Breaking News
Home / ਨਜ਼ਰੀਆ / ਜਲਿਆਂਵਾਲੇ ਬਾਗ ਦਾ ਸਾਕਾ

ਜਲਿਆਂਵਾਲੇ ਬਾਗ ਦਾ ਸਾਕਾ

ਡਾ. ਬਲਜਿੰਦਰ ਸਿੰਘ ਸੇਖੋਂ
ਜਲਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ ਕੀਤੀ, ਜਿਸ ਨੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਜਿਹੇ ਯੋਧਿਆ ਨੂੰ ਪ੍ਰਭਾਵਿਤ ਕੀਤਾ ਅਤੇ ਆਖਿਰ ਅੰਗਰੇਜਾਂ ਨੂੰ ਭਾਰਤ ਛੱਡਣ ਤੇ ਮਜ਼ਬੂਰ ਹੋਣਾ ਪਿਆ।  ਅੰਗਰੇਜ਼ ਪਹਿਲੀ ਵੱਡੀ ਜੰਗ ਨੂੰ ਜਿੱਤ ਚੁੱਕੇ ਸਨ ਅਤੇ ਇੱਕ ਪਾਸੇ ਕਾਂਗਰਸ ਪਾਰਟੀ, ਭਾਰਤੀਆਂ ਲਈ ਸਰਕਾਰ ਵਿਚ ਕੁਝ ਹਿੱਸਾ ਲੈਣ ਦੀ ਉਮੀਦ ਲਈ ਬੈਠੀ ਸੀ, ਦੂਜੇ ਪਾਸੇ ਭਾਰਤ ਵਿਚ ਅੰਗਰੇਜ਼ ਅਧਿਕਾਰੀ, ਅਪਣਾ ਰਾਜ ਹੋਰ ਪੱਕਾ ਕਰਨ ਦੀ ਕੋਸ਼ਿਸ਼ ਵਿਚ ਸਨ।  ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ 1915 ਵਿਚਲੀ ਗਦਰ ਦੀ ਕੋਸ਼ਿਸ਼ ਨੂੰ ਅੰਗਰੇਜ਼ਾਂ ਬੜੀ ਮਸ਼ਕਿਲ ਨਾਲ ਫੇਲ੍ਹ ਕੀਤਾ ਸੀ ਅਤੇ  ਰੂਸ  ਦੇ ਇੰਨਕਲਾਬ ਨੇ ਵੀ ਨੌਜਵਾਨਾ ਦਾ ਧਿਆਨ ਖਿਚਿਆ ਹੋਇਆ ਸੀ।  ਪੰਜਾਬ ਦਾ ਲੈਫਟੀਨੈਂਟ ਗਵੱਰਨਰ  ਸਰ ਮਾਇਕਲ ਓਡਵਾਇਰ ਅਪਣੇ ਸਾਥੀਆਂ ਸਮੇਤ ਪੰਜਾਬ ਅੰਦਰ ਇੱਕ ਹੋਰ ਗਦਰ ਦੀ ਸੰਭਾਵਨਾ ਅਤੇ ਅਤੇ ਬਹੁਤ ਥਾਂਈ ਮੁਸਲਿਮ ਅਤੇ ਹਿੰਦੂ ਸਿੱਖਾਂ ਵਿਚ ਵੱਧ ਰਹੀ ਨੇੜਤਾ ਤੋਂ ਚਿੰਤਤ ਸੀ।
ਲੋਕਾਂ ਅੰਦਰ ਸੁਲਘ ਰਹੀ ਅਜ਼ਾਦੀ ਦੀ ਚਿੰਗਾਰੀ ਨੂੰ ਦਬਾ ਕੇ ਰੱਖਣ ਦੀ ਮਨਸ਼ਾ ਨਾਲ ਭਾਰਤ ਦੀ ਅੰਗਰੇਜ਼ ਸਰਕਾਰ ਨੇ, ਪਹਿਲੀ ਵੱਡੀ ਜੰਗ ਵੇਲੇ ਅਪਣਾਏ ਸਖਤ ਕਾਨੂੰਨਾਂ ਨੂੰ, ਅਰਾਜਕਿਤਾ ਅਤੇ ਇੰਨਕਲਾਬੀ ਜੁਰਮ ਐਕਟ ਬਣਾ 21 ਮਾਰਚ 1919 ਤੋਂ ਅੱਗੇ ਲਾਗੂ ਕਰ ਦਿੱਤਾ।  ਇਸ ਐਕਟ ਨੂੰ, ਇਸ ਕਾਨੂੰਨ ਦੇ ਘਾੜੇ, ਰੋਲਟ ਦੇ ਨਾਂ ਤੇ ਰੋਲਟ ਐਕਟ ਕਿਹਾ ਜਾਣ ਲੱਗਾ।  ਇਸ ਕਾਨੂੰਨ ਅਧੀਨ ਕਿਸੇ ਨੂੰ ਵੀ ਅਤਵਾਦੀ ਕਾਰਵਾਈ ਕਰਨ ਦੇ ਸ਼ੱਕ ਵਿਚ ਬਿਨਾ ਮੁਕੱਦਮਾ ਚਲਾਏ ਦੋ ਸਾਲ ਜੇਲ੍ਹ ਵਿਚ ਰੱਖਿਆ ਜਾ ਸਕਦਾ ਸੀ, ਪ੍ਰੈਸ ਤੇ ਸਖਤ ਕੰਟਰੋਲ ਦਾ ਅਧਿਕਾਰ ਸਰਕਾਰ ਨੂੰ ਸੀ ਅਤੇ ਸਿਆਸੀ ਕਾਰਵਾਈ ਕਰਨ ਵਾਲਿਆਂ ਨੂੰ ਬਿਨਾ ਵਰੰਟ ਗ੍ਰਿਫਤਾਰੀ ਕਰਕੇ ਬੰਦ ਅਦਾਲਤਾਂ ਵਿਚ ਸੁਣਵਾਈ ਕੀਤੀ ਜਾ ਸਕਦੀ ਸੀ।  ਇਨ੍ਹਾਂ ਅਦਾਲਤਾਂ ਵਿਚ ਗਵਾਹਾਂ ਨੂੰ ਦੋਸ਼ੀਆਂ ਦੇ ਸਾਹਮਣੇ ਲਿਆਉਣ ਤੋਂ ਬਿਨਾ ਹੀ ਉਨ੍ਹਾਂ ਦੀਆਂ ਗਵਾਹੀਆਂ ਦਰਜ ਕੀਤੀਆਂ ਅਤੇ ਸਹੀ ਮੰਨੀਆਂ ਜਾ ਸਕਦੀਆਂ ਸਨ।   ਇਹ ਵੱਡੀ ਜੰਗ ਖਤਮ ਹੋਣ ਦੇ ਬਾਵਜੂਦ ਸਧਾਰਨ ਹਾਲਤਾਂ ਵਿਚ ਆਮ ਲੋਕਾਂ ਦੀ ਅਜ਼ਾਦੀ ਤੇ ਸਿੱਧਾ ਡਾਕਾ ਸੀ।
ਰੋਲਟ ਐਕਟ ਦੇ ਖਿਲਾਫ਼  ਰੋਸ ਪ੍ਰਗਟ ਕਰਨ ਲਈ, ਨਵੇਂ ਨਵੇਂ ਕਾਂਗਰਸ ਵਿਚ ਲੀਡਰ ਦੇ ਤੌਰ ਤੇ ਉਭਰ ਰਹੇ ਮਹਾਤਮਾਂ ਗਾਂਧੀ ਨੇ 30 ਮਾਰਚ 1919 ਨੂੰ ਸ਼ਾਤੀ ਪੂਰਵਕ ਬੰਦ ਦਾ ਸੱਦਾ ਦਿੱਤਾ।  ਇਸ ਨੂੰ ਅਮ੍ਰਿਤਸਰ ਵਿਚ ਚੰਗਾ ਹੁੰਗਾਰਾ ਮਿਲਿਆ ਅਤੇ ਅੰਗਰੇਜ਼ ਅਧਿਕਾਰੀਆਂ ਨੂੰ ਜਿਆਦਾ ਖਤਰਾ ਇਸ ਲਈ ਲੱਗਣ ਲੱਗਾ ਕਿ ਸ਼ਹਿਰ ਵਿਚ ਇੱਕ ਹਿੰਦੂ, ਡਾ ਸਤਪਾਲ ਅਤੇ ਇੱਕ ਮੁਸਲਮਾਨ ਵਕੀਲ ਸੈਫਉਦੀਨ ਕਿਚਲੂ ਰੱਲ ਕੇ ਇਸ ਕਾਨੂੰਨ ਖਿਲਾਫ਼ ਲੋਕਾਂ ਦੀ ਅਗਵਾਈ ਕਰ ਰਹੇ ਸਨ।  ਦੋਨੋ ਮੁੱਖ ਤੌਰ ਤੇ ਹਿੰਦੂ ਮੁਸਲਿਮ ਏਕਤਾ ਦੀ ਗੱਲ ਕਰਦੇ ਸਨ।  ਜਦੋਂ ਕਿ ਪਹਿਲਾਂ, ਇਹ ਦੋਨੋ ਫਿਰਕੇ ਇਕ ਦੂਜੇ ਨਾਲ ਰੱਲ ਕੇ ਘੱਟ ਹੀ ਚਲਦੇ ਸਨ।  ਇਹ ਦੋਨੋ ਚੰਗੇ ਬੁਲਾਰੇ ਸਨ ਅਤੇ ਇਨ੍ਹਾਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੁਜ਼ਾਹਰਿਆਂ ਵਿਚ ਆ ਜਾਂਦੇ।  ਪੰਜਾਬ ਦੇ ਲੈਫਟੀਨੈਂਟ  ਗਵਰਨਰ ਓਡਵਾਇਰ ਨੂੰ ਲੱਗ ਰਿਹਾ ਸੀ ਕਿ ਇਹ ਦੋਨੋ ਪੰਜਾਬ ਦੇ ਹਾਲਾਤ ਵਿਗਾੜਨ ਲਈ ਜਿਮੇਵਾਰ ਹਨ।  ਪਰ ਡੁੰਘਾਈ ਨਾਲ ਵੇਖਿਆ ਜਾਵੇ ਤਾਂ ਕਈ ਕਰਾਂਤੀਕਾਰੀ ਸੰਗਠਨ ਵੀ ਪੰਜਾਬ ਵਿਚ ਇਸ ਵੇਲੇ ਸਰਗਰਮ ਸਨ,  ਜੋ ਅੰਗਰੇਜ਼ਾਂ ਖਿਲਾਫ਼ ਲੋਕਾਂ ਵਿਚ ਜਾਗਰਤੀ ਪੈਦਾ ਕਰਨ ਲਈ ਥਾਂ ਥਾਂ ਪੋਸਟਰ ਲਗਾ ਰਹੇ ਸਨ।  ਸਰਕਾਰ ਅਪਣੇ  ਖਿਲਾਫ਼ ਲੱਗ ਰਹੇ ਪੋਸਟਰਾਂ ਤੋਂ ਤਰੱਭਕ ਰਹੀ ਸੀ।  ਲਾਹੌਰ ਵਿਚ ਲੱਗੇ ਪੋਸਟਰਾਂ ਵਿਚ ਅੰਗਰੇਜ਼ਾਂ ਨੂੰ ਬਾਂਦਰ ਵਿਖਾ ਭਾਰਤੀਆਂ ਨੂੰ ਮਰੋ ਜਾਂ ਮਾਰੋ ਦੀ ਨੀਤੀ ਅਪਣਾ ਕੇ,  ਇਨ੍ਹਾਂ ਕਮੀਨੇ ਅੰਗਰੇਜ਼ਾਂ ਨੂੰ ਅਪਣੇ ਪਵਿਤਰ ਦੇਸ਼ ਵਿਚੋਂ ਭਜਾਉਣ ਲਈ ਕਿਹਾ ਗਿਆ ਸੀ।  ਅਮ੍ਰਿਤਸਰ ਵਿਚਲੇ ਇੱਕ ਅਖਬਾਰ ‘ਵਕਤ’ ਦੇ ਇੱਕ ਕਾਰਟੂਨ ਵਿਚ ਅੰਗਰੇਜ਼ ਵਾਇਸਰਾਏ ਨੂੰ ਕਾਲਾ ਨਾਗ ਦਰਸਾ ਭਾਰਤ ਮਾਤਾ ਅਤੇ ਅਜ਼ਾਦੀ ਦੀ ਦੇਵੀ ਨੂੰ ਡੰਗਦੇ ਵਿਖਾਇਆ ਗਿਆ ਸੀ।
ਸਰਕਾਰ ਨੇ ਭਾਰਤ ਸੁਰੱਖਿਆ ਕਾਨੂੰਨ ਅਧੀਨ,  ਡਾ ਸਤਪਾਲ ਤੇ ਅਤੇ ਫਿਰ ਸੈਫਉਦੀਨ ਕਿਚਲੂ ਦੇ ਭਾਸ਼ਣ ਦੇਣ ਅਤੇ ਅਖਬਾਰਾਂ ਵਿਚ ਲਿਖਣ ਤੇ ਤੇ ਪਾਬੰਦੀ ਲਗਾ ਦਿਤੀ।  ਇਸ ਦੇ ਬਾਵਜੂਦ, ਭਾਰਤ ਭਰ ਵਿਚ 6 ਅਪਰੈਲ ਨੂੰ ਹੋਈ ਹੜਤਾਲ ਵਿਚ ਪੰਜਾਬ ਦੇ 45 ਹੋਰ ਸ਼ਹਿਰਾਂ ਦੇ ਨਾਲ ਨਾਲ ਅਮ੍ਰਿਤਸਰ ਵਿਚ ਫਿਰ ਭਾਰੀ ਇਕੱਠ ਹੋਇਆ।  ਸਰਕਾਰ ਘਬਰਾ ਗਈ ਅਤੇ ਹਾਲਾਤ ਨੂੰ ਹੋਰ ਵਿਗੜਨ ਦੇ ਡਰੋਂ, ਓਡਵਾਇਰ ਨੇ 9 ਅਪਰੈਲ ਨੂੰ ਦੋਨਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਹੁਕਮ ਚਾੜ੍ਹ ਦਿੱਤਾ।  ਉਸ ਨੂੰ ਵਿਸ਼ਵਾਸ਼ ਸੀ ਕਿ ਇਨ੍ਹਾਂ ਦੇ ਪੰਜਾਬ ਵਿਚੋਂ ਕੱਢਣ ਨਾਲ ਵਿਗੜ ਰਹੇ ਹਾਲਤ ਠੀਕ ਹੋ ਜਾਣਗੇ।   ਉਨ੍ਹਾਂ ਦੋਨਾਂ ਨੂੰ 10 ਅਪਰੈਲ ਨੂੰ ਸਵੇਰੇ ਡਿਪਟੀ ਕਮਿਸ਼ਨਰ (ਡੀ ਸੀ) ਦੀ ਕੋਠੀ ਬੁਲਾਇਆ ਗਿਆ।  ਉਨ੍ਹਾਂ ਨਾਲ ਉਨ੍ਹਾਂ ਦੇ ਦੋ ਨੌਕਰ, ਹੰਸ ਰਾਜ ਅਤੇ ਜੈ ਰਾਮ ਸਿੰਘ ਵੀ ਗਏ।  ਜਾਂਦਿਆਂ ਹੀ ਉਨ੍ਹਾ ਨੂੰ ਵਾਰੰਟ ਫੜਾ ਦਿੱਤੇ ਗਏ ਅਤੇ ਕਿਹਾ ਗਿਆ ਕਿ ਉਨ੍ਹਾਂ ਨੂੰ ਹੁਣੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।  ਦੋਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਦੋ ਸਰਕਾਰੀ ਕਾਰਾਂ ਵਿਚ ਚਾੜ੍ਹ ਕੇ ਪੂਰੀ ਸਪੀਡ ਨਾਲ ਧਰਮਸ਼ਾਲਾ ਨੂੰ ਤੋਰ ਦਿੱਤਾ ਗਿਆ।
ਹੰਸ ਰਾਜ ਅਤੇ ਜੈ ਰਾਮ ਤੋਂ ਲੀਡਰਾਂ ਦੀ ਗ੍ਰਿਫਤਾਰੀ ਦੀ ਚੱਲੀ ਗੱਲ, ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਅਤੇ 11:30 ਵਜੇ ਤੱਕ ਲੋਕ ਹਾਲ ਬਜ਼ਾਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ।  ਲੋਕ ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਲਈ ਇਕੱਠੇ ਹੋ ਜਲੂਸ ਦੀ ਸ਼ਕਲ ਵਿਚ ਡੀ ਸੀ ਦੀ ਕੋਠੀ ਵੱਲ ਨੂੰ ਚੱਲ ਪਏ।  ਕਿਸੇ ਸੰਭਾਵੀ ਜਲੂਸ ਜਾਂ ਇਕੱਠ ਨੂੰ ਰੋਕਣ ਲਈ ਸਰਕਾਰ ਨੇ ਸ਼ਹਿਰ ਤੇ ਸਿਵਲ ਲਾਈਨ, ਜਿਥੇ ਅੰਗਰੇਜ਼ ਅਫਸਰਾਂ ਦੀਆਂ ਕੋਠੀਆਂ ਸਨ, ਨੂੰ ਜੋੜਨ ਵਾਲੇ ਰੇਲਵੇ ਪੁਲ ਅਤੇ ਰੇਲਵੇ ਲਾਈਨ ਤੋਂ ਲੰਘਦੀ ਸੜਕ ਤੇ ਫੌਜੀਆਂ ਦੀਆਂ ਘੋੜਸਵਾਰ ਟੁਕੜੀਆਂ ਲਾਈਆਂ ਹੋਈਆਂ ਸਨ।  ਡੀ ਸੀ ਕੋਠੀ ਵੱਲ ਜਾਂਦੇ ਲੋਕਾਂ ਨੂੰ 12 ਘੋੜਸਵਾਰਾਂ ਦੀ ਫੌਜੀ ਟੁਕੜੀ ਨੇ ਹਾਲ ਗੇਟ ਦੇ ਪੁਲ ਤੇ ਰੋਕ ਲਿਆ ਗਿਆ।  ਘੰਟਾ ਕੁ ਜਲੂਸ ਤੇ ਘੋੜ ਸਵਾਰ ਆਹਮੋ ਸਾਹਮਣੇ ਖੜ੍ਹੇ ਰਹੇ।  ਲੋਕਾਂ ਦਾ ਹਜ਼ੂਮ ਪਲੋ ਪਲ ਵੱਧ ਰਿਹਾ ਸੀ।  ਪੁਲਿਸ ਦਾ ਸਹਾਇਕ ਕਮਿਸ਼ਨਰ ਬੈਕਟ ਹਾਲ ਬ੍ਰਿਜ ਤੇ 1 ਵਜੇ ਆਇਆ ਅਤੇ ਲੋਕਾਂ ਦੇ ਇਕੱਠ ਨੂੰ ਵੇਖ ਕੇ ਸਹਿਮ ਗਿਆ।  ਉਸ ਮੁਤਾਬਿਕ ਜਿਥੇ ਤੱਕ ਨਿਗਾਹ ਜਾਂਦੀ ਸੀ ਲੋਕ ਹੀ ਲੋਕ ਸਨ ਤੇ ਮੁੱਠੀ ਭਰ ਫੌਜੀ ਉਨ੍ਹਾਂ ਨੂੰ ਰੋਕ ਰਹੇ ਸਨ। ਬੈਕਟ ਨੇ ਰੌਲਾ ਪਾ ਇਕੱਠ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਸੀ ਦਿੰਦੀ।  ਹੌਲੀ ਹੌਲੀ ਫੌਜੀ ਪੁਲ ਤੇ ਅੱਗੇ ਵੱਧਣ ਲੱਗੇ ਅਤੇ ਲੋਕ ਪਛਾਂਹ ਨੂੰ ਜਾਣ ਲੱਗੇ।   ਲੋਕਾਂ ਨੇ ਘੋੜਿਆਂ ਦੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਸਨ, ਜਦ ਲੋਕ ਪੁਲ ਦੇ ਹੇਠਾਂ ਆਏ ਤਾਂ ਉਥੇ ਇੱਟਾਂ ਪਈਆਂ ਸਨ, ਜਿਨ੍ਹਾਂ ਨੂੰ ਚੁੱਕ ਕੇ ਉਨ੍ਹਾਂ ਫੌਜੀਆਂ ਦੇ ਮਾਰਨਾ ਸ਼ੁਰੂ ਕਰ ਦਿੱਤਾ।  ਇਸ ਵੇਲੇ ਅੰਗਰੇਜ਼ ਅਫਸਰ ਮਾਈਲਸ ਇਰਵਿਨ ਆ ਗਿਆ ਅਤੇ ਹਾਲਤ ਵੇਖਕੇ ਉਸ ਨੇ ਫੌਜੀਆਂ ਨੂੰ 100 ਗੱਜ਼ ਪਿਛੇ ਲੈ ਆਂਦਾ।  ਉਸ ਨੇ ਬੈਕਟ ਨੂੰ ਹੋਰ ਫੌਜੀ ਲਿਆਉਣ ਲਈ ਕਿਹਾ, ਜੋ  ਲੈਫਟੀਨੈਂਟ ਡਿਕੀ ਦੀ ਕਮਾਨ ਹੇਠ 6-7 ਹੋਰ ਘੋੜ ਸਵਾਰ ਲੈ ਆਇਆ।  ਪਰ ਲੋਕਾਂ ਦੇ ਵੱਟਿਆਂ ਸਾਹਮਣੇ ਉੇਹ ਵੀ ਨਾ ਟਿਕ ਸਕਿਆ ਅਤੇ ਫੌਜੀ ਹੌਲੀ ਹੌਲੀ, ਪਿਛੇ ਧੱਕੇ ਜਾਣ ਲੱਗੇ।   ਉਸ ਵੇਲੇ ਵਾਧੂ ਸਹਾਇਕ ਕਮਿਸ਼ਨਰ ਕੋਨੋਰ ਪਹੁੰਚ ਗਿਆ ਅਤੇ ਉਸ ਨੇ ਵੇਖਿਆ ਕਿ ਫੌਜੀ ਟੁਕੜੀਆਂ ਤਾਂ ਸਿਵਲ ਲਾਈਨ ਤੱਕ ਪਿਛੇ ਹੱਟ ਗਈਆਂ ਹਨ।  ਉਸ ਨੇ ਡਿਕੀ ਨੂੰ ਪਿਛੇ ਹੱਟਣ ਤੋਂ ਰੁਕਣ ਲਈ ਕਿਹਾ ਅਤੇ ਹੁਕਮ ਦਿੱਤਾ ਕਿ ਕਿਸੇ ਵੀ ਹਾਲਤ ਵਿਚ ਭੀੜ ਸਿਵਲ ਲਾਈਨ ਵਿਚ ਨਹੀਂ ਜਾਣੀ ਚਾਹੀਦੀ।  ਕੁਝ ਫੌਜੀ ਘੋੜਿਆਂ ਤੋਂ ਉਤਰੇ ਅਤੇ ਉਨ੍ਹਾ ਭੀੜ ਵੱਲ ਕੁਝ ਫਾਇਰ ਕੀਤੇ।  ਲੋਕ ਠਠੰਬਰ ਗਏ।  ਇਨੇ ਵਿਚ ਡੀ ਐਸ ਪੀ ਪਲੋਮਰ 24 ਪੁਲਿਸੀਏ ਅਤੇ 7 ਭਾਰਤੀ ਫੌਜੀ ਲੈ ਕੇ ਆ ਗਿਆ।  ਕੁਝ ਲੋਕ ਲੱਕੜ ਦੇ ਪੁਲ ਤੋਂ ਤੁਰ ਕੇ ਇਸ ਪਾਸੇ ਆ ਰਹੇ ਸਨ।  ਪਲੋਮਰ ਨੂੰ ਅਪਣੇ ਘੇਰੇ ਜਾਣ ਦਾ ਖਤਰਾ ਹੋ ਗਿਆ।  ਉਸ ਦੇ ਹੁਕਮ ਤੇ ਫੌਜੀਆਂ ਨੇ ਉਨ੍ਹਾਂ ਨੂੰ ਵਾਪਿਸ ਰੇਲਵੇ ਲਾਈਨ ਦੇ ਦੂਜੇ ਪਾਸੇ ਤੋਰ ਦਿੱਤਾ।  ਦੋ ਵੱਜ ਚੁੱਕੇ ਸਨ, ਇੱਕ ਹੋਰ ਵੱਡੀ ਭੀੜ ਪਿਛੋ ਆ ਜੁੜੀ।  ਪਲੌਮਰ ਨੇ ਟੁਕੜੀ ਦੇ ਸੂਬੇਦਾਰ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ, ਲੋਕਾਂ ਤੇ ਸਿੱਧਾ ਫਾਇਰ ਕੀਤਾ ਜਾਣ ਲੱਗਾ, ਭੀੜ ਖਿੰਡ ਗਈ।  ਇਸ ਥਾਂ ਚਾਰ ਲੋਕ ਸਵੇਰੇ ਅਤੇ 22 ਦੁਪਿਹਰ ਸ਼ਹਾਦਤ ਦਾ ਜਾਮ ਪੀ ਗਏ।
ਭੜਕੇ ਲੋਕਾਂ ਦੀ ਭੀੜ ਸ਼ਹਿਰ ਵਿਚ ਖਿੰਡ ਗਈ।  ਉਨ੍ਹਾਂ ਦੇ ਸਾਹਮਣੇ, ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਗਏ ਲੋਕਾਂ ਨੂੰ ਗੋਲੀਆਂ ਨਾਲ ਭੁਨਿੰਆਂ ਜਾ ਚੁੱਕਾ ਸੀ।  ਹੁਣ ਉਹ ਹਰ ਦਿਸਦੇ ਅੰਗਰੇਜ਼ ਤੋਂ ਬਦਲਾ ਲੈਣ ਦੀ ਕੋਸ਼ਿਸ਼ ਵਿਚ ਸਨ।  ਸਰਕਾਰ ਅਜਿਹੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਸੀ ਅਤੇ ਜਿਅਦਾਤਰ ਅੰਗਰੇਜ਼ਾਂ ਨੂੰ ਸਿਵਲ ਲਾਈਨ ਵਿਚ ਲਿਆਂਦਾ ਜਾ ਚੁੱਕਾ ਸੀ ਪਰ ਅਜੇ ਵੀ ਕੁਝ ਅੰਗਰੇਜ਼ ਸ਼ਹਿਰ ਵਿਚ ਰਹਿ ਗਏ ਸਨ, ਜਿਨ੍ਹਾਂ ਵਿਚੋਂ ਕੁਝ ਇਨ੍ਹਾਂ ਲੋਕਾਂ ਦੀ ਮਾਰ ਹੇਠ ਆਏ।  ਨੈਸ਼ਨਲ ਬੈਂਕ ਦੇ ਮੈਨੇਜਰ ਸਟੀਵਾਰਟ ਅਤੇ ਸਹਾਇਕ ਮੈਨੇਜਰ ਸਕਾਟ ਨੂੰ ਲੋਕਾਂ ਮਾਰ ਦਿੱਤਾ ਗਿਆ ਅਤੇ ਬੈਂਕ ਨੂੰ ਲੁੱਟ  ਕੇ ਅੱਗ ਲਾ ਦਿੱਤੀ।  ਅਲਾਇੰਸ ਬੈਂਕ ਦੇ ਮੈਨੇਜਰ ਥੌਮਸਨ ਨੂੰ ਵੀ ਲੋਕਾਂ ਮਾਰ ਦਿੱਤਾ।  ਚਾਰਟਰ ਬੈਂਕ ਦੇ ਮੈਨੇਜਰ ਥੋਮਸਨ ਅਤੇ ਉਸ ਦੇ ਸਹਾਇਕ ਰੌਸ ਨੇ ਵੀ ਸੜ ਕੇ ਮਰ ਜਾਣਾ ਸੀ, ਜੇਕਰ ਪਤਾ ਲੱਗਣ ਤੇ ਥਾਣੇਦਾਰ ਅਹਿਮਦ ਜਾਨ ਨਾ ਆਉਂਦਾ ਜਿਸ ਨੇ ਆ ਕੇ ਤਰਕੀਬਨ 2000 ਲੋਕਾਂ ਨੂੰ ਖਿਲਾਰ ਦਿੱਤਾ ਅਤੇ ਦੋਨਾਂ ਨੂੰ ਬੈਂਕ ਦੀ ਉਪਰਲੀ ਮੰਜ਼ਿਲ ਵਿਚੋਂ ਸੁਰੱਖਿਅਤ ਕੱਢ ਲਿਆ।  ਰੇਲਵੇ ਸਟੇਸ਼ਨ ਤੇ ਰੋਬਿੰਨਸਨ ਅਤੇ ਸਾਰਜੈਂਟ ਰੋਲੈਂਡ ਮਾਰੇ ਗਏ।  ਇੱਕ ਅੰਗਰੇਜ਼ ਔਰਤ, ਸਕੂਲ ਸੁਪਰਡੈਂਟ ਮਾਰਸੀਆ ਸ਼ੇਰਵੁੱਡ, ਸਾਇਕਲ ਤੇ ਸਕੂਲ ਬੰਦ ਕਰਵਾਉਣ ਜਾ ਰਹੀ ਸੀ।  ਉਸ ਨੂੰ ਇੱਕ ਗਰੁੱਪ ਨੇ ਘੇਰ ਲਿਆ, ਇੱਕ ਵਾਰ ਤਾਂ ਉਹ ਬੱਚ ਕੇ ਨਿਕਲ ਗਈ, ਪਰ ਗੁਆਚੀ ਫਿਰਦੀ ਗਲੀ ਕੂਚਾ ਕੁੜੀਛਾਂ ਵਿਚ ਉਸੇ ਭੀੜ ਦੇ ਸਾਹਮਣੇ ਆ ਗਈ, ਜਿਨ੍ਹਾਂ ਉਸ ਨੂੰ ਕੁੱਟ ਕੇ ਮਰਿਆ ਸਮਝ ਛੱਡ ਦਿੱਤਾ।  ਉਨ੍ਹਾਂ ਦੇ ਚਲੇ ਜਾਣ ਤੇ, ਇੱਕ ਪ੍ਰੀਵਾਰ ਨੇ ਉਸ ਨੂੰ ਸਾਂਭ ਕੇ ਬਚਾ ਲਿਆ।  ਬਾਅਦ ਵਿਚ ਜਨਰਲ ਡਾਇਰ ਨੇ ਇਸ ਗਲੀ ਨੂੰ ਪਵਿਤਰ ਕਹਿੰਦਿਆਂ ਕਰਫਿਊ ਦੇ ਕਈ ਦਿਨ ਇਸ ਵਿਚੋਂ ਲੰਘਣ ਵਾਲੇ ਵਿਅੱਕਤੀਆਂ ਨੂੰ ਰੀਂਘ ਕੇ ਜਾਣ ਦਾ ਹੁਕਮ ਲਾਗੂ ਰੱਖਿਆ।  ਟਾਊਨ ਹਾਲ ਤੇ ਸਬ ਪੋਸਟ ਆਫਿਸ ਨੂੰ ਅੱਗ ਲਗਾ ਦਿੱਤੀ ਗਈ।  ਤਾਰ ਘਰ ਤਹਿਸ ਨਹਿਸ ਕਰ ਦਿੱਤਾ ਗਿਆ,  ਰੇਲਵੇ ਸਟੇਸ਼ਨ ਤੇ ਪਿਆ ਮਾਲ ਲੁੱਟ ਲਿਆ ਗਿਆ।
ਸ਼ਹਿਰ ਦੇ ਹਾਲਤ ਬਹੁਤ ਵਿਗੜ ਚੁੱਕੇ ਸਨ, ਇਨ੍ਹਾਂ ਤੇ ਕਾਬੂ ਪਾਉਣ ਲਈ ਫੌਜ ਬੁਲਾ ਲਈ ਗਈ।  ਬਰਗੇਡੀਅਰ ਜਨਰਲ ਹੈਰੀ ਡਾਇਰ ਜੋ ਜਲੰਧਰ ਬਰਗੇਡ ਦਾ ਕਮਾਂਡਰ ਸੀ ਨੇ ਲਾਹੌਰ ਤੋਂ ਤਾਰ ਮਿਲਣ ਤੇ ਦੋ ਸੌ ਗੋਰੇ ਅਤੇ ਦੋ ਸੌ ਭਾਰਤੀ ਫੌਜੀ ਰੇਲ ਗੱਡੀ ਰਾਹੀਂ ਅਮ੍ਰਿਤਸਰ ਭੇਜ ਦਿੱਤੇ,  ਜੋ 11 ਅਪਰੈਲ ਸਵੇਰੇ ਪਹੁੰਚ ਗਏ।   ਦੁਪਿਹਰ ਵੇਲੇ ਫੋਜ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।  ਥਾਂ ਥਾਂ ਖੜ੍ਹ ਕੇ ਮੁਨਾਦੀ ਕਰਵਾ ਕੇ ਚਾਰ ਤੋਂ ਵੱਧ ਵਿਅੱਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ।  11  ਅਪਰੈਲ ਦੀ ਰਾਤ ਨੂੰ ਡਾਇਰ ਵੀ ਸ਼ਹਿਰ ਵਿਚ ਪਹੁੰਚ ਗਿਆ ਅਤੇ ਮਾਰਸ਼ਲ ਲਾਅ ਦੇ ਐਲਾਨ ਤੋਂ ਬਿਨਾ ਹੀ ਸ਼ਹਿਰ ਦੇ ਅਮਨ ਕਾਨੂੰਨ ਨਾਲ ਸਬੰਧਿਤ ਫੈਸਲੇ ਆਪ ਲੈਣ ਲੱਗਾ।  12 ਅਪਰੈਲ ਸਵੇਰੇ ਦਸ ਵਜੇ ਉਹ ਫੌਜੀ ਗਡੀਆਂ ਨਾਲ ਕੋਤਵਾਲੀ ਗਿਆ। ਸ਼ਹਿਰ ਬੰਦ ਸੀ, ਕਿਤੇ ਕਿਤੇ ਲੋਕ ਟੋਲੀਆਂ ਵਿਚ ਖੜ੍ਹੇ ਸਨ। ਸੁਲਤਾਨਵਿੰਡ ਗੇਟ ਮੁਹਰੇ ਕਾਫੀ ਵੱਡਾ ਇਕੱਠ ਸੀ,  ਪਹਿਲਾਂ ਤਾਂ ਉਸ ਨੇ ਗੋਲੀ ਚਲਾਉਣ ਦੀ ਸੋਚੀ, ਪਰ ਫਿਰ ਝੱਕ ਗਿਆ।  ਵਾਪਿਸ ਆ ਕੇ ਉਸ ਨੇ ਇੱਕ ਹੋਰ ਹੁਕਮ ਕਢਵਾਇਆ, ਜਿਸ ਵਿਚ ਕੋਈ ਜਲਸਾ ਜਲੂਸ ਕਢਣ ਤੇ ਪਾਬੰਦੀ ਦਾ ਐਲਾਨ ਸੀ।  ਸ਼ਹਿਰ ਵਿਚੋਂ ਦੀਨਾ ਨਾਥ ਅਤੇ ਬੱਗੇ ਸਮੇਤ 12 ਲੀਡਰ ਫੜ ਲਏ ਗਏ।  ਉਨ੍ਹਾਂ ਦੀ ਰਿਹਾਈ ਲਈ ਹਿੰਦੂ ਸਭਾ ਹਾਈ ਸਕੂਲ ਵਿਚ ਇਕੱਠ ਹੋਇਆ ਜਿਸ ਵਿਚ ਲੀਡਰਾਂ ਦੀ ਰਿਹਾਈ ਦੀ ਮੰਗ ਕੀਤੀ ਗਈ।
13 ਅਪਰੈਲ ਵਿਸਾਖੀ ਦਾ ਦਿਨ ਸੀ, ਬੇਸ਼ੱਕ ਸ਼ਹਿਰ ਬੰਦ ਸੀ, ਪਰ ਪਿੰਡਾਂ ਵਿਚ ਸਰਕਾਰ ਦੇ ਐਲਾਨਾਂ ਬਾਰੇ ਕੋਈ ਖਾਸ ਪਤਾ ਨਹੀਂ ਸੀ, ਲੋਕ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਤਿਉਹਾਰ ਤੇ ਵੱਡੀ ਗਿਣਤੀ ਵਿਚ ਅਮ੍ਰਿਤਸਰ ਪਹੁੰਚ ਰਹੇ ਸਨ।  ਸਰਕਾਰੀ ਇਮਾਰਤਾਂ ਦੀ ਸੁਰੱਖਿਆ ਫੌਜ ਦੀਆਂ ਟੁਕੜੀਆਂ ਕਰ ਰਹੀਆਂ ਸਨ।  ਇਸ ਦਿਨ ਵੀ ਸਵੇਰੇ ਵੇਲੇ ਫੌਜ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।  ਇਸ ਵਿਚ ਸਭ ਤੋਂ ਮੂਹਰੇ ਚਿੱਟੇ ਘੋੜੇ ਤੇ ਅਸ਼ਰਫ ਖਾਨ ਤੇ ਠਾਣੇਦਾਰ ਉਬੇਦਉਲਾ, ਪਿਛੇ ਨਾਇਬ ਤਸੀਲਦਾਰ  ਮਲਿਕ ਫਤਿਹ ਖਾਨ, ਨਾਲ ਟਾਂਗੇ ਤੇ ਢੋਲ ਵਾਲਾ, ਫਿਰ ਪੈਦਲ ਗੋਰੇ ਫੋਜੀ, ਮਗਰ ਦੋ ਕਾਰਾਂ, ਇੱਕ ਵਿਚ ਜਨਰਲ ਡਾਇਰ ਤੇ ਡੀ ਸੀ ‘ਤੇ ਦੂਜੀ ਵਿਚ ਐਸ ਪੀ ਰੀਹਲ ‘ਤੇ ਡੀ ਐਸ ਪੀ ਪਲੋਮਰ, ਫਿਰ ਬਾਕੀ ਫੋਜੀ।  ਇਹ ਜਲੂਸ 19 ਥਾਂਵਾਂ ਤੇ ਰੁਕਿਆ ਅਤੇ ਹਰ ਥਾਂ ਢੋਲ ਦੇ ਡੱਗੇ ਤੇ ਕਿਸੇ ਵੀ ਜਲਸੇ ਜਲੂਸ ਤੇ ਪਾਬੰਦੀ ਅਤੇ ਨਾਲ ਹੀ ਰਾਤ ਦੇ ਅੱਠ ਵਜੇ ਤੋਂ ਬਾਅਦ ਕਰਫਿਊ ਲਾਉਣ ਅਤੇ ਕਿਸੇ ਦੇ ਇਸ ਸਮੇਂ ਤੋਂ ਬਾਅਦ ਬਾਹਰ ਨਿਕਲਣ ਤੇ ਗੋਲੀ ਮਾਰਨ ਦਾ ਹੁਕਮ ਵੀ ਸੁਣਾਇਆ ਜਾ ਰਿਹਾ ਸੀ।  ਇਸੇ ਸਮੇਂ ਕੁਝ ਨੌਜਵਾਨ ਜਲਿਆਂਵਾਲੇ ਬਾਗ ਵਿਚ ਹੋਣ ਵਾਲੇ ਇਕੱਠ ਦੀ ਮੁਨਾਦੀ ਕਰ ਰਹੇ ਸਨ।
ਜਨਰਲ ਡਾਇਰ ਨੂੰ ਬਾਗ ਵਿਚ ਹੋਣ ਵਾਲੀ ਮੀਟਿੰਗ ਬਾਰੇ ਇੱਕ ਵਜੇ ਤੋਂ ਥੋੜਾ ਪਹਿਲਾਂ ਪਤਾ ਲੱਗ ਚੁੱਕਾ ਸੀ, ਪਰ ਉਸ ਨੇ ਇਸ ਇਕੱਠ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਲੋਕਾਂ ਨੂੰ ਇਸ ਥਾਂ ਇਕੱਠੇ ਹੋਣ ਦਿੱਤਾ।  ਉਹ ਇਸ ਨੂੰ ਭਾਰਤੀਆਂ ਨੂੰ ਸਬਕ ਸਖਾਉਣ ਦਾ ਇੱਕ ਮੌਕਾ ਸਮਝ ਰਿਹਾ ਸੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਮਾਰ ਕੇ ਅੰਗਰੇਜ਼ੀ ਸਰਕਾਰ ਦੀ ਦਹਿਸ਼ਤ ਲੋਕਾਂ ਵਿਚ ਫਲਾਉਣੀ ਚਾਹੁੰਦਾ ਸੀ।  ਚਾਰ ਵਜੇ ਜਦ ਉਸ ਨੂੰ ਚਲ ਰਹੀ  ਮੀਟਿੰਗ ਬਾਰੇ ਪੱਕਾ ਪਤਾ ਲੱਗਾ ਤਾਂ ਉਸ ਨੇ ਅਪਣੇ ਨਾਲ ਦੋ ਕਾਰਾਂ, ਕੁਝ ਘੋੜਸਵਾਰ ਪੁਲਸੀਏ, 90 ਹਥਿਆਰਬੰਦ ਸਿਪਾਹੀ ਅਤੇ ਦੋ ਬਖਤਰਬੰਦ ਗਡੀਆਂ ਲੈ ਕੇ ਬਾਗ ਵੱਲ ਕੂਚ ਕਰ ਦਿੱਤਾ।  ਉਸ ਨੇ ਅਪਣੇ ਨਾਲ ਹੋਰ ਅਫਸਰ ਨਾ ਲਏ ਅਤੇ ਨਾ ਹੀ ਡੀ ਸੀ ਨੂੰ ਉਡੀਕਿਆ ਅਤੇ ਸਵਾ ਪੰਜ ਵਜੇ ਬਾਗ ਵਿਚ ਪਹੁੰਚ ਗਿਆ।  ਬਾਗ ਨੂੰ ਜਾਂਦੀ ਗਲੀ ਭੀੜੀ ਹੋਣ ਕਾਰਨ, ਮਸ਼ੀਨਗੰਨਾਂ ਵਾਲੀਆਂ ਬਕਤਰਬੰਦ ਗਡੀਆਂ ਅੰਦਰ ਨਾ ਜਾ ਸਕੀਆਂ, ਜਿਸ ਦਾ ਉਸ ਨੂੰ ਅਫਸੋਸ ਰਿਹਾ।   ਅੰਦਰ ਆ ਕੇ ਉਸ ਨੇ ਸ਼ਾਂਤੀ ਪੂਰਵਕ ਜਲਸਾ ਸੁਣ ਰਹੇ ਲੋਕਾਂ ਦਾ ਇਕੱਠ ਵੇਖਿਆ, ਇਸ ਵਿਚ ਲੋਕਾਂ ਦੀ ਗਿਣਤੀ ਡਾਇਰ ਦੇ ਦਸੱਣ ਮੁਤਾਬਿਕ  5000, ਪਰ ਕੁਝ ਅੰਦਾਜਿਆਂ ਮੁਤਾਬਿਕ  ਵੀਹ ਹਜ਼ਾਰ ਸੀ।   ਸਟੇਜ ਡਾਇਰ ਦੇ ਫੋਜੀਆਂ ਤੋਂ ਕੋਈ ਸੱਠ ਗਜ਼ ਅਤੇ ਨੇੜਲੇ ਲੋਕ ਸਿਰਫ ਅੱਠ ਗਜ਼ ਸਨ।  ਉਸ ਨੇ ਬਿਨਾ ਕੋਈ ਚਿਤਾਵਨੀ ਦਿਤਿਆਂ, ਗੋਰਖੇ ਫੋਜੀਆ ਨੂੰ ਦੋ ਲਾਈਨਾਂ ਵਿਚ ਵੰਡ ਦਿੱਤਾ,  ਅਗਲੀ ਲਾਈਨ ਨੂੰ ਬੈਠ ਕੇ ‘ਤੇ ਪਿਛਲੀ ਲਾਈਨ ਨੂੰ ਖੜੋ ਕੇ ਸਿੱਧਾ ਲੋਕਾਂ ਦੀ ਭੀੜ ਤੇ ਫਾਇਰ ਕਰਨ ਦਾ ਹੁਕਮ ਦਿੱਤਾ।  ਹਾ ਹਾ ਕਾਰ ਮੱਚ ਗਈ।  ਲੋਕ ਇਧਰ ਉਧਰ ਭੱਜਣ ਲੱਗੇ,  ਬਾਗ ਵਿਚੋਂ ਨਿਕਲਣ ਦੇ ਥੋੜੇ, ਉਹ ਵੀ ਭੀੜੇ ਰਸਤੇ ਸਨ, ਲੋਕ ਉਨ੍ਹਾਂ ਵਿਚੋਂ ਬਾਹਰ ਜਾਣ ਲੱਗੇ।  ਉਨ੍ਹਾ ਨੂੰ ਜਾਣ ਦੇਣ ਦੀ ਥਾਂ ਡਾਇਰ ਫੋਜੀਆਂ ਨੂੰ ਉਨ੍ਹਾਂ ਭੀੜ ਵਾਲੇ ਥਾਂਵਾਂ ਵੱਲ ਫਾਇਰ ਸੇਧਣ ਦਾ  ਹੁਕਮ ਦਿੰਦਾ ਰਿਹਾ।  ਗੋਲੀ 10 ਮਿੰਟ ਚਲਦੀ ਰਹੀ ਅਤੇ ਉਸ ਵੇਲੇ ਹੀ ਰੋਕੀ ਗਈ, ਜਦ ਫੋਜੀਆਂ ਕੋਲ ਰੌਂਦ ਤਕਰੀਬਨ ਖਤਮ ਹੋ ਗਏ।  ਕੁਲ 1650 ਗੋਲੀਆਂ ਚੱਲੀਆਂ, ਸਰਕਾਰੀ ਗਿਣਤੀ ਮੁਤਾਬਿਕ 379 ਵਿਅੱਕਤੀ ਪਰ ਹੋਰ ਅੰਦਾਜਿਆਂ ਮੁਤਾਬਿਕ 1000 ਤੋਂ ਵੱਧ ਮਰੇ ਅਤੇ ਹਜ਼ਾਰਾਂ ਜ਼ਖਮੀ ਹੋਏ।  ਮਰਨ ਵਾਲਿਆਂ ਵਿਚ ਦੋ ਔਰਤਾਂ ਅਤੇ 41 ਬੱਚੇ ਸ਼ਾਮਿਲ ਸਨ।
ਇਸ ਖੂੰਨੀ ਕਾਰੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ  ਪੰਜਾਬ ਵਿਚ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੂੰ ਇੰਗਲੈਂਡ ਵਿਚ ਮਾਰਕੇ ਲਿਆ।

Check Also

ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਕਰਨ ਮਸ਼ਵਰੇ

ਸੁਖਪਾਲ ਸਿੰਘ ਗਿੱਲ 98781-11445 ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ …