Breaking News
Home / ਹਫ਼ਤਾਵਾਰੀ ਫੇਰੀ / ਭਾਰਤ ਨੇ ਕਾਲੀ ਸੂਚੀ ‘ਚੋਂ ਹਟਾਏ 274 ਨਾਂ

ਭਾਰਤ ਨੇ ਕਾਲੀ ਸੂਚੀ ‘ਚੋਂ ਹਟਾਏ 274 ਨਾਂ

ਚੰਡੀਗੜ੍ਹ : ਭਾਰਤ ਦੀ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿਚੋਂ ਪੰਜਾਬ ਨਾਲ ਸਬੰਧਿਤ 274 ਨਾਂ ਹਟਾ ਦਿੱਤੇ ਹਨ। ਪਹਿਲਾਂ ਇਸ ਸੂਚੀ ਵਿਚ 314 ਵਿਅਕਤੀਆਂ ਦੇ ਨਾਂ ਸਨ, ਹੁਣ ਸਿਰਫ਼ 40 ਨਾਂ ਹੀ ਰਹਿ ਗਏ ਹਨ। ਦੂਜੇ ਪਾਸੇ ਹੁਣ ਕਾਲੀ ਸੂਚੀ ਵਿਚ ਸ਼ਾਮਲ ਵਿਅਕਤੀਆਂ ਦੇ ਪਰਿਵਾਰ ਵੀ ਭਾਰਤ ਆ ਸਕਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਦਿੱਤੀ। ਉਨ੍ਹਾਂ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਨਾ ਸਿਰਫ਼ ਕਾਲੀ ਸੂਚੀ ਨੂੰ ਛੋਟਾ ਕੀਤਾ ਹੈ ਬਲਕਿ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਹੈ। ਪਹਿਲਾਂ ਇਕ ਸੂਚੀ ਕੇਂਦਰੀ ਗ੍ਰਹਿ ਮੰਤਰਾਲਾ ਬਣਾਉਂਦਾ ਸੀ ਤੇ ਇਕ ਸੂਚੀ ਵੱਖ-ਵੱਖ ਦੇਸ਼ਾਂ ਦੇ ਦੂਤਘਰ ਵੀ ਬਣਾਉਂਦੇ ਸਨ। ਕੇਂਦਰ ਸਰਕਾਰ ਦੀ ਕਾਲੀ ਸੂਚੀ ਵਿਚ 314 ਨਾਂ ਸਨ ਜਦਕਿ ਦੂਤਘਰਾਂ ਦੀ ਸੂਚੀ ਕਾਫ਼ੀ ਲੰਬੀ ਹੁੰਦੀ ਸੀ। ਇਸ ਸੂਚੀ ਵਿਚ ਉਨ੍ਹਾਂ ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਸੀ ਜਿਨ੍ਹਾਂ ਨੇ ਵਿਦੇਸ਼ ਵਿਚ ਕੋਈ ਗੜਬੜ ਕੀਤੀ ਹੁੰਦੀ ਸੀ। ਦੂਜੇ ਪਾਸੇ ਹੁਣ ਗ੍ਰਹਿ ਮੰਤਰਾਲੇ ਦੀ ਸੂਚੀ ਵਿਚੋਂ ਵੀ 274 ਨਾਂ ਹਟਾ ਦਿੱਤੇ ਗਏ ਹਨ।
ਕਾਲੀ ਸੂਚੀ ਵਿਚ ਸ਼ਾਮਲ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਵੀ ਭਾਰਤ ਆਉਣ ਦੀ ਇਜਾਜ਼ਤ ਨਹੀਂ ਸੀ। ਕੇਂਦਰ ਸਰਕਾਰ ਨੇ ਇਸ ਨਿਯਮ ਵਿਚ ਵੀ ਛੋਟ ਦੇ ਦਿੱਤੀ ਹੈ। ਹੁਣ ਕਾਲੀ ਸੂਚੀ ਵਿਚ ਸ਼ਾਮਲ ਵਿਅਕਤੀਆਂ ਦੇ ਪਰਿਵਾਰ ਭਾਰਤ ਆ ਸਕਦੇ ਹਨ। ਉਨ੍ਹਾਂ ਨੇ ਨਿਯਮਾਂ ਵਿਚ ਤਬਦੀਲੀ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋਈ ਹੈ।
ਕੀ ਹੁੰਦੀ ਹੈ ਕਾਲੀ ਸੂਚੀ : ਦੇਸ਼ ਵਿਰੁੱਧ ਸਾਜ਼ਿਸ਼ ਰਚਣ ਜਾਂ ਦੇਸ਼ ਵਿਰੋਧੀ ਸਰਗਰਮੀਆਂ ਕਰਨ ਵਾਲੇ ਵਿਦੇਸ਼ ਵਿਚ ਬੈਠੇ ਵਿਅਕਤੀਆਂ ਦੇ ਨਾਂ ਕਾਲੀ ਸੂਚੀ ਵਿਚ ਸ਼ਾਮਲ ਹੁੰਦੇ ਹਨ। ਇਸ ਸੂਚੀ ਵਿਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਕੇਂਦਰ ਸਰਕਾਰ ਸਮੇਂ-ਸਮੇਂ ‘ਤੇ ਇਸ ਸੂਚੀ ਦੀ ਸਮੀਖਿਆ ਕਰਦੀ ਰਹਿੰਦੀ ਹੈ। ਇਸ ਵਿਚ ਜ਼ਿਆਦਾਤਰ ਨਾਂ ਉਦੋਂ ਦੇ ਹਨ ਜਦੋਂ ਪੰਜਾਬ ਵਿਚ ਮਾਹੌਲ ਸੁਖਾਵਾਂ ਨਹੀਂ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …