ਕਿਸ਼ਤ ਤੀਜੀ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਾਪ ਦੇ ਮ੍ਰਿਤਕ ਸਰੀਰ ਨੂੰ ਨਹਾਉਂਦਿਆ ਸੋਚਦਾ ਹਾਂ ਕਿ ਕਿੰਨਾ ਔਖਾ ਹੁੰਦਾ ਏ ਆਪਣੇ ਬਾਪ ਨੂੰ ਆਖ਼ਰੀ ਸਫ਼ਰ ਲਈ ਤਿਆਰ ਕਰਨਾ, ਉਸਦੇ ਸਿਰ ‘ਤੇ ਦਸਤਾਰ ਬੰਨਣੀ, ਅਰਥੀ ਨੂੰ ਫੁੱਲਾਂ ਨਾਲ ਸਜਾਉਣਾ, ਅਰਥੀ ਨੂੰ ਮੋਢਿਆਂ ‘ਤੇ ਧਰਨਾ ਅਤੇ ਸਿਵਿਆਂ ਵੰਨੀਂ ਥਿੜਕਦੇ ਕਦਮਾਂ ਨਾਲ ਤੁੱਰਨਾ। ਬਾਪ ਦੀ ਕੰਨਹੇੜੀ ਚੜਨ ਵਾਲੇ ਬੱਚਿਆਂ ਦੇ ਮੋਢਿਆਂ ‘ਤੇ ਬਾਪ ਦੀ ਅਰਥੀ ਦਾ ਭਾਰ ਬਹੁਤ ਜ਼ਿਆਦਾ ਹੁੰਦਾ।
ਸਿਵਿਆਂ ਵਿਚ ਅਰਥੀ ਪਈ ਏ। ਲੱਕੜਾਂ ਚਿਣੀਆਂ ਜਾ ਰਹੀਆਂ ਨੇ । ਸਿਵਾ ਤਿਆਰ ਏ। ਹੁਣ ਵਾਰੀ ਅੱਗ ਦੇਣ ਦੀ ਏ । ਜੀਵਨ ਵਿਚ ਸਭ ਤੋਂ ਔਖਾ ਕੰਮ ਪਰ ਕਰਨਾ ਵੀ ਜਰੂਰ ਪੈਣਾ। ਜੇਠਾ ਪੁੱਤ ਜੁ ਹੋਇਆ। ਆਪਣਿਆਂ ਵਲੋਂ, ਆਪਣਿਆਂ ਦੇ ਸਿਵੇ ਨੂੰ ਲਾਬੂੰ ਲਾਉਣਾ। ਆਪਣੇ ਬਾਪ ਨੂੰ ਅਗਨੀ ਹਵਾਲੇ ਕਰਨਾ, ਬਹੁਤ ਹੀ ਔਖਾ। ਇਸ ਅੱਗ ਵਿਚ ਬਾਪ ਦੇ ਸਰੀਰ ਦੇ ਨਾਲ-ਨਾਲ ਬਹੁਤ ਕੁਝ ਹੋਰ ਵੀ ਸੜ ਜਾਂਦਾ ਏ।
ਸਿਵਾ ਬਲ ਰਿਹਾ ਏ। ਉਚੀਆਂ ਉਠਦੀਆਂ ਲਪਟਾਂ ਵਿਚ ਰਾਖ਼ ਹੋ ਰਿਹਾ ਏ ਬਾਪ ਦਾ ਪੰਜ ਭੂਤਕ ਸਰੀਰ। ਗਮਗ਼ੀਨ ਚੁੱਪ ਵਿਚ ਬਲਦੇ ਸਿਵੇ ਦੀ ਅੱਗ ਹੀ ਕੁਝ ਅਜੇਹਾ ਸਮਝਾਉਂਦੀ ਜੋ ਸਮਿਆਂ ਦਾ ਸੱਚ ਹੁੰਦਾ। ਇਹ ਅੱਗ ਇਸ ਸੱਚ ਨੂੰ ਸੁਣਾਉਣ ਅਤੇ ਸਮਝਾਉਣ ਦੀ ਆਦੀ। ਇਸਦੇ ਚੌਗਿਰਦੇ ਵਿਚ ਲੇਰਾਂ, ਆਹਾਂ, ਵਿਰਲਾਪਾਂ ਅਤੇ ਕੀਰਨੀਆਂ ਦਾ ਸ਼ੋਰ। ਸਿਵਿਆਂ ਦੇ ਰੁੱਖਾਂ ਦੀ ਛਾਂ ਨੂੰ ਸਰਾਪੀ ਹੋਣ ਦਾ ਕੇਹਾ ਵਰ ਕਿ ਭਲੇ ਵੇਲੇ ਵਿਚ ਇਸਦੀ ਛਾਵੇਂ ਕੋਈ ਨਹੀਂ ਬਹਿੰਦਾ। ਪਰ ਸ਼ਮਸ਼ਾਨ-ਘਾਟ ਇਕ ਅਜੇਹਾ ਸਥਾਨ ਜਿਹੜਾ ਸਮਿਆਂ ਦਾ ਸਦੀਵੀ ਸੱਚ ਜਿਸ ਤੋਂ ਕੋਈ ਨਹੀਂ ਮੁੱਨਕਰ। ਇਸ ਸਰਦਲ ‘ਤੇ ਹਰੇਕ ਨੇ ਆਉਣਾ। ਰਾਖ਼ ਬਣ ਕੇ ਸਮਾਉਣਾ ਅਤੇ ਰਾਖ਼ ਨੇ ਫਿਰ ਨਵੀਂ ਜੀਵਨ ਯਾਤਰਾ ਦੇ ਰਾਹੀਂ ਪੈਣਾ। ਜੇ ਬਲਦੇ ਸਿਵੇ ਦਾ ਸੱਚ, ਸੰਜ਼ੀਦਗੀ, ਸੰਵੇਦਨਾ ਅਤੇ ਸਕਾਰਤਮਿਕਤਾ, ਹਰ ਮਨੁੱਖ ਦੀ ਸੋਚ ਵਿਚ ਉਕਰੀ ਜਾਵੇ ਤਾਂ ਦੁਨੀਆਂ ਦੇ ਬਹੁਤੇ ਝਮੇਲੇ, ਰੱਫ਼ੜ ਅਤੇ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣ। ਦਰਅਸਲ ਅਸੀਂ ਸਾਰੇ ਉਸ ਸੱਚ ਤੋਂ ਮੁਨਕਰ ਹੁੰਦੇ ਹਾਂ ਜੋ ਸਾਡੀਆਂ ਅੱਖਾਂ ਸਾਹਵੇਂ ਵਾਪਰਦਾ ਏ। ਪਰ ਅਸੀਂ ਇਸ ਸੱਚ ਨੂੰ ਮੰਨਣ ਤੋਂ ਆਕੀ। ਸਾਡੇ ਮਨਾਂ ਵਿਚ ਚਿਰੰਜੀਵ ਜਿਉਂਦੇ ਰਹਿਣ ਦਾ ਭਰਮ। ਜਿੰਨੀ ਜਲਦੀ ਅਸੀਂ ਇਸ ਸੱਚ ਨੂੰ ਜਿਉਣ ਦੀ ਆਦਤ ਪਾਵਾਂਗੇ, ਉਹਨੀ ਜਲਦੀ ਹੀ ਅਸੀਂ ਜੀਵਨ ਦੀ ਸਾਰਥਿਕਤਾ ਦੇ ਹਮਰਾਹੀ ਬਣਾਂਗੇ।
ਪਰ ਬਹੁਤ ਔਖਾ ਹੁੰਦਾ ਏ ਸੋਗ ਨੂੰ ਝੋਲੀ ਵਿਚ ਪਾ ਕੇ, ਸ਼ਮਸ਼ਾਨ ਘਾਟ ਤੋਂ ਖਾਲੀ ਹੱਥ ਘਰ ਨੂੰ ਪਰਤਣਾ। ਯਾਦਾਂ ਦਾ ਕਾਫ਼ਲਾ ਹੀ ਕੋਲ ਰਹਿੰਦਾ ਜਾਂ ਖਾਰੇ ਪਾਣੀਆਂ ਦੀ ਤਾਸੀਰ, ਦੀਦਿਆਂ ਨੂੰ ਗਾਲਦੀ ਆ।
ਫੁੱਲ ਚੁੱਗਣ ਲਈ ਤੀਸਰੇ ਦਿਨ ਸ਼ਮਸ਼ਾਨ ਘਾਟ ਜਾਂਦੇ ਹਾਂ। ਸਿਵਾ ਠੰਢਾ ਹੈ। ਸਿਰਫ਼ ਰਾਖ਼ ਨਜ਼ਰ ਆਉਂਦੀ ਹੈ। ਕਿਧਰੇ ਨਹੀਂ ਝਾਉਲਾ ਪੈਂਦਾ, ਉਸ ਨਿਗਰ ਸਰੀਰ ਦਾ। ਰਾਖ਼ ਨੂੰ ਫਰੋਲਦਿਆਂ ਕੁਝ ਹੱਡੀਆਂ ਮਿਲਦੀਆਂ ਨੇ, ਉਹਨਾਂ ਦੀ ਆਖ਼ਰੀ ਨਿਸ਼ਾਨੀ। ਅਰੋਗ ਸਰੀਰ ਦੀਆਂ ਅਰੋਗ ਹੱਡੀਆਂ। ਹੱਡੀਆਂ ਨੂੰ ਧੋਂਦਿਆਂ ਸੋਚਦਾ ਹਾਂ ਕਿ ਇਹਨਾਂ ਨੂੰ ਆਪਣੇ ਖੇਤਾਂ ਵਿਚ ਪਾਉਣਾ ਚਾਹੀਦਾ। ਖੇਤ ਜਿਹਨਾਂ ਵਿਚ ਬਾਪ ਨੇ ਆਪਣਾ ਪਸੀਨਾ ਵਹਾਇਆ ਸੀ। ਇਹ ਰਾਖ਼ ਉਹਨਾਂ ਫਸਲਾਂ ਨੂੰ ਪਾਵਾਂ ਜਿਹੜੀਆਂ ਬਾਪ ਦੇ ਹੱਥੀਂ ਉਗਦੀਆਂ, ਭੜੌਲੇ ਭਰਦੀਆਂ ਰਹੀਆਂ। ਪਰ ਸਮਾਜਿਕ ਮਰਿਆਦਾ ਵਿਚ ਬੱਧਾ, ਬਾਪ ਦੀਆਂ ਅਸਥੀਆਂ ਨੂੰ ਬਿਆਸ ਦਰਿਆ ਦੇ ਸਪੁੱਰਦ ਕਰ, ਬਾਪ ਨੂੰ ਆਖ਼ਰੀ ਅਲਵਿਦਾ ਕਹਿੰਦਾ ਹਾਂ। ਬਾਪ ਨੂੰ ਅਗੰਮੀ ਅਤੇ ਅਨੰਤ ਸਫ਼ਰ ‘ਤੇ ਤੋਰਦਾ, ਉਸਦੀਆਂ ਕੀਰਤੀਆਂ ਨੂੰ ਮਨ-ਮਸਤਕ ‘ਤੇ ਉਕਰ ਲੈਂਦਾ ਹਾਂ ਜਿਸਦੀਆਂ ਯਾਦਾਂ ਦੀ ਸਦੀਵੀ ਨਿਸ਼ਾਨਦੇਹੀ ਕਰਨੀ ਏ। ਸਿਰਫ਼ ਹੁਣ ਰਹਿ ਗਈ ਏ ਉਸਦੀ ਖੂੰਡੀ ਜਿਹੜੀ ਉਸਦਾ ਸਹਾਰਾ ਹੁੰਦੀ ਸੀ ਜਾਂ ਸਾਈਕਲ ਜਿਸ ਕਰਕੇ ਮੇਰੇ ਮਾਮਿਆਂ ਦੇ ਬੱਚੇ ਉਹਨਾਂ ਨੂੰ ਫਲਾਇੰਗ ਫੁੱਫੜ ਕਹਿੰਦੇ ਸਨ। ਬੇਟੀ ਦਾ ਕਹਿਣਾ ਹੈ ਕਿ ਬਾਪ ਦੀ ਹਰ ਚੀਜ਼ ਨੂੰ ਜ਼ਰੂਰ ਸੰਭਾਲਣਾ ਕਿਉਂਕਿ ਉਹਨਾਂ ਦੀਆਂ ਨਿਸ਼ਾਨੀਆਂ, ਬਾਪ ਦੀ ਹਾਜ਼ਰੀ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ।
ਸਮਾਜਿਕ ਰਸਮਾਂ ਦੀ ਆਖਰੀ ਰਸਮ ਸੀ ਅਖੰਡ ਪਾਠ ਦਾ ਭੋਗ ਅਤੇ ਅੰਤਮ ਅਰਦਾਸ। ਸੋਗਵਾਰ ਮਾਹੌਲ ਵਿਚ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਦੀ ਹਾਜ਼ਰੀ ਵਿਚ ਬਾਪ ਦੇ ਜਾਣ ਦਾ ਦਰਦ ਕੁਝ ਘਟਿਆ। ਮਨ ਵਿਚ ਇਕ ਸੰਤੁਸ਼ਟੀ ਧਰ ਗਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਭਰਪੂਰਤਾ ਅਤੇ ਅਰੋਗਤਾ ਨਾਲ ਜੀਵਿਆ। ਸਿਰਫ਼ ਅਠਾਰਾਂ ਦਿਨ ਕੋਮਾ ਵਿਚ ਰਹਿਣ ਤੋਂ ਬਾਅਦ ਉਹ ਸਵਾਸਾਂ ਦੀ ਪੂੰਜੀ ਸਮੇਟ ਗਏ। ਸਹਿਜ ਭਰਪੂਰ ਜੀਵਨ-ਵਰਤਾਰਾ, ਉਹਨਾਂ ਦਾ ਮੂਲ-ਮੰਤਰ ਸੀ। ਇਹ ਮੰਤਰ ਹੀ ਉਹਨਾਂ ਦੀ ਲੰਮੇਰੀ ਉਮਰ ਦਾ ਰਾਜ਼ ਸੀ। ਸਭ ਤੋਂ ਮਹੱਤਵਪੂਰਨ ਸੀ ਪੱਗੜੀ ਦੀ ਰਸਮ ਜਿਸਨੇ ਮੈਨੂੰ ਬਾਪ ਵਾਲੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਬਾਪ ਦੇ ਨਾਮ ਨੂੰ ਚਾਰ ਚੰਨ ਲਾਉਣ ਲਈ ਮਾਨਸਿਕ ਪਕਿਆਈ ਬਖਸ਼ੀ। ਕਦੇ ਨਹੀਂ ਸੀ ਸੋਚਿਆ ਅਜੇਹਾ ਮੌਕਾ ਇੰਨੀ ਜਲਦੀ ਅਵੇਗਾ। ਪਰ ਸਮਾਜਿਕ ਸਚਾਈ ਸੰਗ ਜਿਉਣਾ ਵੀ ਸੱਚ ਸੀ।
ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਜਦ ਸ਼ਹਿਰ ਨੂੰ ਵਾਪਸ ਮੁੜਨ ਦਾ ਖਿਆਲ ਆਇਆ ਤਾਂ ਸੋਚਿਆ ਕਿ ਬਾਪ ਦੇ ਜਾਣ ਨਾਲ ਬਹੁਤ ਕੁਝ ਖੁਸ ਜਾਂਦਾ ਏ। ਕਿਸੇ ਨੇ ਨਹੀਂ ਰੋਅਬ ਨਾਲ ਅਵਾਜ਼ ਮਾਰਨੀ, ਝਿੱੜਕਣਾ, ਮੇਰੀ ਉਡੀਕ ਕਰਨੀ। ਨਾ ਹੀ ਕਿਸੇ ਨੇ ਚਾਅ ਨਾਲ ਪੁੱਤ ਨੂੰ ਨਿਹਾਰਨਾ। ਦਾਈਏ ਨਾਲ ਹੁਕਮ ਕਰਨਾ। ਹੁਣ ਕੌਣ ਕਹੇਗਾ ਪਿੰਡ ਆਉਣ ਨੂੰ? ਕਿਹੜੀ ਖਿੱਚ ਰਹਿ ਗਈ ਏ ਪਿੰਡ ਜਾਣ ਦੀ? ਪਿੰਡ ਤਾਂ ਮਾਪਿਆਂ ਨਾਲ ਹੁੰਦਾ। ਜਦ ਮਾਪੇ ਤੁੱਰ ਜਾਣ ਤਾਂ ਘਰਾਂ ਨੂੰ ਬਿਗਾਨੇ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਖੇਤਾਂ ਵਿਚ ਪੈ ਜਾਦੀਆਂ ਨੇ ਵੱਟਾਂ। ਘਰਾਂ ਵਿਚ ਉਗ ਆਉਂਦੀਆਂ ਨੇ ਕੰਧਾਂ। ਦਰਾਂ ਨੂੰ ਲੱਗ ਜਾਂਦੇ ਨੇ ਜਿੰਦਰੇ। ਰਿਸ਼ਤਿਆਂ ਵਿਚ ਪਨਪਦਾ ਮੁਫ਼ਾਦ। ਸਿਰਫ਼ ਲੋੜਾਂ ‘ਤੇ ਅਧਾਰਤ ਹੋ ਜਾਂਦੇ ਨੇ ਸਬੰਧ। ਲੈਣ-ਦੇਣ ਤੀਕ ਸੀਮਤ ਹੋ ਜਾਦੀਆਂ ਨੇ ਰਿਸ਼ਤੇਦਾਰੀਆਂ। ਸਿਰਫ਼ ਮਾਪਿਆਂ ਦਾ ਰਿਸ਼ਤਾ ਹੀ ਬਿਨਾਂ ਲਾਲਚ, ਮੁਫ਼ਾਦ ਜਾਂ ਨਿੱਜਤਾ ਤੇ ਅਧਾਰਤ ਨਹੀਂ। ਮਾਪੇ ਹੀ ਆਪਣੇ ਬੱਚਿਆਂ ਦੀਆਂ ਦੁਆਵਾਂ ਮੰਗਦੇ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ। ਬੱਚਿਆਂ ਦੀ ਸੁਪਨ-ਪੂਰਤੀ ‘ਤੇ ਕੁਦਰਤ ਦੇ ਸ਼ੁਕਰਗੁਜਾਰ ਹੁੰਦੇ। ਬਾਪ ਇਕ ਰਿਸ਼ਤਾ ਹੀ ਨਹੀਂ ਹੁੰਦਾ ਇਹ ਰਿਸ਼ਤਿਆਂ ਦੀ ਧਰਾਤਲ ਅਤੇ ਬਹੁਤ ਕੁਝ ਹੋਰ ਵੀ ਹੁੰਦਾ ਜਿਸਦਾ ਅਹਿਸਾਸ ਉਹਨਾਂ ਦੇ ਜਾਣ ਤੋਂ ਬਾਅਦ ਹੁੰਦਾ।
ਇਕ ਖਲਾਅ ਜੋ ਕਦੇ ਨਹੀਂ ਭਰਦਾ। ਇਕ ਆਸਰਾ ਜਿਸਦੀ ਅਣਹੋਂਦ ਵਿਚ ਲੂਆਂ ਲੂਹਦੀਆਂ, ਧੁੱਪਾਂ ਸਾੜਦੀਆਂ ਅਤੇ ਪੀੜ-ਪਰਾਗੇ ਵਿਚ ਨਿਤ ਦਿਨ ਵਾਧਾ। ਉਹਨਾਂ ਦੀ ਰਹਿਮਤ ਵਿਚ ਜੀਵਨ ਦੀ ਔੜ ਵੀ ਬਰਸਾਤਾਂ ਵਰਗੀ। ਉਹਨਾਂ ਦੀਆਂ ਬਰਕਤਾਂ ਦਾ ਨੂਰ ਹੀ ਏ ਜੋ ਸਾਡੇ ਜੀਵਨ ‘ਤੇ ਬਰਸਦਾ, ਨਿਆਮਤਾਂ ਦੀ ਬਖਸ਼ਿਸ਼ ਕਰਦਾ। ਬਾਪ ਤੋਂ ਬਗੈਰ ਤਾਂ ਹੋਂਦ ਹੀ ਅਸੰਭਵ। ਉਸਦੀ ਬਦੌਲਤ ਹੀ ਸੁਪਨਿਆਂ ਦਾ ਸੱਚ, ਸੱਗਵਾਂ ਹਾਸਲ ਬਣਦਾ।
ਪਿੰਡ ਵਾਲੇ ਘਰੋਂ ਬਾਹਰ ਪੈਰ ਰੱਖਦਿਆਂ ਹੀ ਅੱਖਾਂ ਵਿਚ ਆ ਜਾਂਦੀ ਏ ਬਾਪ ਨਾਲ ਬਿਤਾਏ ਹਰ ਪਲ ਦੀ ਰੁੱਮਕਣੀ, ਉਸਦੇ ਹੱਥਾਂ ਦੀ ਕੋਮਲ ਛੋਹ, ਗੱਲਾਂ-ਬਾਤਾਂ ਵਿਚਲੀ ਨਿਰਛੱਲਤਾ, ਬੱਚਿਆਂ ਦੀ ਤਨਦੇਹੀ ਨਾਲ ਕੀਤੀ ਪਾਲਣਾ ਦਾ ਚੇਤਾ ਅਤੇ ਉਸਦੇ ਮੁਹਾਂਦਰੇ ਦਾ ਤੁਹਾਡੀ ਦਿੱਖ ਵਿਚ ਝਲਕਣਾ।
ਤੁਸੀਂ ਜੋ ਕੁਝ ਵੀ ਹੁੰਦੇ ਹੋ ਉਹ ਬਾਪ ਦਾ ਹੀ ਬਿੰਬ ਏ। ਬਹੁਤ ਕੁਝ ਉਘੜਦਾ ਹੈ ਤੁਹਾਡੇ ਨਕਸ਼ਾਂ ਵਿਚੋਂ ਬਾਪ ਦੀ ਬਿੰਬਾਵਲੀ ਦਾ।
ਕਦੇ ਮੈਂ ਇਕ ਕਵਿਤਾ ਵਿਚ ਕਿਹਾ ਸੀ;
ਮੇਰਾ ਬਾਪ
ਬਹੁਤ ਘੱਟ
ਮੈਂਨੂੰ ਮਿਲਣ ਸ਼ਹਿਰ ਆਉਂਦਾ ਹੈ।
ਕਦੇ ਕਦੇ ਆਉਣ ਵਾਲਾ ਮੇਰਾ ਬਾਪ
ਬੂਹਾ ਖੋਲ੍ਹਣ ਤੋਂ ਡਰਦਾ
ਬੈੱਲ ਮਾਰ ਕੇ ਉਡੀਕ ਕਰਦਾ ਹੈ ਕਿ
ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲੇਗਾ
ਤੇ ਗੇਟ ਖੁੱਲਣ ‘ਤੇ ਵੀ
ਅੰਦਰ ਲੰਘਣ ਤੋਂ ਝਿੱਜਕਦਾ ਹੈ
ਘਰ ‘ਚ ਰੱਖੇ ਜਰਮਨ ਸ਼ੈਫਰਡ ਤੋਂ।
ਅੰਦਰ ਲੰਘ ਕੇ
ਮੰਜੇ ‘ਤੇ ਅਲਸਾਉਣ ਵਾਲਾ ਮੇਰਾ ਬਾਪ
ਸੋਫ਼ੇ ਵਿਚ ਸੁੰਗੜ ਜਾਂਦਾ ਹੈ
ਅਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ
ਚਾਹ ਦਾ ਕੱਪ ਤੇ ਦੋ ਕੁ ਬਿਸਕੁਟ ਨਿਰਾ ਮਖੌਲ ਜਾਪਦੇ ਨੇ।
ਮੇਰੇ ਬੱਚਿਆਂ ਨੂੰ ਅੱਖਰਦਾ ਹੈ
ਬਾਪ ਦਾ ਖੁੱਰਦਰੇ ਹੱਥਾਂ ਨਾਲ ਪਲੋਸਣਾ
ਉਹ ਦਾਦੇ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਦੀ ਬਜਾਏ
ਟੀ.ਵੀ. ਤੇ ਕੰਪਿਊਟਰ ਵਿਚ ਖੁੱਭ ਜਾਂਦੇ ਨੇ
ਤੇ ਬਾਪ ਦੀਆਂ ਬਾਤਾਂ ਮਸੋਸ ਕੇ ਰਹਿ ਜਾਂਦੀਆਂ ਨੇ।
ਮੇਰੇ ਰੁਝੇਵਿਆਂ ਨੇ ਖਾ ਲਿਆ ਹੈ
ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ।
ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਬਾਪ ਨੂੰ
ਜਦ ਖਾਣ ਲਈ ਪੀਜ਼ਾ ਦੇਈਏ
ਤਾਂ ਉਸਦੀ ਭੁੱਖ ਮਰ ਜਾਂਦੀ ਹੈ।
ਦਲਾਨ ਵਿਚ
ਸਾਰੇ ਪਰਿਵਾਰ ਦੇ ਮੰਜੇ ਡਾਹ ਕੇ
ਸੌਣ ਵਾਲੇ ਬਾਪ ਨੂੰ
ਬੈੱਡਰੂਮ ਵਿਚ ਨੀਂਦ ਨਹੀਂ ਆਉਂਦੀ।
ਸੂਰਜ ਡੁੱਬਣ ਸਾਰ ਸੌਣ ਵਾਲੇ ਬਾਪ ਦੀ
ਕੱਚੀ ਨੀਂਦ ਉਖੜ ਜਾਂਦੀ ਹੈ
ਜਦ ਅਸੀਂ ਅੱਧੀ ਰਾਤ ਨੂੰ
ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ।
ਉਹ ਸੁੱਤ-ਉਨੀਂਦਰਾ
ਅੰਮ੍ਰਿਤ ਵੇਲੇ ਉੱਠ
ਨੌਕਰ ਹੱਥੋਂ ਚਾਹ ਦਾ ਕੱਪ ਪੀ
ਸਾਡੇ ਜਾਗਣ ਤੋਂ ਪਹਿਲਾਂ ਪਹਿਲਾਂ
ਪਿੰਡ ਨੂੰ ਵਾਪਸ ਪਰਤ ਜਾਂਦਾ ਹੈ।
ਅਕਸਰ ਹੀ
ਮੇਰਾ ਬਾਪ
ਬਹੁਤ ਘੱਟ
ਮੈਂਨੂੰ ਮਿਲਣ ਸ਼ਹਿਰ ਆਉਂਦਾ ਹੈ।
ਪਰ ਹੁਣ ਤਾਂ ਘੱਟ ਆਉਣ ਵਾਲੇ ਬਾਪ ਨੇ ਮੈਨੂੰ ਮਿਲਣ ਕਦੇ ਵੀ ਸ਼ਹਿਰ ਨਹੀਂ ਆਉਣਾ। ਸਿਰਫ਼ ਆਵੇਗੀ ਤਾਂ ਉਹਨਾਂ ਦੀ ਯਾਦ, ਜੋ ਅਸੀਮ ਅਸੀਸਾਂ ਦਾ ਸੰਧਾਰਾ ਮੇਰੀ ਝੋਲੀ ਵਿਚ ਧਰਿਆ ਕਰੇਗੀ ਅਤੇ ਮੈਨੂੰ ਜਿਉਣ ਜੋਗਾ ਕਰਿਆ ਕਰੇਗੀ।
9 ਸਾਲ ਪਹਿਲਾਂ ਜਦ ਮੇਰੀ ਮਾਤਾ ਸਦੀਵੀ ਵਿਛੋੜਾ ਦੇ ਗਈ ਤਾਂ ਬਾਪ ਅੰਦਰੋਂ ਟੁੱਟ ਕੇ ਵੀ ਬਾਹਰੋਂ ਸਬੂਤਾ ਹੋਣ ਦਾ ਧਰਮ ਪਾਲਦਾ ਰਿਹਾ। ਮਾਂ ਦੀ ਮੌਤ ਤੋਂ ਬਾਅਦ ਜਦ ਪਹਿਲੀ ਵਾਰ ਪਿੰਡ ਗਿਆ ਤਾਂ ਇਕ ਨਿੱਕੀ ਜਹੀ ਘਟਨਾ ਵੱਡੇ ਅਰਥਾਂ ਦਾ ਸੁਨੇਹਾ ਮੇਰੀ ਕਵਿਤਾ ਵਿਚ ਧਰ ਗਈ;
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆਂ ਹਾਂ
ਘਰ ਦੇ ਸਾਰੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ
ਮੈਂ ਘਰ ‘ਚ ਇਕੱਲਾ
ਸਿਮਰਤੀਆਂ ‘ਚ ਗਵਾਚ ਜਾਂਦਾ ਹਾਂ।
‘ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ
ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ
ਅਤੇ ਦੇਰ ਨਾਲ ਆਉਣ ‘ਤੇ ਨਿਹੋਰਾ ਦਿੰਦਿਆਂ
ਕਲਾਵੇ ‘ਚ ਲੈ
ਅਸੀਸਾਂ ਦੀ ਝੜੀ ਲਾਉਣਾ’ ਦੀਆਂ ਯਾਦਾਂ
ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ
ਅੱਖਾਂ ਨਮ ਕਰ ਜਾਂਦੀਆਂ ਹਨ।
ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ,
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ,
”ਮੈਨੂੰ ਪਤਾ ਸੀ
ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇਕ ਪੱਕਾ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ”
ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ……
ਮਾਂ ਦੀ ਮੌਤ ਤੋਂ ਬਾਦ
ਬਾਪ
ਮਾਂ ਵੀ ਬਣ ਗਿਆ ਹੈ!!!
ਹੁਣ ਮੌਤ ਤੋਂ ਬਾਅਦ ਕਿੰਝ ਬਾਪ ਬਣੇਗਾ ਮਾਂ? ਹੁਣ ਤਾਂ ਉਸਦੇ ਸਦੀਵੀ ਵਿਛੋੜੇ ਨੂੰ ਸਵੀਕਾਰਨ ਦੇ ਨਾਲ ਨਾਲ, ਉਸਦੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਉਸੀ ਤਰਜ਼ੀਹ, ਤਮੰਨਾ ਅਤੇ ਤਾਬਿਆਦਾਰੀ ਨਾਲ ਨਿਭਾਉਣਾ ਪੈਣਾ ਹੈ ਜੋ ਕਦੇ ਬਾਪ ਦੇ ਬਾਪ ਨੇ ਮੇਰੇ ਬਾਪ ਨੂੰ ਦਿਤੀਆਂ ਸਨ। ਇਹੀ ਤਾਂ ਕੁਦਰਤ ਦਾ ਅਸੂਲ ਏ ਅਤੇ ਇਸ ਨਿਰੰਤਰਤਾ ਨੇ ਸਦਾ ਬਰਕਰਾਰ ਰਹਿਣਾ ਏ।
ਪ੍ਰਦੇਸ ਨੂੰ ਵਾਪਸ ਪਰਤਣ ਲਈ ਤਿਆਰ ਹਾਂ। ਦਰਦ ਦਾ ਪਿੰਜਿਆ, ਕਿਸੇ ਰਾਹਤ ਦੀ ਭਾਲ ਵਿਚ ਢਾਈ ਮਹੀਨੇ ਤੀਕ ਆਪਣੇ ਪਿੰਡ ਦੀਆਂ ਜੂਹਾਂ ਫਰੋਲਦਾ ਰਿਹਾ ਜਿਸ ਵਿਚ ਬਾਪ ਦੇ ਕਦਮਾਂ ਦੀ ਤਾਲ ਤਾਅ-ਉਮਰ ਧੜਕਦੀ ਰਹੀ। ਅੱਖਾਂ ਵਿਚ ਹੰਝੂਆਂ ਦੀ ਨੈਅ, ਸੋਚਾਂ ਵਿਚ ਗ਼ਮ ਦੀਆਂ ਘੁੰਮਣਘੇਰੀਆਂ ਅਤੇ ਕਦਮਾਂ ਵਿਚ ਪ੍ਰਦੇਸ ਨੂੰ ਵਾਪਸ ਪਰਤਣ ਦਾ ਚਾਅ ਨਹੀਂ ਸੀ। ਭੈਣ-ਭਰਾ ਤੋਰਨ ਆਏ ਨੇ। ਪਰ ਕਿਧਰੇ ਨਜ਼ਰ ਨਹੀਂ ਆਉਂਦਾ ਬਾਪ, ਉਸਦੇ ਨੈਣਾਂ ‘ਚ ਤਰਦਾ ਹੁਲਾਸ, ਸਿਰ ‘ਤੇ ਅਸੀਸਾਂ ਦੇਂਦੇ ਹੱਥਾਂ ਵਿਚਲੀ ਨਿਰਛੱਲਤਾ, ਉਸਦੇ ਬੋਲਾਂ ਵਿਚ ਜਲਦੀ ਵਾਪਸ ਆਉਣ ਦਾ ਦਾਈਆ, ਉਸਦੀ ਤੱਕਣੀ ਵਿਚ ਬੱਚਿਆਂ ਦੀ ਸੁਪਨ-ਪੂਰਤੀ ਕਾਰਨ ਛਲਕਦਾ ਅਹਿਸਾਸ, ਪ੍ਰਦੇਸ ਵੱਸਦੇ ਬੱਚਿਆਂ ਦੀ ਤੰਦਰੁਸਤੀ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਚਾਹਨਾ ਅਤੇ ਮਿਲਣ ਵਾਲੀਆਂ ਦੁਆਵਾਂ ਦੀ ਬਰਕਤਾਂ।
ਮੇਰੇ ਦੁਆਲੇ ਫੈਲਣ ਵਾਲੇ ਚਾਨਣ ਦੇ ਦਾਇਰੇ ਦੀ ਗੈਰ-ਹਾਜ਼ਰੀ ਬਹੁਤ ਰੜਕਦੀ ਏ। ਸੋਚਦਾ ਹਾਂ ਇਸ ਤਰ੍ਹਾਂ ਤਾਂ ਮੈਂ ਕਦੇ ਵੀ ਵਿਦੇਸ਼ ਨੂੰ ਨਹੀਂ ਸੀ ਪਰਤਿਆ। ਸਦਾ ਬਾਪ ਦੀ ਬੁੱਕਲ ਦਾ ਨਿੱਘ ਤੇ ਸਕੂਨ ਦੀਆਂ ਝੋਲੀਆਂ ਭਰ ਕੇ ਨਾਲ ਆਉਣ ਵਾਲਾ ਵਜੂਦ, ਇਸ ਘਾਟ ਨੂੰ ਮਹਿਸੂਸ ਕਰਦਾ ਹੈ। ਬਾਪ ਨੂੰ ਸਦੀਵੀ ਯਾਤਰਾ ‘ਤੇ ਤੋਰਨ ਅਤੇ ਉਸਦੇ ਕਦੇ ਵੀ ਵਾਪਸ ਨਾ ਪਰਤਣ ਦੀ ਰਾਹ ‘ਤੇ ਤੋਰਨ ਤੋਂ ਬਾਅਦ, ਜਦ ਘਰੋਂ ਪ੍ਰਦੇਸ ਨੂੰ ਤੁੱਰਨ ਲੱਗਿਆਂ ਤਾਂ ਮਨ ਵਿਚ ਆਇਆ ਕਿ ਹੁਣ ਕਿਸੇ ਨੇ ਨਹੀਂ ਛੇਤੀ ਛੇਤੀ ਫ਼ੋਨ ਨਾ ਕਰਨ ‘ਤੇ ਦਬਕਾ ਮਾਰਨਾ, ਜਲਦੀ ਪਿੰਡ ਆਉਣ ਲਈ ਤਾਕੀਦ ਕਰਨਾ। ਅਤੇ ਫੋ ਕਰਦਿਆਂ, ਆਰ-ਪਰਿਵਾਰ ਅਤੇ ਪੋਤਰੀ ਦੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ, ਅਕਸਰ ਰਿਸੀਵਰ ਵਿਚ ਹਾਉਕਾ ਧਰਨਾ।
ਸੋਚਦਾ ਰਿਹਾ ਕਿ ਹੁਣ ਕਿਸੇ ਨੇ ਨਹੀਂ ਪਿੰਡ ਆਉਣ ਨੂੰ ਕਹਿਣਾ। ਪਿੰਡ ਨੇ ਹੋ ਜਾਣਾ ਬੇਗਾਨਾ ਕਿਉਂਕਿ ਮਾਪਿਆਂ ਦੀ ਹਾਜ਼ਰੀ ਹੀ ਤੁਹਾਨੂੰ ਪਿੰਡ ਨੂੰ ਨੱਤਮਸਤਕ ਹੋਣ ਲਈ ਉਤੇਜਤ ਕਰਦੀ। ਮਾਪਿਆਂ ਤੋਂ ਬਗੈਰ ਸਿਰਫ਼ ਘਰਾਂ ਦੀ ਚੁੱਪ, ਦਰਾਂ ਨੂੰ ਲੱਗੇ ਜਿੰਦਰੇ ਅਤੇ ਇਕ ਖਲਾਅ ਹੀ ਤੁਹਾਡੀ ਉਡੀਕ ਕਰਦਾ। ਰਿਸ਼ਤਿਆਂ ਦਾ ਕੇਂਦਰ ਬਿੰਦੂ ਤੁੱਰ ਜਾਣ ‘ਤੇ ਖਤਮ ਹੋ ਜਾਂਦੀ ਰਿਸ਼ਤਿਆਂ ਵਿਚਲੀ ਤੜਪ, ਨਿੱਘ, ਅਪਣੱਤ ਅਤੇ ਇਕ ਦੂਜੇ ਦੇ ਸਦਕੇ ਜਾਣ ਦੀ ਆਉਧ। ਮਾਪਿਆਂ ਤੋਂ ਬਾਅਦ ਤਾਂ ਭੈਣ-ਭਰਾ ਕਿੰਨੇ ਵੀ ਚੰਗੇ ਹੋਣ, ਛੋਟੇ ਜਿਹੇ ਨਿੱਜ ਪਿਛੇ ਸ਼ਰੀਕ ਬਣਦਿਆਂ ਦੇਰ ਨਹੀਂ ਲੱਗਦੀ। ਘਰ ਦੀਆਂ ਕੰਧਾਂ ਦੇ ਲੱਥਣੇ ਸ਼ੁਰੂ ਹੋ ਜਾਂਦੇ ਲਿਓੜ ਅਤੇ ਇਹਨਾਂ ਦੀ ਜ਼ਰਜ਼ਰੀ ਹੋਂਦ, ਪਰਿਵਾਕ ਬਿਖਰਾਅ ਦੀ ਜਾਮਨ ਬਣਦੀ। ਫਿਰ ਤਾਂ ਪਿੰਡ ਨੂੰ ਜਾਣ ਅਤੇ ਖੇਤਾਂ ਵੰਨੀਂ ਗੇੜਾ ਲਾਉਣ ਤੋਂ ਵੀ ਮਨ ਤ੍ਰਿਹਣ ਲੱਗ ਪੈਣਾ ਏ ਕਿਉਂਕਿ ਇਸਦੀ ਆਰੰਭਕ ਅਦਿੱਖ ਝਲਕ ਨੇ ਹੀ ਮਨ ਵਿਚ ਸੰਭਾਵਤ ਭਰਮ-ਭੁਲੇਖਿਆਂ ਨੂੰ ਦੂਰ ਕਰ ਦਿਤਾ ਕਿ ਭਵਿੱਖ ਵਿਚ ਪਰਿਵਾਰਕ ਸੰਬੰਧਾਂ ਨੇ ਕਿਹੜਾ ਰੂਪ ਧਾਰਨਾ ਏ? ਇਸ ਡਰ ਨੇ ਹੀ ਨਿਰਮੋਹੇਪਣ, ਨਿੱਜਤਾ ਅਤੇ ਅਹਿਸਾਸਹੀਣਤਾ ਨੂੰ ਸੰਬੰਧਾਂ ਵਿਚ ਧਰਨਾ ਏ ਅਤੇ ਸਬੰਧ-ਸਥੂਲਤਾ ਨੇ ਹੌਲੀ ਹੌਲੀ ਮਰਨਾ ਏ। ਸੰਬੰਧਾਂ ਦਾ ਮਰਨਾ ਵੀ ਅਜਿਹਾ ਹੋਣਾ ਕਿ ਤੁਸੀਂ ਰੋ ਵੀ ਨਹੀਂ ਸਕਣਾ। ਕਿਸੇ ਨੂੰ ਦੱਸ ਵੀ ਨਹੀਂ ਸਕਣਾ ਕਿਉਂਕਿ ਬਹੁਤ ਔਖਾ ਹੁੰਦਾ ਏ ਕਾਲਖ਼ ਨੂੰ ਉਛਾਲਣਾ ਅਤੇ ਆਪਣੇ ਹੀ ਸਮਾਜਿਕ ਬਿੰਬ ਨੁੰ ਕਲੰਕਤ ਕਰਨਾ।
ਮਨ ‘ਚ ਆਉਂਦਾ ਕਿ ਕਿੰਨਾ ਅੰਤਰ ਹੈ ਇਸ ਵਾਰ ਪਿੰਡ ਨੂੰ ਆਉਣ ਅਤੇ ਪਿੰਡ ਤੋਂ ਵਾਪਸ ਪਰਤਣ ਵਿਚ। ਆਉਂਦੇ ਸਮੇਂ ਤਾਂ ਮਨ ਵਿਚ ਇਕ ਆਸ ਸੀ ਬਾਪ ਦੇ ਠੀਕ ਹੋਣ ਦੀ, ਉਸਨੂੰ ਮਿਲਣ ਦੀ, ਗੱਲਾਂ ਕਰਨ ਦੀ ਅਤੇ ਉਸਦੀ ਸਿਹਤਯਾਬੀ ਵਿਚੋਂ ਹੀ ਆਪਣੇ ਆਉਣ ਦੀ ਧੰਨਭਾਗਤਾ ਨੂੰ ਸਿਰਜਣ ਦੀ। ਪਰ ਬਾਪ ਦਾ ਸਦੀਵੀ ਸਫ਼ਰ ‘ਤੇ ਜਾਣ ਤੋਂ ਪਹਿਲਾਂ ਹੀ ਚੁੱਪ-ਸਾਧਨਾ ਵਿਚ ਡੁੱਬ ਜਾਣਾ, ਮੇਰੀਆਂ ਭਾਵਨਾਵਾਂ ਨੂੰ ਅਵਾਕ ਕਰ ਗਿਆ। ਹੁਣ ਦਿਲ ਵਿਚ ਇਕ ਖ਼ਾਲੀਪਣ ਲੈ ਕੇ ਵਾਪਸ ਪਰਤ ਰਹੇ ਹਾਂ ਜਿਸਨੇ ਕਦੇ ਨਹੀਂ ਭਰਨਾ। ਸਿਰਫ਼ ਬਾਪ ਦੀਆਂ ਸਿਆਣਪ-ਮਈ, ਨਿੱਘੀਆਂ, ਮਿੱਠੀਆਂ ਅਤੇ ਸਦਾ ਸਜੀਲੀਆਂ ਯਾਦਾਂ ਦਾ ਕਾਫ਼ਲਾ ਅੰਗ-ਸੰਗ ਰਹੇਗਾ ਅਤੇ ਇਸ ਵਿਚੋਂ ਹੀ ਸਬਰ, ਸਕੂਨ, ਸਦਭਾਵਨਾ ਅਤੇ ਸਮਰਿਧੀ ਨੂੰ ਆਪਣੀ ਚੇਤਨਾ ਦੇ ਨਾਮ ਕਰ, ਜ਼ਿੰਦਗੀ ਨੂੰ ਸੁੱਚੀਆਂ ਤਰਜੀਹਾਂ ਵੰਨੀਂ ਸੇਧਤ ਕਰਦਾ ਰਹਾਂਗਾ।
ਘਰ ਨੂੰ ਖੁੱਲ੍ਹਾ ਛੱਡ ਕੇ ਦਰੋਂ ਬਾਹਰ ਪੈਰ ਰੱਖਦਿਆਂ, ਆਪਣੇ ਹੰਝੂਆਂ ਨੂੰ ਭੈਣ-ਭਰਾਵਾਂ ਤੋਂ ਲਕੌਂਦਾ, ਪਰਵਾਸੀ ਧਰਤੀ ਨੂੰ ਤੁਰ ਪੈਂਦਾ ਹਾਂ ਕਿਉਂ ਦਰਾਂ ‘ਤੇ ਉਕਰੀ ਉਸ ਖਾਮੋਸ਼ੀ ਨੂੰ ਮੁਖਾਤਬ ਹੋਣ ਤੋਂ ਡਰਦਾ ਹਾਂ ਜਿਸਨੇ ਸਾਨੂੰ ਇਸ ਤੋਂ ਬਾਅਦ ਅਕਸਰ ਹੀ ਉਡੀਕਿਆ ਕਰਨਾ ਏ।
ਹੁਣ ਤਾਂ ਘਰ ਨੂੰ ਲੱਗਿਆ ਜਿੰਦਰਾ ਹੀ ਉਡੀਕ ਕਰੇਗਾ, ਅਸਾਂ ਪ੍ਰਦੇਸੀਆਂ ਦੀ।
(ਸਮਾਪਤ)
ੲ ੲ ੲ ੲ ੲ