਹਾਂ ਦੀ ਰੀਸ ਨੀ ਕਰ ਸਕਦੇ”
ਜਗੀਰ ਫੇਰ ਬੋਲਿਆ, ”ਕਦੇ ਸਾਡਾ ਬਾਪੂ ਦਸੌਂਧਾ ਕਿਹਾ ਕਰਦਾ ਸੀ ਕਿ ਪਤਾ ਨੀ ਕਦੋਂ ਖੇਤੀ ਤੋਂ ਛੁਟਕਾਰਾ ਮਿਲੂ। ਉਹ ਹਲ਼ ਪੰਜਾਲੀ ਤੋਂ ਹੀ ਅੱਕਿਆ ਪਿਆ ਸੀ। ਹੋਰ ਕਰਦਾ ਵੀ ਕੀ? ਐਨਾ ਮਰ ਕੇ ਖਰਚੇ ਈ ਪੂਰੇ ਨੀ ਸੀ ਹੁੰਦੇ। ਫੇਰ ਵੀ ਉਹ ਨੇ ਖੇਤੀ ਦੇ ਸਿਰ ਤੇ ਹੀ ਆਪਣੀਆਂ ਸਾਰੀਆਂ ਭੈਣਾ ਵਿਆਹੀਆਂ, ਸਾਨੂੰ ਬਾਹਰ ਤੋਰਿਆ। ਚੱਲੋ ਹੁਣ ਮੁੰਡਾ ਦਫਤਰ ਦੀ ਨੌਕਰੀ ਤਾਂ ਕਰੂ। ਨਾਲੇ ਪੈਸੇ ਵੀ ਚੰਗੇ ਮਿਲਣਗੇ”
ਨਿੰਦੀ ਬੋਲਿਆ ”ਅੰਕਲ ਏਥੇ ਕੈਨੇਡਾ ਵਿੱਚ ਵੀ ਛੋਟੀਆਂ ਜੌਬਾਂ ਵਾਲਿਆਂ ਦਾ ਏਹੋ ਹਾਲ ਆ। ਉਹਨਾਂ ਦਾ ਵੀ ਮਸ਼ੀਨਾਂ ਤੋਂ ਖਹਿੜਾ ਨਹੀਂ ਛੁੱਟਦਾ। ਜਿਨੇ ਕਮਾਉ ਉਨੇ ਹੀ ਕਢਾਉ ਵਾਲੀ ਹਾਲਤ ਹੈ। ਬਿੱਲ ਬੱਤੀਆਂ ਈ ਪੂਰੇ ਨੀ ਹੁੰਦੇ। ਖੂਹ ਦੀ ਮਿੱਟੀ ਖੂਹ ਨੂੰ ਈ ਲੱਗੀ ਜਾਂਦੀ ਆ”
ਸੁਖਰਾਜ ਨੇ ਕਿਹਾ ”ਅਗਲਿਆਂ ਏ ਟੀ ਐੱਮ ਮਸ਼ੀਨਾ ਨੂੰ ਪੋਰ ਜੋ ਲਾਏ ਹੋਏ ਨੇਸ਼। ਤੁਸੀਂ ਡਾਲਰ ਪਾਈ ਜਾਉ, ਉਹ ਆਪਣੇ ਆਪ ਕਿਰੀ ਜਾਂਦੇ ਨੇ। ਪੋਰ ਖਾਲੀ ਦਾ ਖਾਲੀ”
ਜਗੀਰ ਨੇ ਅਜਿਹੀਆਂ ਚਟਪਟੀਆਂ ਗੱਲਾਂ ਸੁਣਨ ਨੂੰ ਹੀ ਤਾਂ ਇਹ ਮਹਿਫਲ ਰੱਖੀ ਸੀ। ਜਦੋਂ ਤੋਂ ਉਹ ਰਿਟਾਇਰ ਹੋਇਆ ਸੀ, ਬਾਹਰਲੀ ਦੁਨੀਆਂ ਨਾਲੋਂ ਜਿਵੇਂ ਟੁੱਟ ਹੀ ਗਿਆ ਹੋਵੇ। ਪਰ ਉਸਦੀ ਘਰ ਵਾਲੀ ਜਸਵੀਰ ਕੁਰ ਨੂੰ ਅਜਿਹੀਆਂ ਪਾਰਟੀਆਂ ਬਿਲਕੁੱਲ ਪਸੰਦ ਨਹੀਂ ਸਨ। ਉਸ ਦੀ ਸ਼ਰਧਾ ਤਾਂ ਸਿਰਫ ਪਾਠ ਪੂਜਾ ਵਿੱਚ ਹੀ ਸੀ। ਇਸ ਵਾਰ ਵੀ ਉਸ ਨੇ ਰੋਕਿਆ ਸੀ, ”ਆਹ ਹੀ ਪੈਸੇ ਜੋ ਏਥੇ ਲਾਉਣੇ ਨੇ ਕੋਈ ਦਾਨ ਪੁੰਨ ਕਰ ਦਿਉ, ਕਿਸੇ ਗੁਰਦੁਵਾਰੇ ਨੂੰ ਦੇ ਆਉ। ਲੋਕ ਤਾਂ ਮੀਟ ਸ਼ਰਾਬਾਂ ਖਾਅ ਪੀ ਕੇ ਔਹ ਜਾਣਗੇ। ਤੇ ਮੈਂ ਸਾਫ ਸਫਾਈਆਂ ਕਰਦੀ ਮਰ ਜੂੰ। ਕੀ ਫਾਇਦੈ?” ਜਗੀਰ ਨੇ ਕਿਹਾ ਸੀ, ”ਕੋਈ ਨਾ ਮੈਂ ਕਰਵਾਦੂੰ ਤੇਰੀ ਹੈਲਪ। ਬਹਾਨੇ ਸਿਰ ‘ਕੱਠੇ ਹੋ ਲਾਂਗੇ। ਘੜੀ ਫੱਨ ਸ਼ੱਨ ਹੋਜੂ”
”ਨਾ ਫੱਨ ਸ਼ੱਨ ਨੂੰ ਹੁਣ ਤੁਸੀਂ ਕੋਈ ਮੁੰਡੇ ਖੁੰਡੇ ਓਂ? ਏਸ ਉਮਰ ‘ਚ ਤਾਂ ਬੰਦੇ ਨੂੰ ਰੱਬ ਦਾ ਨਾਂ ਲੈਣਾ ਚਾਹੀਦੈ”
”ਬਈ ਤੂੰ ਹੀ ਲਈ ਚੱਲ ਰੱਬ ਦਾ ਨਾਉਂ। ਮੇਰੇ ਤੋਂ ਨੀ ਇਹ ਟਟਵੈਰ ਜਿਹੇ ਹੁੰਦੇ। ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ, ਕੰਮ ਜਿਹੜਾ ਮਰਜੀ ਕਰਵਾ ਲਉ”
”ਰੱਬ ਦੇ ਨਾਂ ਤੋਂ ਤਾਂ ਇਉਂ ਡਰਦੇ ਆ ਜਿਵੇਂ ਕਾਂ ਗੁਲੇਲ ਤੋਂ। ਉੱਚੇ ਪਿੰਡੀਏ ਬਾਬੇ ਦੱਸਦੇ ਸੀ ਬਈ ਨਾਮ ਨਾਲ ਹੀ ਬੰਦੇ ਦਾ ਛੁਟਕਾਰਾ ਹੋਣੈ। ਏਸੇ ਵੀਕਐਂਡ ਤੇ ਪਝੱਤਰ ਨੰਬਰ ਵਾਲਿਆਂ ਦੀ ਬੇਸਮੈਂਟ ਵਿੱਚ ਸੰਗਤ ਐ, ਪਰ ਤੁਸੀਂ ਆਹ ਆਪਣਾ ਖੱਪ ਖਾਨਾ ਰੱਖ ਕੇ ਬਹਿਗੇ”
”ਚੰਗਾ ਬਹੁਤਾ ਨਾ ਬੋਲੀ ਜਾ। ਤੈਨੂੰ ਪਤੈ, ਮੈਨੂੰ ਬਾਬਾ ਵਾਦ ਨਾਲ ਸਖਤ ਨਫਰਤ ਐ। ਮੈਂ ਇਹਨੂੰ ਵੀ ਜਾਣਦੈ ਗੁਰਦੇਵ ਸਿੰਘ ਉੱਚੇ ਪਿੰਡੀਏ ਨੂੰ। ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਗੱਲ ਐ ਇਹਦੀ। ਸੌ ਪਾਪੜ ਵੇਲੇ ਨੇ ਇਹਨੇ ਪਹਿਲੀਆਂ ‘ਚ। ਹਰਾਮ ਦਾ ਖਾਣ ਤੇ ਲੱਕ ਬੰਨਿਆ ਹੈ। ਸਾਰੀ ਉਮਰ ਕਦੇ ਕੰਮ ਦਾ ਡੱਕਾ ਨੀ ਤੋੜਿਆ। ਘਰਵਾਲੀ ਤੇ ਨਿਆਣੇ ਘਰੋਂ ਕੱਢ ਤੇ ਸੀ ਏਹਨੇਸ਼। ਹੁਣ ਬਾਬਾ ਬਣ ਕੇ ਬੈਠਾ ਏ। ਬੜਾ ਕੰਮ ਸੂਤ ਆਇਐ”
”ਐਵੇਂ ਨਾ ਨਿੰਦਿਆ ਕਰੋਂ। ਕਿਉਂ ਪਾਪਾਂ ਦੇ ਭਾਗੀ ਬਣਦੇ ਓਂ। ਓਦਣ ਦੱਸਦੇ ਨੀ ਸੀ ਬਈ ਸੰਤਾਂ ਦਾ ਨਿੰਦਕ ਸਿੱਧਾ ਨਰਕਾਂ ਨੂੰ ਜਾਂਦੈ”
”ਤੂੰ ਏਸ ਪੂਪਨੇ ਨੂੰ ਸੰਤ ਕਹਿਨੀ ਆਂਸ਼। ਉਸ ਦਿਨ ਵੀ ਮੈਂ ਤੇਰੇ ਕਰ ਕੇ ਚਲਿਆ ਗਿਆ। ਅਖੇ ਬਾਬੇ ਤਾਂ ਸਿਰਫ ਡਰਾਈ ਫਰੂਟ ਈ ਖਾਂਦੇ ਨੇ ਜਾਂ ਮਸ਼ਰੂਮ ਸੂਪ ਪੀਂਦੇ ਨੇ। ਆਪਣੀਆਂ ਲਾਲਸਾਵਾਂ ਤਾਂ ਕਾਬੂ ਨੀ ਆਉਂਦੀਆਂ, ਤੁਰ ਪਿਆ ਲੋਕਾਂ ਨੂੰ ਸੁਧਾਰਨ। ਹਰੇਕ ਵੀਕਐਂਡ ਤੇ ਕਿਸੇ ਦੀ ਬੇਸਮੈਂਟ ਵਿੱਚ ਦੀਵਾਨ ਰੱਖਿਆ ਹੁੰਦੈ। ਹਜ਼ਾਰ ਪੰਜ ਸੌ ਡਾਲਰ ਬਣ ਜਾਂਦੇ ਨੇ ਤੇ ਮੁਫਤ ਦੀ ਸੇਵਾ। ਅਜਿਹੇ ਬਾਬੇ ਤਾਂ ਕੈਂਸਰ ਨੇ ਕੈਂਸਰ” ਜਗੀਰ ਨੇ ਕਿਹਾ ਸੀ।
ਤੇ ਫੇਰ ਉਹਨੇ ਨੇ ਆਪਣੀ ਘਰ ਵਾਲੀ ਦੀ ਸਾਰੀਆਂ ਦਲੀਲਾਂ ਰੱਦ ਕਰਕੇ, ਇਹ ਪਾਰਟੀ ਰੱਖ ਲਈ ਸੀ। ਹੁਣ ਉਸਦੇ ਮਹਿਮਾਨ ਕਮਰੇ ਵਿੱਚ ਪੂਰਾ ਘੜਮੱਸ ਪੈ ਰਿਹਾ ਸੀ।
ਏਨੇ ਨੂੰ ਦਲਜੀਤ ਸਿੰਘ ਦੀ ਫੈਮਲੀ ਵੀ ਪਹੁੰਚ ਗਈ। ਉਹ ਕਿਸੇ ਹੋਰ ਪਾਰਟੀ ਤੋਂ ਆਏ ਸਨ। ਦਲਜੀਤ ਜਗੀਰ ਨਾਲ ਹੱਥ ਮਿਲਾਉਂਦਾ ਬੋਲਿਆ ”ਅੰਕਲ ਥੋਡੀ ਸਟਰੀਟ ਤੇ ਕਿਤੇ ਵੀ ਪਾਰਕਿੰਗ ਨਹੀਂ ਮਿਲੀ। ਗੱਡੀਆਂ ਹੀ ਗੱਡੀਆਂ ਖੜੀਆਂ ਨੇ। ਕੀ ਚੱਕਰ ਆ?”
”ਹਾਂ ਸੱਚ ਅਸੀਂ ਬਹੁਤ ਦੂਰ ਪਾਰਕ ਕਰਕੇ ਜਦ ਤੁਰੇ ਆਉਂਦੇ ਸੀ ਤਾਂ ਪਝੱਤਰ ਨੰਬਰ ਘਰ ਮੂਹਰੇ ਇੱਕ ਮਰਸੈਡੀ ਰੁਕੀ ਜਿਸ ਵਿੱਚੋਂ ਤਿੰਨ ਚਾਰ ਚਿੱਟੇ ਦੁੱਧ ਕੱਪੜਿਆਂ ਵਾਲੇ ਗੜਬਈ ਉਤਰੇ ਤੇ ਇੱਕ ਕੋਈ ਸੰਤ ਮਹਾਪੁਰਸ਼ ਲੱਗ ਰਹੇ ਸੀ”
”ਉਏ ਆਹੋ। ਇਹ ਹੀ ਹੈ ਬਗਲਾ ਭਗਤ, ਗੁਰਦੇਵ ਸਿੰਘ ਉੱਚੇ ਪਿੰਡੀਆ। ਉਹਦਾ ਸੰਤਸੰਗ ਹੈ ਅੱਜ ਉਥੇ। ਸਾਡੀ ਸਰਦਾਰਨੀ ਵੀ ਜਾਣ ਨੂੰ ਫਿਰਦੀ ਸੀ। ਸਾਡੇ ਲੋਕਾਂ ਨੂੰ ਕੈਨੇਡਾ ਆ ਕੇ ਵੀ ਅਕਲ ਨਹੀਂ ਆ ਸਕਦੀ। ਭੇਡਾਂ ਵਾਲਾ ਹੀ ਹਾਲ ਐ। ਬੱਸ ਬੂਥੇ ਚੁੱਕ ਕੇ ਤੁਰ ਪੈਂਦੇ ਨੇ ”
ਫੇਰ ਗੱਲ ਬਾਤ ਦਾ ਵਿਸ਼ਾ ਸੰਤਾਂ ਦੁਆਲੇ ਘੁੰਮਣ ਲੱਗਿਆ।
ਪ੍ਰੀਤਮ ਢੰਗੀ ਕਹਿ ਰਿਹਾ ਸੀ, ”ਵੈਸੇ ਜੇ ਪੈਸੇ ‘ਚ ਖੇਹਲਣਾ ਹੋਵੇ ਤਾਂ ਗੁਰਦੁਵਾਰਾ ਖੋਹਲ ਲਵੇ। ਬਹੁਤ ਵਧੀਆਂ ਬਿਜ਼ਨਸ ਆ। ਕੋਈ ਐਡ ਨਹੀਂ ਕਰਨੀ ਪੈਂਦੀ। ਆਪਣੇ ਆਪ ਡਾਲਰਾਂ ਦਾ ਮੀਂਹ ਵਰਦੈ। ਸਭ ਨੇ ਲੱਖ ਲੱਖ ਡਾਲਰ ਵਾਲੀਆਂ ਗੱਡੀਆਂ ਰੱਖੀਆਂ ਹੋਈਆਂ ਨੇ। ਮਿਲੀਅਨਾਂ ਦੇ ਬਿਜ਼ਨਸ ਖੋਹਲੇ ਹੋਏ ਨੇ। ਜਿਹੜੇ ਅਜੇ ਇੰਡੀਆ ਤੋਂ ਸੇਵਕ ਬਣਾ ਕੇ ਬੰਦੇ ਕੱਢਦੇ ਨੇ ਉਹਦੀ ਮਾਇਆ ਅਲੱਗ ਆ”
ਨਿੰਦੀ ਬੋਲਿਆ ”ਜੀਹਨੂ ਗੁਰਦੁਵਾਰੇ ਵਾਲੇ ਵੜਨ ਨੀ ਦਿੰਦੇ ਉਹ ਹੀ ਆਪਣਾ ਡੇਰਾ ਖੋਹਲ ਕੇ ਬੈਠ ਜਾਂਦੈ। ਆਹ ਗੁਰਦੇਵ ਸਿੰਘ ਦੀ ਅੱਜ ਕੱਲ ਬੜੀ ਚੜ੍ਹਾਈ ਆ। ਸੁਖਮਣੀ ਸਹਿਬ ਦੇ ਪਾਠ, ਰੈਣ ਸੁਬਾਈ ਕੀਰਤਣ, ਅਖੰਡਪਾਠ ਸਾਰਾ ਕੁੱਝ ਹੀ ਇਹ ਸੇਲ ਤੇ ਲਾ ਕੇ ਰੱਖਦੈ। ਅੱਜ ਦੀ ਤਰੀਕ ‘ਚ ਇਹਦਾ ਬਿਜ਼ਨਸ ਪੂਰਾ ਬਿਜ਼ੀ ਆ”
ਸੁਖਰਾਜ ਬੋਲਿਆ। ”ਮੇਰੇ ਤੋਂ ਪੁੱਛੋ ਏਹਦੇ ਬਾਰੇ। ਟੌਮੀ ਤੋਂ ਥੱਲੇ ਇਹ ਸੈਂਟ ਨਹੀ ਲਾਉਂਦਾ। ਅਡੀਡਸ ਨਾਇਕੀ ਦੇ ਸ਼ੂ ਤੇ ਜੈਕਟਾਂ ਪਹਿਨਦਾ ਹੈ। ਗਰਮ ਦੁੱਧ ਨਾਲ ਉਬਲੇ ਹੋਏ ਸ਼ੁਆਰੇ। ਅਨਾਰ ਦਾ ਜੂਸ, ਮਸ਼ਰੂਮ ਸੂਪ ਤੇ ਮਸ਼ਰੂਮ ਚਿੱਲੀ ਇਸਦੇ ਮਨਪਸੰਦ ਖਾਣੇ ਨੇ। ਹੁਣ ਤਾਂ ਇਸ ਨੇ ਮੁਹਾਲੀ ਵਿੱਚ ਵੀ ਇੱਕ ਗੁਰਦੁਵਾਰਾ ਬਣਾ ਲਿਆ ਏ। ਉੱਥੇ ਇਸ ਨੇ ਮਾਈ ਸੁੰਦਰਾਂ ਟਰਸਟ ਬਣਾਇਆ ਹੋਇਆ ਹੈ। ਹਸਪਤਾਲ ਤੇ ਵਿਧਵਾ ਆਸ਼ਰਮਾਂ ਦੇ ਨਾਵਾਂ ਤੇ ਪੂਰੇ ਸੰਸਾਰ ਵਿੱਚੋਂ ਪੈਸਾ ਇਕੱਠਾ ਕਰਦਾ ਹੈ। ਏਧਰੋ ਮੁੰਡੇ ਕੁੜੀਆਂ ਲਿਜਾ ਕੇ ਉਧਰ ਰਿਸ਼ਤੇ ਕਰਵਾਉਂਦਾ ਹੈ। ਤੇ ਬਦਲੇ ਵਿੱਚ ਦਾਨ ਦੀ ਮੋਟੀ ਰਕਮ ਬਟੋਰਦਾ ਏ। ਲੁਧਿਆਣੇ ਇਸ ਨੇ ਇੱਕ ਸਕੂਲ ਵੀ ਖੋਹਲ ਰੱਖਿਆ ਹੈ। ਉਥੇ ਇਸ ਨੂੰ ਕੈਨੇਡਾ ਵਾਲੇ ਬਾਬੇ ਕਹਿੰਦੇ ਨੇ। ਪੂਰਾ ਐਸ਼ ਪਰੱਸਤ ਹੈ। ਲੋਕਾਂ ਨੂੰ ਮੁਕਤੀ ਦਾ ਪਾਠ ਪੜਾਉਂਦਾ ਹੈ ਤੇ ਆਪ ਲਾਲਸਾਵਾਂ ਵਿੱਚ ਗਲ਼ ਗਲ਼ ਧਸਿਆ ਪਿਆ ਹੈ। ਪਤਾ ਲੱਗਿਆ ਹੈ ਏਥੇ ਹੌਲੀਡੇਅ ਇਨ ਹੋਟਲਾਂ ਦੀਆਂ ਫਰੈਂਚਾਈਜ਼ ਵੀ ਲਈਆਂ ਨੇ ਇਹਨੇ”
ਜਗੀਰ ਹੱਸਿਆ ”ਏਹੋ ਜਿਹੇ ਬਾਬੇ ਨੂੰ ਤਾਂ ਨੀਂਦ ਵੀ ਦੋ ਪੈੱਗ ਲਾ ਕੇ ਹੀ ਆਉਂਦੀ ਹੋਊ” ਉਸ ਨੇ ਇਹ ਕਹਿ ਕੇ ਲਿਵਿੰਗ ਰੂਮ ਵਲ ਵੀ ਦੇਖਿਆ ਕਿ ਕਿਤੇ ਔਰਤਾਂ ‘ਚ ਬੈਠੀ ਜਸਵੀਰ ਤਾਂ ਨੀ ਸੁਣਦੀ।
ਫੇਰ ਲੋਕ ਏਧਰ ਉਧਰ ਦੀਆਂ ਗੱਲਾਂ ਮਾਰਦੇ ਰਹੇ। ਪਰ ਜਗੀਰ ਦੀ ਸੋਚ ਤਾਂ ਕਿਤੇ ਹੋਰ ਹੀ ਅਟਕ ਗਈ ਸੀ। ਉਹ ਸੋਚਣ ਲੱਗਿਆ, ”ਜਸਵੀਰ ਆਖਿਰ ਕਿਸ ਚੀਜ਼ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੁੰਦੀ ਹੈ? ਤੇ ਕਾਹਦੇ ਲਈ? ਪ੍ਰਮਾਤਮਾਂ ਨੇ ਐਨਾ ਸੋਹਣਾ ਬੇਟਾ ਦਿੱਤਾ ਏ। ਬੇਟੀ ਇੰਗਲੈਂਡ ਵਿੱਚ ਸੈੱਟ ਆ। ਸਾਰੀ ਉਮਰ ਮੈਂ ਏਹ ਨੂੰ ਘਰ ਦੀ ਲਾਣੇਦਾਰਨੀ ਬਣਾ ਕੇ ਰੱਖਿਐ। ਕਦੇ ਕਿਸੇ ਚੀਜ਼ ਦੀ ਤੰਗੀ ਨੀ ਆਉਣ ਦਿੱਤੀ। ਕਦੀ ਕੋਈ ਐਬ ਨੀ ਕੀਤਾ। ਫੇਰ ਵੀ ਇਹ ਉਸ ਪੂਪਨੇ ਕੋਲ ਤੁਰੀ ਫਿਰਦੀ ਆ” ਉਸ ਨੂੰ ਜਾਪਿਆ ਜਿਵੇਂ ਉਸਦੀ ਦਾਰੂ ਉਤਰਦੀ ਜਾ ਰਹੀ ਹੋਵੇ। ਉਸਨੇ ਇੱਕ ਪੈੱਗ ਹੋਰ ਬਣਾ ਲਿਆ।
”ਸੋਨੇ ਵਰਗਾ ਮੁੰਡਾ ਏ ਮੇਰਾ। ਕਦੇ ਬੀਅਰ ਤੱਕ ਟੱਚ ਨਹੀਂ ਕੀਤੀ। ਛੱਬੀ ਸਾਲ ਦੀ ਉਮਰ ਵਿੱਚ ਹੀ ਏਡੀ ਵੱਡੀ ਕੰਪਨੀ ਦਾ ਸੀ ਉ ਬਣ ਗਿਆ। ਕੰਪਨੀ ਵਲੋਂ ਉਸਦੀ ਕਿੱਨੇ ਬੈਨੀਫਿੱਟ ਨੇ। ਤੇ ਟਰੈਵਲ ਦਾ ਖਰਚਾ ਵੀ ਫਰੀ ਹੈ। ਏਥੇ ਤੱਕ ਉਹ ਮੇਰੀ ਕਮਾਈ ਨਾਲ ਪੜ੍ਹਾਈ ਕਰਕੇ ਪਹੁੰਚਿਆ ਏ। ਪਰ ਇਹ ਸੰਤ ਗੁਰਦੇਵ ਸਿੰਘ ਵਿੱਚ ਕਿੱਥੋਂ ਆ ਗਿਆ? ਜਿਸ ਦਾ ਉਹ ਚੰਗੀ ਨੌਕਰੀ ਮਿਲਣ ਲਈ ਧਨਵਾਦ ਕਰਨ ਜਾਣਾ ਚਾਹੁੰਦੀ ਆ?ਤੇ ਆਹ ਮੇਰੀ ਪਾਰਟੀ ਉਸ ਨੂੰ ਚੁਭ ਰਹੀ ਆ? ਪਰ ਮੈਂ ਕਿਵੇਂ ਖੁਸ਼ ਨਾ ਹੋਵਾਂ? ਮੇਰਾ ਕਿਨਾ ਵੱਡਾ ਸੁਪਨਾ ਪੂਰਾ ਹੋਇਆ ਏ”
ਉਸ ਨੇ ਬਰਫ ਦੀ ਡਲੀ ਚੁੱਕ ਕੇ ਗਲਾਸ ਵਿੱਚ ਸੁੱਟੀ। ਗਲਾਸ ਇੱਕੋ ਸਾਹੇ ਅੰਦਰ ਸੁੱਟਿਆ। ਕੁੱਝ ਹੀ ਪਲਾਂ ਵਿੱਚ ਨਸ਼ੇ ਨੇ ਫੇਰ ਕੰਨ ਚੁੱਕ ਲਏ। ਉਸਦੀਆਂ ਸੋਚਾਂ ਵਿੱਚ ਇੰਗਲੈਂਡ ਦੀਆਂ ਫਾਊਂਡਰੀਆਂ ਘੁੰਮੀਆਂ। ਜੰਬੂਰਾਂ ਨਾਲ ਮਾਸ ਤੁੜਵਾਉਣ ਵਰਗੀ ਗੱਲ ਸੀ। ਫੇਰ ਉਸ ਨੂੰ ਨਵਰਾਜ ਦਾ ਕੱਲ ਆਇਆ ਫੋਨ ਯਾਦ ਆਇਆ ਜਿਸ ਵਿੱਚ ਉਸ ਨੇ ਕਿਹਾ ਸੀ ”ਡੈਡ ਹੁਣ ਆਪਣੀ ਰਿਟਾਇਰਮੈਂਟ ਇਨਜ਼ੁਆਇ ਕਰੋ। ਹੁਣ ਤੁਸੀਂ ਤੇ ਮੰਮੀ ਨੇ ਕੋਈ ਕੰਮ ਨਹੀਂ ਕਰਨਾ। ਮੈਂ ਆਪੇ ਚਲਾਵਾਂਗਾ ਘਰ। ਸੋਨੀਆਂ ਨੂੰ ਇੰਗਲੈਂਡ ਫੋਨ ਕਰ ਲਿਆ ਕਰੋ। ਉਹ ਵੀ ਤਾਂ ਤੁਹਾਨੂੰ ਮੇਰੇ ਜਿਨੀ ਹੀ ਪਿਆਰੀ ਹੈ। ਬਾਕੀ ਪਾਰਟੀ ਤੋਂ ਬਾਅਦ ਕਿਸੇ ਬੋਟ ਕਰੂਜ਼ ਬਗੈਰਾ ਤੇ ਜਾ ਆਉ, ਮੈਂ ਬੁੱਕ ਕਰਵਾ ਦਿੰਦਾ ਹਾਂ” ਪੁੱਤ ਦੀਆਂ ਗੱਲਾਂ ਸੋਚ ਸੋਚ, ਉਹ ਗੱਦ ਗੱਦ ਹੋ ਰਿਹਾ ਸੀ।
ਉਧਰ ਪ੍ਰੀਤਮ ਢੰਗੀ ਦੀ ਸੂਈ ਅਜੇ ਵੀ ਉੱਥੇ ਹੀ ਫਸੀ ਹੋਈ ਸੀ, ”ਪੈਸੇ ਨਾਲ ਕੁੱਝ ਵੀ ਖਰੀਦਿਆ ਜਾ ਸਕਦਾ ਹੈ”
ਪਰ ਸੁਖਰਾਜ ਨੇ ਮੋੜਾ ਦੇ ਦਿੱਤਾ ਸੀ, ”ਪੈਸਾ ਈ ਸਭ ਕੁੱਝ ਨਹੀਂ ਹੁੰਦਾ। ਪੈਸਾ ਤਾਂ ਡਰੱਗ ਵੇਚਣ ਵਾਲਿਆਂ ਕੋਲ ਵੀ ਬਥੇਰਾ ਹੁੰਦੈ। ਪਰ ਹਸ਼ਰ? ਵੈਨਕੋਵਰ ਵਿੱਚ ਪੈਸੇ ਲਈ ਕਿੰਨੇ ਮੁੰਡੇ ਕਤਲ ਹੋਏ ਨੇ। ਮਾਪੇ ਵਿਲਕਦੇ ਨੇ। ਪੈਸੇ ਨੇ, ਨਾਂ ਤਾਂ ਪੁੱਤਰਾਂ ਦੀ ਜਾਨ ਬਚਾਈ ਤੇ ਨਾ ਹੀ ਮਾਪਿਆਂ ਨੂੰ ਕੋਈ ਸੁੱਖ ਦਿੱਤਾ”
ਨਿੰਦੀ ਬੋਲਿਆ ”ਦੂਰ ਕੀ ਜਾਣੈ, ਹੁਣ ਆਪਣੇ ਬਰੈਂਪਟਨ ਦਾ ਵੀ ਤਾਂ ਇਹ ਹੀ ਹਾਲ ਆ। ਆਏ ਦਿਨ ਬਾਰਡਰ ਤੇ ਟਰੱਕ ਫੜ ਹੁੰਦੇ ਨੇ। ਜਿਨਾਂ ਵਿੱਚ ਨੱਬੇ ਪ੍ਰਤੀਸ਼ਤ ਬੰਦੇ, ਆਪਣੇ ਦੇਸੀ ਹੁੰਦੇ ਨੇ। ਹੁਣ ਤਾਂ ਆਪਣੀਆਂ ਤੀਵੀਆਂ ਵੀ ਘੱਟ ਨਹੀਂ। ਬਥੇਰੀਆਂ ਬੰਦਿਆਂ ਦੇ ਨਾਲ ਹੀ ਅਮਰੀਕਾਂ ਦੀਆਂ ਜੇਲਾਂ ਵਿੱਚ ਰੁਲਦੀਆਂ ਨੇ”
”ਭਾਈ ਜੋ ਸੁਆਦ ਹੱਕ ਹਲਾਲ ਦੀ ਕਮਾਈ ਵਿੱਚ ਆ ਹੋਰ ਕਿਤੇ ਨਹੀਂ। ਘੱਟੋ ਘੱਟ ਬੰਦਾ ਸੁੱਖ ਦੀ ਨੀਂਦ ਤਾਂ ਸੌਂਦਾ ਏ। ਉਹ ਹੀ ਤਾਂ ਦੋ ਰੋਟੀਆਂ ਤਾਂ ਖਾਣੀਆਂ ਹੁੰਦੀਆਂ ਨੇ। ਬੰਦਾ ਮਿਹਨਤ ਦੀ ਕਮਾਈ ਨਾਲ ਖਾਅ ਲਵੇ”
ਜਗੀਰ ਦੀ ਗੱਲ ਸੁਣ ਕੇ ਪਤਾ ਨਹੀਂ ਪ੍ਰੀਤਮ ਨੂੰ ਕਿਉਂ ਲੱਗਿਆ ਕਿ ਗੱਲਾਂ ਉਸ ਨੂੰ ਸੁਣਾਈਆਂ ਜਾ ਰਹੀਆਂ ਨੇ। ਜਿਵੇਂ ਸੁਆਦਲੇ ਖਾਣੇ ਵਿੱਚ ਕੋਕੜੂ ਆ ਗਏ ਹੋਣ, ”ਪੈਸਾ ਕਮਾਉਣਾ ਵੀ ਸਮਾਰਟ ਬੰਦਿਆਂ ਦਾ ਕੰਮ ਐ। ਪੈਸੇ ਨਾਲ ਹੀ ਸਹੂਲਤਾਂ ਮਿਲਦੀਆਂ ਨੇ ਤੇ ਭਾਊ ਮੌਡਰਨ ਯੁੱਗ ਵਿੱਚ ਇਹ ਹੀ ਤਰੱਕੀ ਦੀ ਨਿਸ਼ਾਨੀ ਆ। ਪਰ ਇਹ ਪੈਸੇ ਬਣਾਉਣ ਦਾ ਢੰਗ ਹਰ ਕਿਸੇ ਨੂੰ ਨਹੀਂ ਹੁੰਦਾ” ਮਹਿਫਲ ਫੇਰ ਤਿੜ ਤਿੜ ਕਰਕੇ ਹੱਸ ਪਈ। ਕੋਈ ਬੋਲਿਆ ”ਹਾਂ ਢੰਗੀ ਬੰਦੇ ਹੀ ਪੈਸਾ ਕਮਾ ਸਕਦੇ ਨੇ”
ਪ੍ਰੀਤਮ ਜਿਵੇਂ ਛਿੱਥਾ ਜਿਹਾ ਪੈ ਗਿਆ। ਨਿੰਦੀ ਫੇਰ ਬੋਲਿਆ ”ਏਸ ਮੁਲਕ ਵਿੱਚ ਅਸਲ ਕਮਾਈ ਤੁਹਾਡੇ ਬੱਚੇ ਨੇ। ਜੇ ਚੰਗੇ ਨਿੱਕਲ ਆਏ ਤਾਂ ਤੁਸੀਂ ਅਮੀਰ ਅੋਂ, ਜੇ ਉਹ ਤੁਹਾਡੇ ਨਾ ਰਹੇ ਹੀ ਤਾਂ ਫੇਰ ਪੈਸਾ ਵੀ ਕੀ ਕਰਨੈ?”
”ਇੱਕ ਤਾਂ ਸਾਡੇ ਲੋਕ ਜੱਟ ਜੱਫਾ ਨਹੀਂ ਛੱਡਦੇ। ਕਿਸੇ ਕੋਲ ਗੁਰਦੁਵਾਰੇ ਦੀ ਪ੍ਰਧਾਨਗੀ ਹੋਵੇ, ਕੋਈ ਕੁਰਸੀ ਹੋਵੇ ਜਾਂ ਲਾਣੇਦਾਰੀ ਹੋਵੇ, ਮਜ਼ਾਲਾਂ ਕਿਸੇ ਨੂੰ ਨੇੜੇ ਲੱਗਣ ਦੇ ਦੇਣ। ਜ਼ਮੀਨ ਜਾਇਦਾਦ ਤੇ ਵੀ ਸੱਪ ਬਣ ਕੇ ਅੰਤਿਮ ਸਾਹਾਂ ਤੱਕ ਮੇਹਲੀ ਜਾਣਗੇ। ਫੇਰ ਨਿਆਣਿਆਂ ਨੇ ਤਾਂ ਉੱਥੋਂ ਭੱਜਣਾ ਈ ਹੁੰਦਾ ਹੈ। ਕਿਉਂਕਿ ਉਹਨਾਂ ਦੇ ਕਰਨ ਲਈ ਤਾਂ ਕੁੱਝ ਵੀ ਨੀ ਹੁੰਦਾ। ਅਸੀਂ ਭੁੱਲ ਜਾਂਦੇ ਹਾਂ ਕਿ ਬੱਚੇ ਕਿਸ ਕਲਚਰ ਦੀ ਪਦਾਇਸ਼ ਨੇ। ਬੱਸ ਕਈ ਨਿਆਣਿਆ ਨੂੰ ਵੀ ਸਾਰੀ ਉਮਰ ਜੱਟ ਜੱਫਾ ਮਾਰੀਂ ਰੱਖਣਾ ਚਾਹੁੰਦੇ ਨੇ” ਸੁਖਰਾਜ ਨੇ ਆਪਣੀ ਰਾਇ ਦਿੱਤੀ।
”ਅਸੀਂ ਤਾਂ ਨਵਰਾਜ ਨੂੰ ਕਦੇ ਕਿਸੇ ਗੱਲੋਂ ਨੀ ਰੋਕਿਆ। ਸਾਰੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਆ”
”ਏਸੇ ਕਰਕੇ ਤਾਂ ਉਹ ਤੁਹਾਡਾ ਐਨਾ ਕਰਦੈ। ਜੇ ਤੁਸੀਂ ਵੀ ਏਥੇ ਦੀ ਕਮਾਈ, ਦਿਖਾਵੇ ਲਈ ਚੁੱਕ ਚੁੱਕ ਇੰਡੀਆ ਸੁੱਟੀ ਜਾਂਦੇ। ਕਦੇ ਕੋਠੀ ਪਾ ਲਈ ਅਤੇ ਕਦੇ ਜ਼ਮੀਨ ਲੈ ਲਈ। ਤੇ ਨਿਆਣਾ ਏਥੇ ਦੋ ਦੋ ਜੌਬਾਂ ਕਰਕੇ ਯੂਨੀਵਰਸਿਟੀ ਦਾ ਖਰਚਾ ਪੂਰਾ ਕਰਦਾ। ਫੇਰ ਉਸ ਨੇ ਸੁਆਹ ਪੜ੍ਹਨਾ ਸੀ” ਸੁਖਰਾਜ ਨੇ ਜਗੀਰ ਦਾ ਉੱਤਰ ਮੋੜਿਆ।
ਫੇਰ ਨਾਇਬ ਸਿੰਘ ਤੋਂ ਵੀ ਰਿਹਾ ਨਾ ਗਿਆ ”ਕਾਕਾ ਉਥੇ ਸਾਡੀਆਂ ਜੜ੍ਹਾਂ ਨੇ। ਕਿਵੇਂ ਮੁੱਖ ਮੋੜ ਲਈਏ? ਪਿੰਡ ਵਾਲੇ ਪਹਿਲਾਂ ਸਾਨੂੰ ਕੱਚੇ ਛੱਪਰ ਵਾਲੇ ਕਹਿੰਦੇ ਹੁੰਦੇ ਤੀ। ਮੈਂ ਇਹ ਅੱਲ ਤੋੜਨ ਲਈ ਅਸੀਂ ਪਿੰਡ ਵਿੱਚ ਸਭ ਤੋਂ ਉੱਚੀ ਕੋਠੀ ਬਣਾਈ ਤੇ ਹੁਣ ਪਿੰਡ ਵਾਲੇ ਸਾਨੂੰ ਉੱਚੀ ਕੋਠੀ ਵਾਲੇ ਕਹਿੰਦੇ ਨੇ। ਇਹ ਤਾਂ ਸਾਊਆ ਕਰਨਾ ਈ ਪੈਂਦਾ। ਜਿੱਥੇ ਮਰਜ਼ੀ ਭੱਜ ਲਉ ਪਰ ਕਿੱਕਰਾਂ ਨੂੰ ਅੰਬ ਨੀ ਲੱਗ ਸਕਦੇ ਤੇ ਨਾ ਕਾਵਾਂ ਨੇ ਕਦੇ ਹੰਸ ਬਣਨੈ। ਕਨੇਡਾ ਦੇ ਜੁਆਕਾਂ ਨੇ ਕਨੇਡੇ ਦੇ ਬਣਕੇ ਈ ਰਹਿਣੈ”
ਨਿੰਦੀ ਬੋਲਿਆ ”ਸਾਡੀਆਂ ਲੱਤਾਂ ਦਰਅਸਲ ਦੋਹੀਂ ਪਾਸੀ ਫਸੀਆਂ ਹੋਈਆਂ ਨੇ। ਨਾਂ ਅਸੀਂ ਪੰਜਾਬ ਦਾ ਖਹਿੜਾ ਛੱਡਦੈ ਆਂ ਤੇ ਨਾ ਕੈਨੇਡਾ ਦਾ। ਸਾਨੂੰ ਤਾਂ ਦੰਦਾਂ ‘ਚ ਜੀਭ ਲੈ ਕੇ ਇੰਡੀਆਂ ਵਾਲੀ ਸਾਰੀ ਪ੍ਰੌਪਰਟੀ ਵੇਚ ਕੇ ਪੈਸਾ ਏਥੇ ਲਿਆਉਣਾ ਚਾਹੀਦੈ। ਕਿਉਂਕਿ ਜੁਵਾਕਾਂ ਨੇ ਤਾਂ ਹੁਣ ਉਧਰ ਜਾਣਾ ਨੀ ਤੇ ਨਾਂ ਹੀ ਜਾ ਕੇ ਅਸੀਂ ਖੇਤੀ ਕਰਨੀ ਆਂ। ਉਹ ਹੀ ਏਧਰ ਥੋਡਾ ਘਰ ਫਰੀ ਹੋਵੇ। ਤੇ ਨਾ ਹੀ ਉਧਰ ਕਿਸੇ ਕਬਜ਼ੇ ਕੁਬਜ਼ੇ ਦਾ ਡਰ ਰਹੇ। ਹੁਣ ਬਾਕੀ ਕੌਮਾਂ ਵਾਲੇ, ਗੋਰੇ, ਚੀਨੇ ਜਾਂ ਫਿਲਪੀਨੇ ਐਦਾਂ ਈ ਕਰਦੇ ਨੇ। ਪਰ ਸਾਡੇ ਲੋਕ ਦੋ ਬੇੜੀਆਂ ‘ਚ ਸਵਾਰ ਹੋਕੇ ਕੁੱਤੇ ਦੀ ਮੌਤ ਮਰੀ ਜਾਣਗੇ। ਤਾਂ ਹੀ ਤਾਂ ਗੋਰੇ ਸਾਡਾ ਮਜ਼ਾਕ ਉਡਾਉਂਦੇ ਨੇ”
ਪ੍ਰੀਤਮ ਢੰਗੀ ਸੋਫੇ ਤੋਂ ਅੱਗੇ ਵਲ ਉਲਰਦਾ ਫੇਰ ਪੈੱਗ ਚੁੱਕਦਾ ਬੋਲਿਆ ”ਬਈ ਮੁੰਡਿਆ ਤੇਰੀ ਏਸ ਗੱਲ ਨਾਲ ਮੈਂ ਸਹਿਮਤ ਨਹੀਂ। ਮੈਂ ਹਰ ਸਾਲ ਆਪਣੇ ਪਿੰਡ ਅੰਤਰਾਸ਼ਟਰੀ ਟੂਰਨਾਮੈਂਟ ਕਰਵਾਉਣ ਜਾਨੈ। ਇੱਕ ਅਸੀਂ ਸੱਭਿਆਚਾਰਕ ਮੇਲਾਂ ਵੀ ਕਰਵਾਉਂਦੇ ਆ। ਉਥੇ ਸਾਰੇ ਲੀਡਰ ਪਹੁੰਚਦੇ ਨੇਸ਼। ਪਿੰਡ ਦਾ ਨਾਂ ਉੱਚਾ ਹੁੰਦੈ। ਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਆ”
”ਪਰ ਅੰਕਲ ਲੋਕ ਏਥੋਂ ਡਰੱਗ ਵੇਚ ਕੇ ਤੇ ਪੁੱਠੇ ਸਿੱਧੇ ਤਰੀਕੇ ਨਾਲ ਪੈਸਾ ਕਮਾ ਕੇ ਉਧਰ ਆਪਣਾ ਨਾਂ ਚਮਕਾਉਣ ਲਈ ਏਦਾਂ ਕਰਦੇ ਨੇ। ਕੀ ਇਹ ਠੀਕ ਐ? ਫੇਰ ਉਧਰੋਂ ਮੁੰਡੇ ਕੁੜੀਆਂ ਤੋਂ ਕੈਨੇਡਾ ਕੱਢਣ ਦਾ ਲਾਲਚ ਦੇ ਕੇ ਲੱਖਾਂ ਰੁਪਈਆਂ ਬਟੋਰਦੇ ਨੇ। ਕਬੂਤਰਬਾਜ਼ੀ ਕਰਦੇ ਨੇ। ਇੱਕ ਸਾਡੇ ਪਿੰਡ ਦੇ ਨੇ ਅਮਰੀਕਾ ਤੋਂ ਜਾ ਕੇ ਪੈਸੇ ਦੇ ਦਿਖਾਵੇ ਲਈ, ਆਪਣੇ ਦਸ ਨੰਬਰੀਏ ਪਿਉ ਦੀ ਯਾਦ ਵਿੱਚ ਜੇ ਗੇਟ ਬਣਾ ਵੀ ਆਂਦਾ ਤਾਂ ਕੀ ਏਦਾਂ ਕਰਨ ਨਾਲ ਉਹਦੇ ਪਿਉ ਦਾ ਜੀਵਨ ਇਤਿਹਾਸ ਬਦਲ ਜਾਊ?”
ਪ੍ਰੀਤਮ ਨੂੰ ਉਸ ਦੀ ਕਹੀ ਇਹ ਗੱਲ ਵੀ ਲੜ ਗਈ। ਗੇਟ ਤਾਂ ਉਹ ਵੀ ਆਪਣੇ ਅਮਲੀ ਤੇ ਚੋਰ ਪਿਤਾ ਦੀ ਯਾਦ ਵਿੱਚ ਵੀ ਬਣਾ ਕੇ ਆਇਆ ਸੀ। ਪਰ ਉਹ ਕੁੱਝ ਕਹਿਣ ਦੀ ਬਜਾਏ ਵਿਸ ਜਿਹੀ ਘੋਲਦਾ ਰਿਹਾ। ਏਨੇ ਨੂੰ ਫੋਨ ਖੜਕਿਆ ਇਹ ਅਮਰੀਕਾ ਤੋਂ ਨਵਰਾਜ ਦਾ ਹੀ ਫੋਨ ਸੀ। ਜਸਵੀਰ ਕੁੱਝ ਗੱਲਾਂ ਕਰਨ ਤੋਂ ਬਾਅਦ ਕੌਰਡਲੈੱਸ ਫੋਨ ਚੁੱਕ ਕੇ ਜਗੀਰ ਕੋਲ ਲੈ ਆਈ। ਉਹ ਕਹਿ ਰਿਹਾ ਸੀ,
”ਡੈਡ ਕਿਰਾਏ ਦਾ ਘਰ ਦੇਖਣ ਨਾਲੋਂ ਮੈਂ ਆਪਣਾ ਹੀ ਵਾਏ ਕਰ ਲੈਂਦਾ ਹਾਂ। ਸੈਨਹੋਜ਼ੇ ਵਿੱਚ ਘਰ ਦੇਖ ਵੀ ਲਿਆ ਹੈ। ਉਹ ਮੇਰੀ ਫਰੈਂਡ ਹੈ ਨਾ ਸਿਡੋਨੀ ਉਹ ਕਹਿੰਦੀ ਸੀ ਕਿ ਏਸੇ ਸਮਰ ਵਿੱਚ ਆਪਾਂ ਵਿਆਹ ਰੱਖਣਾ ਹੈ। ਉਦੋਂ ਵੀ ਤਾਂ ਲੈਣਾ ਹੀ ਪਊ। ਹਾਂ ਸੱਚ ਸਿਡੋਨੀ ਨੂੰ ਵੀ ਏਧਰ ਹੀ ਜੌਬ ਮਿਲ ਗਈ। ਤੁਸੀਂ ਤੇ ਮੰਮੀ ਟੋਰਾਂਟੋ ਵਾਲੇ ਘਰ ‘ਚ ਰਹੀ ਜਾਇਉ। ਅਸੀਂ ਅਮਰੀਕਾ ਹੀ ਸੈਟਲ ਹੋ ਜਾਵਾਂਗੇ। ਬੱਸ ਏਹ ਹੀ ਦੱਸਣ ਲਈ ਫੋਨ ਕੀਤਾ ਸੀ”
ਜਗੀਰ ਦੇ ਹੱਥ ਵਿੱਚ ਫੜਿਆ ਦਾਰੂ ਦਾ ਗਲਾਸ ਕੰਬਣ ਲੱਗਾ। ਏਨੀ ਜਲਦੀ ਉਹ ਇਸ ਚੁਰਾਹੇ ਤੇ ਆਣ ਖੜੇਗਾ ਇਹ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ। ਜਿੱਥੋਂ ਪੁੱਤਰ ਦਾ ਰਸਤਾ ਅੱਡ ਹੋਣ ਵਾਲਾ ਸੀ। ਪਤਾ ਨਹੀਂ ਇਹ ਖੁਸ਼ ਹੋਣ ਦਾ ਵੇਲਾ ਸੀ ਜਾਂ ਉਦਾਸ ਹੋਣ ਦਾ। ਇੱਕ ਨਦੀ ਵੱਡੇ ਸਮੁੰਦਰ ਵਿੱਚ ਡਿੱਗਣ ਜਾ ਰਹੀਂ ਸੀ। ਜਿਵੇਂ ਕਿਸੇ ਪੰਛੀ ਦੇ ਬੋਟ ਨੂੰ ਖੰਭ ਨਿੱਕਲ ਆਏ ਹੋਣ।
ਉਸ ਨੂੰ ਆਪਣਾ ਬਾਪ ਦਸੌਂਧਾ ਸਿਉ ਯਾਦ ਆਇਆ। ਫੇਰ ਉਸਨੇ ਇੱਕੋ ਸਾਹੇ ਸਾਰਾ ਗਲਾਸ ਡੀਕ ਲਿਆ। ਪਰ ਨਸ਼ੇ ਨੇ ਦੇਰ ਤੱਕ ਵੀ ਕੋਈ ਤੁਣਕਾ ਨਾ ਮਾਰਿਆ। ਉਸ ਨੇ ਖਿੜਕੀ ‘ਚੋਂ ਬਾਹਰ ਖੜੇ ਮੇਪਲ ਟਰੀ ਵਲ ਵੇਖਿਆ। ”ਭਲਾਂ ਉਸ ਨੂੰ ਕਿੱਥੋਂ ਅੰਬ ਕਿਵੇਂ ਲੱਗ ਜਾਣਗੇ?” ਉਹ ਸੋਚਦਾ ਰਿਹਾ। ਦਰਖਤ ਹਵਾ ਨਾਲ ਝੂਮ ਰਿਹਾ ਸੀ। ਉਸ ਨੂੰ ਖਿਆਲ ਆਇਆ ‘ਪੰਛੀਆਂ ਦੇ ਬੱਚੇ ਵੀ ਤਾਂ ਮਾਂ ਪਿਉ ਦੇ ਆਹਲਣੇ ‘ਚ ਨੀ ਰਹਿੰਦੇ’
ਇਹ ਕੇਹੋ ਜਿਹੀ ਮੁਕਤੀ ਆ, ਉਹ ਸੋਚਣ ਲੱਗਿਆ। ਪਾਰਟੀ ਅਜੇ ਵੀ ਸ਼ਿਖਰਾਂ ਤੇ ਸੀ। ਸਭ ਆਪੋ ਆਪਣੀਆਂ ਛੱਡ ਰਹੇ ਸਨ, ਪਰ ਜਗੀਰ ਸਿੰਘ ਖਾਮੋਸ਼ ਸੀ। ਜਿਵੇਂ ਕਿਸੇ ਨੇ ਜ਼ਿੰਦਗੀ ਦਾ ਮੇਲਾ ਲੁੱਟ ਲਿਆ ਹੋਵੇ। ”ਰਿਸ਼ਿਤਿਆ ਤੋਂ ਇਉਂ ਵੀ ਛੁਟਕਾਰਾ ਹੋ ਜਾਂਦੈ” ਉਹ ਸੋਚਣ ਲੱਗਿਆ।