Breaking News
Home / ਨਜ਼ਰੀਆ / ਬੇਗਮਪੁਰਾ ਸਹਰ ਕੋ ਨਾਉ

ਬੇਗਮਪੁਰਾ ਸਹਰ ਕੋ ਨਾਉ

ਕੇਹਰ ਸ਼ਰੀਫ਼
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰਵਿਦਾਸ ਜੀ ਦੀ ਬਾਣੀ ਵਿਚ ਨਿਮਰਤਾ ਭਰੇ ਸਮਰਪਣ ਦੀ ਭਾਵਨਾ ਦੇ ਕਾਫੀ ਥਾਵੇਂ ਦਰਸ਼ਨ ਹੁੰਦੇ ਹਨ, ਇਸ ਵਾਸਤੇ ਉਨ੍ਹਾਂ ਦੀ ਬਾਣੀ ਹੀ ਪੇਸ਼ ਕੀਤੀ ਜਾ ਸਕਦੀ ਹੈ :
ਤੁਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ।
ਨੀਚ ਰੂਖ ਤੇ ਉਚ ਭੲੈ ਹੈ ਗੰਧ ਸੁਗੰਧ ਨਿਵਾਸਾ॥
………
ਮਾਧਉ ਸਤ ਸੰਗਤਿ ਸਰਨਿ ਤੁਮਾਰੀ॥
ਹਮ ਅਉਗਨ ਤੁਮ ਉਪਕਾਰੀ॥
……..
ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ਜਉ ਤੁਮ ਚੰਦ ਤਉ ਭਏ ਹੋ ਚਕੋਰਾ॥
………..
ਜਉ ਤੁਮ ਦੀਵਰਾ ਤਉ ਹਮ ਬਾਤੀ ॥
ਜਉ ਤੁਮ ਤੀਰਥ ਤਉ ਹਮ ਜਾਤੀ ॥
………
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ।
ਕਨਕ ਕਟਿਕ ਜਲ ਤਰੰਗ ਜੈਸਾ ।
ਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਪਰ ਉਹ ਸਾਰੀ ਦੀ ਸਾਰੀ ਅਜੇ ਤੱਕ ਵੀ ਇਕੱਠੀ ਨਹੀਂ ਕੀਤੀ ਜਾ ਸਕੀ, ਅਤੇ ਨਾ ਹੀ ਖੋਜੀ ਵਿਦਵਾਨਾਂ ਨੇ ਇਸ ਨੂੰ ਲੱਭਣ ਦੇ ਗੰਭੀਰ ਜਤਨ ਹੀ ਕੀਤੇ । ਹੋਰ ਭਗਤਾਂ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੀ ਬਾਣੀ ਸੋਲ੍ਹਾਂ ਰਾਗਾਂ ਸਿਰੀ ਰਾਗੁ, ਰਾਗੁ ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਜੈਤਸਰੀ, ਰਾਗੁ ਸੂਹੀ, ਬਿਲਾਬਲੁ, ਰਾਗੁ ਗੋਂਡ, ਰਾਮਕਲੀ, ਰਾਗੁ ਮਾਰੂ, ਰਾਗੁ ਕੇਦਾਰਾ, ਭੇਰਉ, ਬਸੰਤੁ, ਮਲਾਰੁ ਵਿਚ 40 ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ।
ਗੁਰੂ ਰਵਿਦਾਸ ਜੀ ਨੇ ਕਿਰਤ ਕਰਨ ਨੂੰ ਬਹੁਤ ਮਹੱਤਵ ਦਿੱਤਾ। ਖੁਦ ਆਪਣੇ ਵਡੇਰਿਆਂ ਵਲੋਂ ਕੀਤੇ ਜਾਂਦੇ ਜੁੱਤੀਆਂ ਗੰਢਣ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਜੀਵਨ ਨਿਰਬਾਹ ਕਰਨ ਲੱਗੇ। ਉਹ ਕੰਮ ਕਰਨ ਨੂੰ ਮਨ ਦੀ ਸ਼ਾਂਤੀ ਅਤੇ ਸਰੀਰ ਲਈ ਜ਼ਰੂਰੀ ਸਮਝਦੇ ਸਨ। ਕਿਰਤ ਕਰਨੀ ਉਨ੍ਹਾਂ ਲਈ ਮਿਹਣਾ ਨਹੀਂ ਸੀ ਜਿਵੇਂ ਕਿ ਅਜ ਕਲ ਦੇ ”ਸੰਤਾਂ” ਲਈ ਹੈ ਕਿ ਧਾਰਮਕ ਸ਼ਰਧਾ ਅਧੀਨ ਲੋਕਾਂ ਵਲੋਂ ਕੀਤੇ ਗਏ ਦਾਨ ਦੇ ਪੈਸਿਆਂ ਨਾਲ ਐਸ਼ ਦਾ ਜੀਵਨ ਗੁਜ਼ਾਰੋ ਤੇ ਆਪ ਡੱਕਾ ਭੰਨ ਕੇ ਦੂਹਰਾ ਨਾ ਕਰੋ।
ਲੋਕਾਂ ਦੀ ਦਸਾਂ ਨੌਹਾਂ ਦੀ ਕੀਤੀ ਮਿਹਨਤ ਦੇ ਆਸਰੇ ਪੰਜ ਤਾਰਾ ਸਹੂਲਤਾਂ ਵਾਲੇ ਮਹੱਲਾਂ ਵਰਗੇ ਧਾਰਮਕ ਸਥਾਨ ਉਸਾਰ ਕੇ ਉਹਨੂੰ ਕੁਟੀਆ ਆਖੀ ਜਾਣਾ ਤੇ ਵਧੀਆ ਜੀਵਨ ਜੀਊਣਾ। ਉਂਜ ਵੀ ਅਜੋਕੇ ਸਮੇਂ ‘ਚ ਸੰਤ ਸ਼ਬਦ ਦੇ ਅਰਥਾਂ ਨੂੰ ਅਸਲੋਂ ਵਿਗਾੜ ਦਿੱਤਾ ਗਿਆ ਹੈ। ਹੁਣ ਤਾਂ ਦਰ ਦਰ ਟੁੱਕ ਮੰਗਦੇ ਪਖੰਡੀਆਂ ਨੂੰ ਹੀ ਲੋਕ ‘ਸੰਤ’ ਆਖੀ ਜਾ ਰਹੇ ਹਨ। ਅਸੀਂ ਗੁਰਬਾਣੀ ਰਾਹੀਂ ‘ਸੰਤ’ ਦੇ ਸਿਰਜੇ ਸੰਕਲਪ ਦੇ ਕਦੇ ਵੀ ਸਹੀ ਅਰਥ ਕਰਕੇ ਦੇਖਣ ਦੇ ਜਤਨ ਨਹੀਂ ਕੀਤੇ।
ਗੁਰੂ ਰਵਿਦਾਸ ਜੀ ਨੇ ਆਰਤੀ ਲਿਖਦਿਆਂ ਕੋਈ ਰਵਾਇਤੀ ਗੱਲ ਨਹੀਂ ਕੀਤੀ ਸਗੋਂ ਇਕ ਨਵਾਂ ਵਿਚਾਰ ਪੇਸ਼ ਕੀਤਾ, ਸੱਚ ਦੀ ਖੋਜ ਦਾ ਨਵਾਂ ਰਾਹ। ਇਹ ਵੀ ਸੰਭਵ ਹੈ ਕਿ ਬਾਅਦ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ ਲਿਖਣ ਵੇਲੇ ਉਸ ਸਮੇਂ ਦੇ ਹਾਲਤ ਤੋਂ ਇਲਾਵਾ ਪਹਿਲਾਂ ਹੀ ਗੁਰੂ ਰਵਿਦਾਸ ਵਲੋਂ ਲਿਖੀ ਗਈ ਆਰਤੀ ਤੋਂ ਵੀ ਪ੍ਰਭਾਵਿਤ ਹੋਏ ਹੋਣ। ਕਿਉਂਕਿ ‘ਸੋਢੀ ਮਿਹਰਬਾਨ ਵਾਲੀ ਪੋਥੀ’ ਸੱਚ ਖੰਡ (ਪੁਰਾਤਨ ਜਨਮ ਸਾਖੀ ਦੇ ਨਾਂ ਹੇਠ ਖਾਲਸਾ ਕਾਲਜ ਅਮ੍ਰਿਤਸਰ ਵਲੋਂ ਛਪੀ ਪੁਸਤਕ) ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਨਾਲ ਨਾਲ ਨਾਮਦੇਵ, ਕਬੀਰ, ਤ੍ਰਿਲੋਚਨ, ਰਵਿਦਾਸ, ਧੰਨਾ ਅਤੇ ਬੇਣੀ ਦੀ ਬਾਣੀ ਵੀ ਗਾਇਆ ਕਰਦੇ ਸਨ। ਅਤੇ ਇਸ ਤਰ੍ਹਾਂ ਹੀ ‘ਜਪੁ’ ਬਾਰੇ ਵੀ ਆਖਿਆ ਜਾ ਸਕਦਾ ਹੈ। ਇਸ ਸਬੰਧੀ ਡਾ: ਕੁਲਵੰਤ ਕੌਰ ਆਪਣੀ ਪੁਸਤਕ ‘ਬਾਣੀ ਭਗਤ ਰਵਿਦਾਸ ਇਕ ਅਧਿਅਨ’ ਵਿਚ ਲਿਖਦੇ ਹਨ,-‘ਰਵਿਦਾਸ ਬਾਣੀ ਵਿਚਲੇ ਹੁਣ ਤੱਕ ਦੇ ਬ੍ਰਹਮ ਨਿਰੂਪਣ ਤੋਂ ਸਪਸ਼ਟ ਹੈ ਕਿ ਜਿਹੜੇ ਵਿਚਾਰ ਗੁਰੂ ਨਾਨਕ ਦੇਵ ਨੇ ‘ਜਪੁ’ ਜੀ ਦੇ ਮੂਲ ਮੰਤਰ ਰਾਹੀਂ ਫ਼ਰਮਾਨ ਕੀਤੇ ਹਨ, ਭਗਤ ਰਵਿਦਾਸ ਉਹੋ ਜਹੇ ਵਿਚਾਰ ਉਨ੍ਹਾਂ ਤੋਂ ਵੀ ਪਹਿਲਾਂ ਪ੍ਰਗਟਾ ਚੁੱਕੇ ਸਨ। ਅੰਤਰ ਕੇਵਲ ਏਨਾ ਹੈ ਕਿ ਜਿੱਥੇ ਗੁਰੂ ਨਾਨਕ ਨੇ ਇਹਨਾਂ ਨੂੰ ਸੁਨਿਸ਼ਚਿਤ ਰੂਪ ਵਿਚ ਪੇਸ਼ ਕੀਤਾ ਹੈ ਉੱਥੇ ਰਵਿਦਾਸ ਬਾਣੀ ਵਿਚ ਇਹ ਇਧਰ ਉੱਧਰ ਖਿਲਰੇ ਪਏ ਹਨ ਅਤੇ ਇਹਨਾਂ ਨੂੰ ਸੁਜਤਨ ਇਕੱਠਿਆਂ ਕਰਨਾ ਪੈਂਦਾ ਹੈ’। ਰਵਿਦਾਸ ਬਾਣੀ ਵਿਚ ਮਨੁੱਖੀ ਮੂਲ਼ ਬਾਰੇ ਵਿਖਿਆਨ ਵੀ ਦੇਖਣ ਯੋਗ ਹਨ :-
ਜਲ ਕੀ ਭੀਤਿ ਪਵਨ ਕਾ ਥੰਭਾ
ਰਕਤ ਬੂੰਦ ਕਾ ਗਾਰਾ।
ਹਾਡ ਮਾਸ ਨਾੜੀ ਕੋ ਪਿੰਜਰੁ
ਪੰਖੀ ਬਸੈ ਬਿਚਾਰਾ ।
ਮਨੁੱਖ ਦਾ ਹਾਲ ਕੀ ਹੈ ਕਿਵੇਂ ਉਸਨੂੰ ਵਿਕਾਰਾਂ ਨੇ ਰੋਲਿਆ ਹੋਇਆ ਹੈ :-
ਮਾਟੀ ਕੋ ਪੁਤਰਾ ਕੈਸੇ ਨਚੁਤ ਹੈ
ਦੇਖੈ ਦੇਖੈ ਸੁਨੇ ਬੋਲੈ ਦਉਰਿਓ ਫਿਰਤੁ ਹੈ ।ਰਹਾਉ।
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।
ਮਾਇਆ ਗਈ ਤਬ ਰੋਵਨੁ ਲਗਤੁ ਹੈ।
ਗੁਰੂ ਰਵਿਦਾਸ ਜੀ ਦੇ ਸਮੇਂ (ਅਤੇ ਬਾਅਦ ਵਿਚ ਵੀ) ਸ਼ੈਤਾਨ ਕਿਸਮ ਦੇ ਬ੍ਰਾਹਮਣਾਂ ਵਲੋਂ ਬੜੀਆਂ ਹੀ ਗਲਤ ਲਿਖਤਾਂ ਛਾਪੀਆਂ ਗਈਆਂ ਹੋਣਗੀਆਂ, ਕਿਉਂਕਿ ਬ੍ਰਾਹਮਣਵਾਦ ਧੋਖੇ ਭਰਿਆ ਹਨੇਰਾ, ਬੇਈਮਾਨੀ ਤੇ ਮੂਰਖਤਾ ਦਾ ਸਿਰਾ ਅਤੇ ਝੂਠ ਦੀ ਧੁੰਦ ਸੀ ਜਿਸ ਧੁੰਦ ਵਿਚੋਂ ਸੱਚ ਦਾ ਚਾਨਣ ਹੱਥ ਵਿਚ ਫੜ ਕੇ ਰਵਿਦਾਸ ਜੀ ਨੇ ਪਾਰ ਲੰਘਣ ਦਾ ਜਤਨ ਆਰੰਭਿਆ। ਹੁਣ ਤੱਕ ਵੀ ਰਵਿਦਾਸ ਜੀ ਦੇ ਜਨਮ ਤਾਰੀਖ, ਸਵਰਗ ਸਿਧਾਰਨ ਦਾ ਸਥਾਨ ਆਦਿ ਗੱਲਾਂ ਬਾਰੇ ਘਚੌਲੇ ਪਏ ਹੋਏ ਹਨ, ਮਰਨ ਸਥਾਨ ਬਾਰੇ ਵੀ ਅਜਿਹੇ ਵਿਚਾਰ ਸੁਣਨ ਨੂੰ ਮਿਲਦੇ ਹਨ- ਜੋ ਸ਼ਰਾਰਤ ਤੋਂ ਵੱਧ ਕੁੱਝ ਨਹੀਂ। ਰਵਿਦਾਸ ਜੀ ਸਬੰਧੀ ਗੁਰੂ ਜਾਂ ਭਗਤ ਹੋਣ ਦੀ ਚਰਚਾ ਸਦਾ ਹੀ ਚਲੀ ਰਹੀ ਹੈ। ਪਰ ਵਿਦਵਾਨਾਂ ਨੇ ਸਿਰ ਜੋੜ ਬੈਠ ਕੇ ਗਲਤ ਨਿਰਣਿਆਂ ਨੂੰ ਰੱਦ ਕਰਨ ਅਤੇ ਠੀਕ ਨੂੰ ਪ੍ਰਚਾਰਨ ਦੇ ਜਤਨ ਨਹੀਂ ਕੀਤੇ ਜੋ ਬੜੀ ਦੇਰ ਪਹਿਲਾਂ ਹੀ ਗੰਭੀਰਤਾ ਨਾਲ ਹੋਣੇ ਚਾਹੀਦੇ ਸਨ। ਹੋਰ ਮਹਾਂਪੁਰਸ਼ਾਂ ਵਾਂਗ ਹੀ ਰਵਿਦਾਸ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਬੇਹੂਦਾ, ਮਨਘੜਤ ਅਤੇ ਭੁਲੇਖਾਪਾਊ ਸਾਖੀਆਂ ਜੋੜ ਦਿੱਤੀਆਂ ਹੋਈਆਂ ਹਨ। ਜਿਨ੍ਹਾਂ ਵਿਚੋਂ ਬਹੁਤੀਆਂ ਤਰਕਹੀਣ ਪਰ ਅੰਧਵਿਸ਼ਵਾਸ ਉੱਤੇ ਹੀ ਅਧਾਰਤ ਹਨ ਜਿਨ੍ਹਾਂ ਦਾ ਦਲੀਲ ਜਾਂ ਸੱਚ ਨਾਲ ਕੋਈ ਵਾਸਤਾ ਨਹੀਂ। ਗੁਰੂ ਰਵਿਦਾਸ ਜੋ ਉਮਰ ਭਰ ਜਗਤ ਨੂੰ ਸੁੱਚੀ ਸੋਚ ਨਾਲ ਰੁਸ਼ਨਾਉਣ ਦਾ ਚਾਨਣ ਵੰਡਦੇ ਰਹੇ ਉਨ੍ਹਾ ਦੇ ਜੀਵਨ ਨਾਲ ਅੰਧ ਵਿਸ਼ਵਾਸ ਨੂੰ ਤਕੜਿਆਂ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਜੋੜਨਾ ਉਸ ਸਮੇਂ ਦੇ ਬ੍ਰਾਹਮਣਵਾਦੀਆਂ ਦੀ ਸ਼ਰਾਰਤ ਸੀ ਜੋ ਅਜੇ ਤੱਕ ਵੀ ਕਾਇਮ ਹੈ, ਜਿਸ ਦੇ ਸਿੱਟੇ ਵਜੋਂ ਕਈ ਭੁਲੇਖੇ ਕਾਇਮ ਹੋਏ ਵੱਡੀ ਲੋੜ ਉਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਹੈ, ਉਨ੍ਹਾਂ ਨੂੰ ਨਕਾਰਨ ਦੀ ਹੈ। ਅਜੇ ਤੱਕ ਸਾਡੇ ਵਿਦਵਾਨ ਇਸ ਵਿਚ ਕਾਮਯਾਬ ਨਹੀਂ ਹੋਏ।
ਗੁਰੂ ਰਵਿਦਾਸ ਜੀ ਦੇ ਵਿਚਾਰਾਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ, ਰਾਣੀਆਂ ਅਤੇ ਸਮਾਜ ਵਿਚਲੇ ਉੱਚ ਵਰਗਾਂ ਦੇ ਕਾਫੀ ਲੋਕ ਉਨ੍ਹਾਂ ਦੀ ਅਗਵਾਈ ਕਬੂਲ ਕਰਦਿਆਂ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਨ ਲੱਗੇ। ਇਹ ਕਦਮ ਉਸ ਸਮੇਂ ਬਹੁਤ ਹੀ ਦਲੇਰੀ ਭਰਿਆ ਸੀ। ਇਸੇ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਲਿਖਿਆ :
ਐਸੀ ਲਾਲ ਤੁਝ ਬਿਨੁ ਕਉਨੁ ਕਰੇ
ਗਰੀਬ ਨਿਵਾਜੁ ਗੁਸਈਆ ਮੇਰੇ ਮਾਥੇ ਛਤ੍ਰ ਧਰੇ।
ਜਿਹੜੇ ਲੋਕ ਰਵਿਦਾਸ ਜੀ ਦੀ ਬਾਣੀ ਤੋਂ ਵਾਕਿਫ ਹਨ ਉਨ੍ਹਾਂ ਨੂੰ ਪਤਾ ਹੈ ਕਿ ਰਵਿਦਾਸ ਜੀ ਨੇ ਆਪਣੇ ਹਰ ਵਿਚਾਰ ਨੂੰ ਦਲੀਲ ਸਹਿਤ ਪੇਸ਼ ਕੀਤਾ ਹੈ, ਫੇਰ ਇਹ ਝੂਠੀਆਂ ਸਾਖੀਆਂ ਕਿਵੇਂ ਉੱਗ ਪਈਆਂ? ਕਿਉਂਕਿ ਉਸ ਸਮੇਂ ਇਤਿਹਾਸ ਅਤੇ ਸਾਹਿਤ ਦੀ ‘ਸਿਰਜਣਾ’ (ਜਾਂ ਭੰਨਤੋੜ) ਕਰਨੀ ਬ੍ਰਾਹਮਣਾਂ ਦੇ ਹੱਥ-ਵਸ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਸੂਤ ਬੈਠਦੀਆਂ ‘ਨੇਰ੍ਹ-ਗੁਬਾਰ ਗੱਲਾਂ ਪ੍ਰਚਲਤ ਕਰ ਦਿੱਤੀਆਂ। ਮਿਸਾਲ ਵਜੋਂ ਇਕ ਹੀ ਗੱਲ ਕਰਨੀ ਇੱਥੇ ਕਾਫੀ ਹੈ, ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਕਿਸੇ ਨੂੰ ਆਪਣਾ ਚੇਲਾ ਬਨਾਉਣ ਵੇਲੇ ਜਾਂ ਆਏ ਮਹਿਮਾਨਾਂ ਦੀ ਸੇਵਾ ਕਰਨ ਲਈ ਜੁੱਤੀਆਂ ਗੰਢਣ ਸਮੇਂ ਵਰਤੇ ਜਾਣ ਵਾਲੇ ਕੂੰਡੇ ਦਾ ਗੰਦਾ ਪਾਣੀ ਹੀ ਪੇਸ਼ ਕਰਦੇ ਸਨ ਜੋ ਉਨ੍ਹਾਂ ਦੇ ਭਗਤ ਅਤੇ ਮਹਿਮਾਨ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਦਲੀਲ ਨਾਲ ਪਰਖੀਏ ਤਾਂ ਇਹ ਗੱਲ ਸੱਚ ਨਹੀਂ, ਕਿਸੇ ਅਰਧ ਪਾਗਲ ਜਾਂ ਪੂਰੇ ਪਾਗਲ (ਇਹ ਬ੍ਰਾਹਮਣਵਾਦ ਵੀ ਹੋ ਸਕਦਾ ਹੈ) ਦਾ ਆਪੇ ਘੜਿਆ ਝੂਠ ਹੈ। ਕਿਸੇ ਸਾਧਾਰਨ ਵਿਅਕਤੀ ਬਾਰੇ ਵੀ ਸੋਚੀਏ ਕਿ ਜਿਸ ਦੇ ਘਰ ਕੋਈ ਮਹਿਮਾਨ ਆਵੇ ਤਾਂ ਆਪਣੇ ਵਿਤ ਅਨੁਸਾਰ ਸੇਵਾ ਕਰਨ ਦਾ ਖਾਹਸ਼ਮੰਦ ਹੁੰਦਾ ਹੈ। ਕਿਸੇ ਨੂੰ ਪਾਣੀ ਪੇਸ਼ ਕਰਨ ਲੱਗਿਆਂ ਗਲਾਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਹੀ ਪੀਣ ਵਾਸਤੇ ਜਲ/ਪਾਣੀ ਪੇਸ਼ ਕੀਤਾ ਜਾਂਦਾ ਹੈ। ਜੇ ਸਾਧਾਰਨ ਜਹੀ ਬੁੱਧੀ ਵਾਲੇ ਲੋਕ ਵੀ ਇੰਜ ਕਰਦੇ ਹਨ ਤਾਂ ਰਵਿਦਾਸ ਜੀ ਵਰਗੇ ਮਹਾਂਪੁਰਸ਼ ਤੋਂ ਮਹਿਮਾਨਾਂ ਜਾਂ ਆਪਣੇ ਭਗਤਾਂ ਦੀ ਜੁੱਤੀਆਂ ਭਿਉਣ ਵਾਲੇ ਕੂੰਡੇ ਦੇ ਗੰਦੇ ਪਾਣੀ ਨਾਲ ਕੀਤੀ ਜਾਂਦੀ ਸੇਵਾ ਵਾਲੀ ”ਸਾਖੀ” ਨੂੰ ਕਿਵੇਂ ਕਬੂਲ ਕੀਤਾ ਜਾ ਸਕਦਾ ਹੈ? ਬ੍ਰਾਮਣਵਾਦੀਆਂ ਵਲੋਂ ਬੇ-ਹਯਾਈ ਦੀਆਂ ਹੱਦਾ ਪਾਰ ਕਰਦਿਆਂ ਕਦੇ ਗੁਰੂ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਸਰਾਪਿਆ ਹੋਇਆ ਬ੍ਰਾਹਮਣ ਹੋਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਪਿਛਲੇ ਜਨਮ ਦੇ ਨਾਂ ‘ਤੇ ਝੂਠ ਦਾ ਗੁਤਾਵਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਝੂਠੀਆਂ ਤੇ ਬੇ-ਸਿਰ ਪੈਰ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ।
ਸਮਾਜ ਅੰਦਰ ਚੌਧਰ ਦੇ ਬੋਲਬਾਲੇ ਨੇ ਆਮ ਸਮਾਜਕ ਲਹਿਰਾਂ ਦਾ ਵਿਰਸਾ ਸਾਂਭਣ ਦੀ ਥਾਂ ਜਾਂ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂ ਫੇਰ ਆਪਣੇ ਸੌੜੇ ਮਨੋਰਥਾਂ ਖਾਤਰ ਵਰਤਣ ਦਾ ਹੀ ਜਤਨ ਕੀਤਾ। ਇਨ੍ਹਾਂ ਮਤਲਬ ਪ੍ਰਸਤ ‘ਚੌਧਰੀਆਂ’ ਨੇ ਲੋਕਾਂ ਨੂੰ ਜੋੜਨ ਵਾਲੀਆਂ ਲਹਿਰਾਂ ਦੇ ਵਿਰਸੇ ਨੂੰ ਵਰਤਦਿਆ ਇਨ੍ਹਾਂ ਦੀ ਗਲਤ ਵਿਆਖਿਆ ਕਰਕੇ ਲੋਕਾਂ ਅੰਦਰ ਵਿੱਥਾਂ ਪਾਈਆਂ। ਗੁਰੂਆਂ, ਪੀਰਾਂ ਤੇ ਭਗਤਾਂ ਵਲੋਂ ਦਿੱਤਾ ਮਨੁੱਖਵਾਦ ਦਾ ਫਲਸਫਾ ਅਸੀਂ ਰੁਮਾਲਿਆਂ ਥੱਲੇ ਹੀ ਢਕ ਦਿੱਤਾ। ਉਨ੍ਹਾਂ ਦਾ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਵਿਚਾਰ ਅਸੀਂ ਹਿੱਸਿਆਂ ਵਿਚ ਵੰਡ ਛੱਡਿਆ। ਵੰਡ ਕੇ ਕੀਤੀਆਂ ਫਾੜੀਆਂ ਨੂੰ ਸਮੁੱਚਤਾ ਦਾ ਨਾਂ ਦੇ ਕੇ ਦਿਲ ਨੂੰ ਰਾਜ਼ੀ ਕਰਨ ਲੱਗੇ। ਸਾਡੀਆਂ ਆਪਣੇ ਤੱਕ ਸੀਮਤ ਲਾਲਸਾਵਾਂ ਨੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਪਰਖਣ, ਸਮਝਣ-ਸਮਝਾਉਣ, ਨਾਪਣ-ਤੋਲਣ ਦੀ ਥਾਵੇਂ ਉਨ੍ਹਾਂ ਤੇ ਕਬਜਾ ਕੀਤਾ। ਇਸੇ ਕਬਜਾਵਾਦੀ ਰੁਚੀ ਤੋਂ ਦੁਖੀ ਹੋ ਕੇ ਡਾ: ਧਰਮ ਪਾਲ ਸਿੰਗਲ ਨੇ ਆਪਣੀ ਪੁਸਤਕ ‘ਸੰਤ ਸ਼ਿਰੋਮਣੀ ਰਵਿਦਾਸ’ ਵਿਚ ਲਿਖਿਆ ਹੈ ਕਿ ”ਬਾਲਮੀਕ ਮਹਾਨ ਕਵੀ ਤੇ ਰਿਸ਼ੀ ਹੋਏ ਹਨ ਪਰ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਕੰਮ ਸਿਰਫ ਸਫਾਈ ਮਜ਼ਦੂਰ ਹੀ ਕਰਦੇ ਹਨ। ਕਬੀਰ ਰੱਬ ਰੂਪ ਹੋ ਚੁੱਕੇ ਮਹਾਨ ਚਿੰਤਕ, ਦਾਰਸ਼ਨਿਕ ਤੇ ਸੰਤ ਕਵੀ ਹੋਏ ਹਨ ਪਰ ਉਹ ਸਿਰਫ ਜੁਲਾਹਿਆਂ ਦੇ ਜਾਂ ਕਬੀਰ ਪੰਥੀਆਂ ਦੇ, ਨਾਮਦੇਵ ਛੀਂਬਿਆਂ ਦੇ, ਗੁਰੂ ਨਾਕ ਦੇਵ ਸਿੱਖਾਂ ਦੇ ਸੈਨ ਕੇਵਲ ਨਾਈਆਂ ਦੇ ਅਤੇ ਗੁਰੂ ਰਵਿਦਾਸ ਕੇਵਲ ਚਮਾਰਾਂ ਦੇ ਗੁਰੂ ਤੇ ਮਹਾਂਪੁਰਸ਼ ਬਣ ਕੇ ਰਹਿ ਗਏ ਹਨ।” ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਸਖਤ ਲੋੜ ਹੈ, ਇਹ ਵੰਡੀਆਂ ਹੀ ਹਨ ਜੋ ਨਫਰਤ ਨੂੰ ਜਨਮ ਦਿੰਦੀਆਂ ਹਨ।
ਇਹ ਨਫਰਤ ਹੀ ਮਨੁੱਖਾਂ ਵਿਚ ਵਿੱਥਾਂ ਪੈਦਾ ਕਰ ਦਿੰਦੀ ਹੈ। ਅਸੀਂ ਚੱਲੀਆਂ ਸਾਂਝੀਆਂ ਸਮਾਜਕ ਲਹਿਰਾਂ ਦੇ ਵਾਰਸ ਨਾ ਬਣ ਸਕੇ। ਹੋਰ ਤਾਂ ਹੋਰ ਅਸੀਂ ਤਾਂ ਭਗਤੀ ਲਹਿਰ ਦਾ ਵਿਰਸਾ ਵੀ ਨਾ ਸੰਭਾਲ ਸਕੇ। ਸਮਾਜ ਵਿਚ ਸਮੇਂ ਸਮੇਂ ਵਾਪਰਦੇ ਫਿਰਕੂ ਦੁਖਾਂਤ (ਫਸਾਦ) ਇਨ੍ਹਾਂ ਸਾਂਝੀਆਂ ਲਹਿਰਾਂ ਦੇ ਵਾਰਸ ਬਣਨ ਵਲ ਵਰਤੀ ਗਈ ਅਣਗਹਿਲੀ ਦਾ ਵੀ ਸਿੱਟਾ ਕਹੇ ਜਾ ਸਕਦੇ ਹਨ। ਗੁਰੂ ਰਵਿਦਾਸ ਦੀ ਬਾਣੀ ਵਿਚ ਸਿਰਜੇ ‘ਬੇਗਮਪੁਰੇ’ ਦੇ ਸੰਲਕਪ ਦਾ ਰਾਜਨੀਤਕ ਮਹੱਤਵ ਸਮਝਣਾ ਅੱਜ ਦੀ ਬੜੀ ਵੱਡੀ ਲੋੜ ਹੈ। ਉਹ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰ੍ਹਾਂ ਦੀ ਗੱਲ ਕਰਦੇ ਹਨ, ਜਿੱਥੇ ਭੈਅ, ਦੁੱਖ ਤੇ ਚਿੰਤਾ ਦਾ ਨਿਸ਼ਾਨ ਤੱਕ ਨਾ ਹੋਵੇ। ਲੋਕ ਇਕ ਦੂਜੇ ਨੂੰ ਪਿਆਰ ਕਰਨ। ਸਭ ਰਲ ਮਿਲ ਕੇ, ਇਕ ਦੂਜੇ ਦਾ ਹੋ ਕੇ ਹਰ ਕਿਸੇ ਦਾ ਦੁੱਖ ਸੁਖ ਵੰਡਾਉਣ। ਇਸ ਗੱਲ ਨੂੰ ਵਰਤਮਾਨ ‘ਚ ਰੱਖ ਕੇ ਸੋਚਣਾ ਤੇ ਸਮਝਣਾ ਕੋਈ ਔਖੀ ਗੱਲ ਨਹੀਂ। ਅਸੀਂ ਨਿੱਤ ਦੁੱਖੜੇ ਜਰ ਰਹੇ ਹਾਂ। ਇਹ ਕਿਸੇ ਸਮਾਜੀ, ਰਾਜਸੀ ਤੇ ਆਰਥਕ ਪ੍ਰਬੰਧ ਦੀ ਹੀ ਦੇਣ ਹੈ ਜੋ ਸਾਨੂੰ ਸਭ ਨੂੰ ਮੁਸੀਬਤਾਂ ਭਰੀ ਜ਼ਿੰਦਗੀ ਦੇ ਗਧੀ-ਗੇੜ ‘ਚ ਪਾਈ ਫਿਰਦਾ ਹੈ। ਨਿੱਤ ਹੰਢਾਈਆਂ ਜਾ ਰਹੀਆਂ ਇਨ੍ਹਾਂ ਮੁਸੀਬਤਾਂ ਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭਣਾਂ ਫੇਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਬਾਰੇ ਸੋਚਣਾ ਅਤੇ ਮਨੁੱਖਵਾਦੀ, ਦੁੱਖਾਂ-ਫਿਕਰਾਂ ਤੇ ਮੁਸੀਬਤਾਂ ਰਹਿਤ ਮੁਹੱਬਤ ਭਰੇ ਗੁਰੂ ਰਵਿਦਾਸ ਜੀ ਵਲੋਂ ਦਿੱਤੇ ਸੰਕਲਪ ‘ਬੇਗਮਪੁਰੇ’ ਦੀ ਸਿਰਜਣਾ ਕਰਨਾ ਸਾਡਾ ਮਨੋਰਥ ਹੋਣਾ ਚਾਹੀਦਾ ਹੈ।
ਇਹ ਸੰਕਲਪ ਕੀ ਹੈ :
ਬੇਗਮਪੁਰਾ ਸਹਰ ਕੋ ਨਾਉ॥
ਦੁੱਖ ਅੰਦੋਹੁ ਨਹੀਂ ਤਿਹਿ ਠਾਉ॥
ਨਾ ਤਸਵੀਸ ਖਿਰਾਜੁ ਨਾ ਮਾਲੁ॥
ਖਉਫੁ ਨ ਖਤਾ ਨ ਤਰਸੁ ਜੁਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਉਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥
ਤਿਉਂ ਤਿਉ ਸੈਲ ਕਰਹਿ ਜਿਉ ਭਾਵੈ॥
ਮਰਹਮ ਮਹਲ ਨ ਕੋ ਅਟਕਾਵੇ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਿਰੀ ਸੋ ਮੀਤੁ ਹਮਾਰਾ॥
ਅੱਜ ਦਾ ਇਨਸਾਨ ਵਿਖਾਵੇ ਦਾ ਬਹੁਤ ਆਦੀ ਹੋ ਗਿਆ ਹੈ, ਭਾਵ ਵਿਖਾਵਾ ਸਾਡਾ ਅੱਜ ਦਾ ਨਵਾਂ ਫੈਸ਼ਨ ਬਣ ਗਿਆ ਹੈ। ਭਗਤੀ ਤੇ ਧਾਰਮਕ ਸਮਾਗਮ ਵੀ ਵਿਖਾਵੇ ਦੀ ਭੇਟ ਹੋ ਜਾਂਦੇ ਹਨ। ਆਪੋ ਆਪਣੇ ਥਾਂ ਸਿਰਫ ਟੱਲੀਆਂ, ਘੜਿਆਲਾਂ ਤੇ ਛੈਣੇ ਬਜਾ ਕੇ, ਉੱਚੀ ਉੱਚੀ ਕੀਰਤਨ, ਜਗਰਾਤੇ ਕਰਕੇ ਕੁੱਝ ਨਹੀਂ ਬਣਨਾ ਸਰਨਾ, ਗੱਲ ਤਾਂ ਅਮਲ ਦੀ ਹੈ। ਮਨੋਰਥ ਰਹਿਤ ਫੋਕੀ ਭਗਤੀ ਦੀ ਥਾਂ ਮਨੁੱਖਤਾ ਦੀ ਦੁੱਖਾਂ, ਕਸ਼ਟਾਂ ਤੋਂ ਮੁਕਤੀ ਦਾ ਪ੍ਰਗਟਾਵਾ ਹੋਣਾ ਅਤੇ ਇਸ ਵਾਸਤੇ ਜਰੂਰੀ ਹੈ। ਇਹ ਸਭ ਕੁੱਝ ਮਨੁੱਖਤਾ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਹੋਣਾ ਚਾਹੀਦਾ ਹੈ।
ਲੋਕ ਹਰ ਸਾਲ ਹੀ ਕਿਸੇ ਮਹਾਂਪੁਰਸ਼ ਦੀ ਯਾਦ ਵਿਚ ਸਿਰਫ ਇਕ ਦਿਨ ਇਕੱਠੇ ਹੁੰਦੇ ਹਨ, ਜਨਮ ਪੁਰਬ ਮਨਾਉਣ ਦਾ ਜਤਨ ਕਰਦੇ ਹਨ। ਆਮ ਕਰਕੇ ਆਪੋ ਆਪਣੀ ਗੱਲ ਦਾ ਰੌਲਾ ਪਾ ਕੇ ਘਰੋ-ਘਰੀ ਤੁਰ ਜਾਂਦੇ ਹਨ। ਕਿਸੇ ਮਹਾਂਪਰਸ਼ ਦੀ ਯਾਦ ਸਿਰਫ ਇਕ ਦਿਨ? ਕੀ ਇਹ ਕਾਫੀ ਹੈ? ਨਹੀਂ, ਇਹ ਕੁੱਝ ਕਾਫੀ ਨਹੀਂ। ਇਹ ਕੁੱਝ ਵਿਖਾਵਾ ਹੈ ਜਿਸ ਦੇ ਗੁਰੂ ਰਵਿਦਾਸ ਜੀ ਵਿਰੋਧੀ ਸਨ। ਗੁਰੂ ਰਵਿਦਾਸ ਜੀ ਨੂੰ ਸਹੀ ਤੌਰ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਨ੍ਹਾਂ ਵਲੋਂ ਸਵਾ ਛੇ ਸਦੀਆਂ ਪਹਿਲਾਂ ਸਿਰਜੇ ਬੇਗਮਪੁਰੇ (ਗਮਾਂ, ਦੁੱਖਾਂ ਤੋਂ ਰਹਿਤ) ਦੇ ਸੰਕਲਪ ਜਿਸਨੂੰ ਅੱਜ ਦੀ ਸੋਚ ਵਾਲੀ ਸਿਆਸੀ ਭਾਸ਼ਾ ਵਿਚ ਸਾਰੇ ਸਮਾਜ ਨੂੰ ਸੁੱਖ ਦੇਣ ਵਾਲਾ ਸਮਾਜਵਾਦੀ ਪ੍ਰਬੰਧ ਕਿਹਾ ਜਾਂਦਾ ਹੈ ਨੂੰ ਆਪਣੀ ਸੋਚ ਨਾਲ ਬੰਨ੍ਹ ਕੇ, ਨਿੱਤ ਦਿਹਾੜੀ ਆਪਣੇ ਮੱਥੇ ‘ਚ ਰੱਖ ਕੇ, ਇਹਦੇ ‘ਤੇ ਅਮਲ ਕਰਨਾ। ਬਦੀ ਦਾ ਰਾਜ, ਕੋਹਝ ਦੀਆਂ ਸ਼ਕਤੀਆਂ, ਭਰਮਾਂ ਤੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਖਾਤਮੇ ਵਲ ਵਧਣਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਅਤੇ ਚੰਗੀ ਸੇਵਾ ਹੈ। ਇਹ ਹੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਨਾ ਤੇ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਅਸੀਂ ਨਿੱਤ ਚੇਤੇ ਕਰੀਏ ਤੇ ਸੰਸਾਰ ਅੰਦਰ ਉਨ੍ਹਾਂ ਦਾ ਦਿੱਤਾ ਸੁਨੇਹਾ ਪਹੁੰਚਾਈਏ। ਗੁਰੂ ਰਵਿਦਾਸ ਜੀ ਦੀ ਬਾਣੀ ਦਾ ਸੁਨੇਹਾ ਕਿ :-
ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।
(ਸਮਾਪਤ)

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …