ਮੇਘ ਰਾਜ ਮਿੱਤਰ
? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ?
: ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵੱਲ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਵਸਤੂ ਦੇ ਤਲ ਤੋਂ ਟਕਰਾ ਕੇ ਆਪਣੀ ਦਿਸ਼ਾ ਬਦਲ ਲੈਂਦਾ ਹੈ।
? ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ ਜਦੋਂ ਕਿ ਪਾਣੀ ਨਹੀਂ ਕਿਉਂ?
: ਤੇਲ ਪਾਣੀ ਨਾਲੋਂ ਹਲਕਾ ਹੁੰਦਾ ਹੈ। ਇਸਦੇ ਕਣ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਸਮਾਨ ਰੱਖਣਾ ਚਾਹੁੰਦੇ ਹਨ, ਇਸ ਲਈ ਤੇਲ ਪਾਣੀ ਦੇ ਤਲ ਤੇ ਫੈਲ ਜਾਂਦਾ ਹੈ।
? ਵਾਟਰ ਵਰਕਸ ਪ੍ਰਣਾਲੀ ਵਿਚ ਪਾਣੀ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ?
: ਵਾਟਰ ਵਰਕਸ ਪ੍ਰਣਾਲੀ ਵਿਚ ਪਾਣੀ ਵਿਚ ਕਲੋਰੀਨ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਨਾਲ ਪਾਣੀ ਵਿਚਲੇ ਬੈਕਟੀਰੀਆ ਮਰ ਜਾਂਦੇ ਹਨ।
? ਛੋਟੇ ਕਮਰੇ ਵਿਚ ਈਕੋ ਸੁਣਾਈ ਕਿਉਂ ਨਹੀਂ ਦਿੰਦੀ।
: ਧੁਨੀ ਦੇ ਪ੍ਰਾਵਰਤਿਤ ਹੋਣ ਲਈ ਜੇ ਦੂਰੀ ਨੇੜੇ ਹੋਵੇਗੀ ਤਾਂ ਉਹ ਛੇਤੀ ਹੀ ਪ੍ਰੀਵਰਤਨ ਹੋ ਕੇ ਆ ਜਾਂਦੀ ਹੈ। ਤੇ ਪਹਿਲੀ ਧੁਨੀ ਵਿਚ ਹੀ ਰਲ-ਗਡ ਹੋ ਜਾਂਦੀ ਹੈ। ਇਸ ਲਈ ਛੋਟੇ ਕਮਰਿਆਂ ਵਿਚ ਈਕੋ ਸੁਣਾਈ ਨਹੀਂ ਦਿੰਦੀ। ਵੱਡੇ ਕਮਰੇ ਆਵਾਜ਼ ਨਾਲ ਗੂੰਜਦੇ ਹਨ।
? ਤਾਰ ਨੂੰ ਮਰੋੜਨ ਤੇ ਗਰਮ ਹੋ ਕੇ ਕਿਉਂ ਟੁੱਟ ਜਾਂਦੀ ਹੈ।
: ਕਿਸੇ ਵੀ ਤਾਰ ਵਿਚ ਅਸ਼ੁੱਧੀ ਜਾਂ ਕਾਰਬਨ ਆਦਿ ਦੀ ਮਾਤਰਾ ਹੁੰਦੀ ਹੈ। ਇਸੀ ਕਾਰਨ ਮਰੋੜਨ ਤੇ ਇਹ ਟੁੱਟ ਜਾਂਦੀ ਹੈ।
? ਬੱਸ ਵਿਚ ਸਫ਼ਰ ਕਰਦੇ ਸਮੇਂ ਧਰਤੀ ਤੇ ਮੌਜੂਦ ਵਸਤਾਂ ਤੁਰਦੀਆਂ ਕਿਉਂ ਦਿਖਾਈ ਦਿੰਦੀਆਂ ਹਨ।
: ਬੱਸ ਗਤੀ ਵਿਚ ਹੁੰਦੀ ਹੈ, ਅਤੇ ਆਲਾ ਦੁਆਲਾ ਬੱਸ ਦੇ ਮੁਕਾਬਲੇ ਸਥਿਰ ਹੁੰਦਾ ਹੈ। ਇਸ ਲਈ ਧਰਤੀ ‘ਤੇ ਮੌਜੂਦ ਵਸਤੂਆਂ ਤੁਰਦੀਆਂ ਦਿਖਾਈ ਦਿੰਦੀਆਂ ਹਨ।
? ਪਾਰਾ ਉਂਗਲ ਨਾਲ ਕਿਉਂ ਨਹੀ ਚਿਪਕਦਾ ਜਦੋਂ ਕਿ ਪਾਣੀ ਚਿਪਕਦਾ ਹੈ, ਕਿਉਂ।
: ਪਾਰੇ ਦੇ ਕਣ ਭਾਰੀ ਹੋਣ ਕਾਰਨ ਉਂਗਲ ਨਾਲ ਨਹੀਂ ਚਿਪਕਦੇ।
? ਦਹੀਂ ਨੂੰ ਜਮਾਉਣ ਲਈ ਦਹੀਂ ਦੀ ਲੋੜ ਪੈਂਦੀ ਹੈ ਕੀ ਹੋਰ ਕੋਈ ਵਸਤੂ ਹੈ ਜਿਸ ਨਾਲ ਦਹੀਂ ਜੰਮ ਸਕੇ।
: ਦਹੀਂ ਵਿਚ ਜੀਵਾਣੂ ਹੁੰਦੇ ਹਨ ਇਸ ਲਈ ਜਦੋਂ ਦੁੱਧ ਤੋਂ ਦਹੀਂ ਬਣਾਉਣਾ ਹੁੰਦਾ ਹੈ ਤਾਂ ਸਾਨੂੰ ਜੀਵਾਣੂਆਂ ਦੀ ਲੋੜ ਪੈਂਦੀ ਹੈ। ਇਸ ਲਈ ਅਸੀਂ ਇਹ ਜੀਵਾਣੂ ਦਹੀਂ ਦੇ ਰੂਪ ਵਿਚ ਲਾਏ ਜਾਗ ਤੋਂ ਪ੍ਰਾਪਤ ਕਰਦੇ ਹਾਂ। ਹੋਰ ਕੋਈ ਅਜਿਹੀ ਵਸਤੂ ਨਹੀਂ ਜੋ ਦੁੱਧ ਨੂੰ ਦਹੀਂ ਵਿਚ ਤਬਦੀਲ ਕਰ ਸਕਦੀ ਹੋਵੇ।
? ਜਦੋਂ ਫਰਿੱਜ਼ ਵਿਚੋਂ ਬਰਫ਼ ਵਾਲਾ ਬਰਤਨ ਬਾਹਰ ਕੱਢਦੇ ਹਾਂ ਤਾਂ ਉਸ ਬਰਤਨ ਵਿਚਲੀ ਬਰਫ਼ ਦਾ ਕੇਂਦਰ ਵਾਲਾ ਭਾਗ ਉੱਪਰ ਵੱਲ ਨੂੰ ਕਿਉਂ ਉੱਠ ਜਾਂਦਾ ਹੈ।
: ਅਸਲ ਵਿਚ ਪਾਣੀ ਜਦੋਂ ਜੰਮਦਾ ਹੈ ਤਾਂ ਇਹ ਫੈਲਦਾ ਹੈ, ਫਰਿੱਜ਼ ਵਿਚ ਬਰਫ਼ ਜੰਮਣ ਦੀ ਪ੍ਰਕਿਰਿਆ ਬਰਤਨ ਦੀਆਂ ਦੀਵਾਰਾਂ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਬਰਫ਼ ਨੂੰ ਫੈਲਣ ਲਈ ਵਿਚਕਾਰ ਵਾਲਾ ਖੁੱਲ੍ਹਾ ਤਲ ਹੀ ਮਿਲਦਾ ਹੈ।
? ਪੰਜਾਬੀ ਛਾਪਾ ਖਾਨਾ ਕਦੋਂ ਤੋਂ ਸ਼ੁਰੂ ਹੋਇਆ।
: ਪੰਜਾਬੀ ਛਾਪੇਖਾਨੇ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ, 19ਵੀਂ ਸਦੀ ਦੇ ਮੱਧ ਵਿਚ ਸ਼ਾਇਦ ਅੰਮ੍ਰਿਤਸਰ ਸ਼ਹਿਰ ਦੇ ਕੁਝ ਨਾਗਰਿਕਾਂ ਨੇ ਇਸ ਪਾਸੇ ਨੂੰ ਪਹਿਲ ਕਦਮੀ ਕੀਤੀ।
? ਛਾਪੇ ਖਾਨੇ ਦੀ ਕਾਢ ਕਿਸ ਦੇਸ਼ ਦੇ ਵਿਗਿਆਨੀ ਨੇ ਕਿਸ ਸਾਲ ਕੱਢੀ ਅਤੇ ਕਿਹੜੀ ਭਾਸ਼ਾ ਵਿਚ।
: ਛਾਪੇਖਾਨੇ ਦੀ ਕਾਢ 1455 ਵਿਚ ਜਰਮਨੀ ਦੇ ਵਿਗਿਆਨਕ ਜੋਹਾਨਸੁਟੇਨਵਰਗ ਨੇ ਕੱਢੀ ਸੀ।
? ਗੂੜ੍ਹੇ ਰੰਗ ਦਾ ਕੱਪੜਾ ਗਰਮੀ ਕਿਉਂ ਜ਼ਿਆਦਾ ਖਿੱਚਦਾ ਹੈ।
: ਗੂੜ੍ਹੇ ਰੰਗ ਤਾਪ ਸੋਕਦੇ ਹਨ ਅਤੇ ਹਲਕੇ ਰੰਗ ਤਾਪ ਛੱਡਦੇ ਹਨ। ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ : ਬੈਂਗਣੀ, ਅਸਮਾਨੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ।
ਚਿੱਟਾ ਰੰਗ ਸੱਤੇ ਰੰਗ ਮੋੜਦਾ ਹੈ। ਹਰਾ ਦਿਖਾਈ ਦੇਣ ਵਾਲਾ ਰੰਗ ਬਾਕੀ ਦੇ ਰੰਗਾਂ ਨੂੰ ਚੂਸਿਆ ਕਰਦਾ, ਸਿਰਫ ਇਕੋ ਰੰਗ ਹਰਾ ਪ੍ਰੀਵਰਤਤ ਕਰਦਾ ਹੈ, ਇਸ ਲਈ ਹਲਕੇ ਰੰਗ ਗਰਮੀ ਨੂੰ ਪ੍ਰੀਵਰਤਤ ਕਰਦੇ ਹਨ ਅਤੇ ਗੂੜ੍ਹੇ ਰੰਗ ਤਾਪ ਸੋਕਦੇ ਹਨ। ਸਰਦੀਆਂ ਵਿਚ ਸਾਨੂੰ ਜ਼ਿਆਦਾ ਗਰਮੀ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਜ਼ਿਆਦਾ ਗੂੜ੍ਹੇ ਰੰਗ ਦੇ ਕੱਪੜੇ ਪਹਿਨਦੇ ਹਾਂ। ਗਰਮੀਆਂ ਵਿਚ ਸਾਨੂੰ ਸਰੀਰ ਵਿਚ ਗਰਮੀ ਜਮ੍ਹਾਂ ਕਰਨ ਦੀ ਲੋੜ ਨਹੀਂ ਹੁੰਦੀ। ਇਸ ਲਈ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ।
? ਇਕ ਵਾਰ ਮੇਰੇ ਦੋਸਤ ਨੇ ਮੈਨੂੰ ਰਬੜ ਦੀ ਕੁਰਸੀ ਤੇ ਬਿਠਾਇਆ ਤੇ ਆਪਣੇ ਪੈਰ ਧਰਤੀ ਨਾਲ ਛੂਹਣ ਤੋਂ ਮਨ੍ਹਾਂ ਕੀਤਾ। ਉਸ ਨੇ ਇਕ ਕੱਪੜਾ ਲੈ ਕੇ ਕੁਰਸੀ ਦੀ ‘ਬੈਕ’ ਤੇ ਵਾਰ ਵਾਰ ਮਾਰਿਆ (ਝਟਕਾ ਲਗਾਇਆ)। ਇਸ ਦੌਰਾਨ ਜਦੋਂ ਇਕ ਹੋਰ ਦੋਸਤ ਨੇ ਮੈਨੂੰ ਛੂਹਿਆ ਤਾਂ ਬਿਜਲੀ ਦੀ ਤਰ੍ਹਾਂ ਝਟਕਾ ਮਹਿਸੂਸ ਹੋਇਆ ਤੇ ਚਿੰਗਆੜੀਆਂ ਨਿਕਲੀਆਂ। ਉਪਰੋਕਤ ਕਿਰਿਆ ਮੈਂ ਘਰ ਅਤੇ ਸਕੂਲ ਵਿਚ ਕਈ ਵਾਰ ਦੁਹਰਾਈ। ਮੈਂ ਆਪ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਨਾਲ ਕਰੰਟ ਜਾਂ ਚਿੰਗੀਆੜੀਆਂ ਕਿਉਂ ਪੈਦਾ ਹੁੰਦੀਆਂ ਹਨ?
: ਜਦੋਂ ਅਸੀਂ ਕਿਸੇ ਪਲਾਸਟਿਕ ਦੀ ਵਸਤੂ ਨੂੰ ਕੱਪੜੇ ਨਾਲ ਰਗੜਦੇ ਹਾਂ ਤਾਂ ਇਸ ਵਿਚ ਸਥਿਰ ਬਿਜਲੀ ਪੈਦਾ ਹੋ ਜਾਂਦੀ ਹੈ। ਜਿਵੇਂ ਕੱਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਜਾਂ ਸਿਰ ਦੇ ਵਾਲਾਂ ਨੂੰ ਕੰਘੇ ਨਾਲ ਰਗੜਨ ਨਾਲ ਹੋ ਜਾਂਦਾ ਹੈ ਜੇ ਪੈਰ ਧਰਤੀ ਨਾਲ ਲਗਾ ਲਏ ਜਾਣ ਤਾਂ ਇਹ ਬਿਜਲੀ ਸਾਡੇ ਸਰੀਰ ਵਿਚੋਂ ਧਰਤੀ ਵਿਚ ਚਲੀ ਜਾਂਦੀ ਹੈ?
? ਡੀ. ਸੀ.ਬਿਜਲੀ ਨੂੰ ਏ.ਸੀ. ਬਿਜਲੀ ਵਿਚ ਕਿਵੇਂ ਅਤੇ ਕਿਸ ਯੰਤਰ ਦੁਆਰਾ ਬਦਲਿਆ ਜਾ ਸਕਦਾ ਹੈ।
: ਬਿਜਲੀ ਦਾ ਕਰੰਟ ਦੋ ਪ੍ਰਕਾਰ ਦਾ ਹੁੰਦਾ ਹੈ ਇਕ ਨੂੰ ਏ.ਸੀ.ਅਰਥਾਤ ਪ੍ਰਤਵੀ ਬਿਜਲੀ ਧਾਰਾ ਕਹਿੰਦੇ ਹਾਂ। ਦੂਸਰੀ ਨੂੰ ਅਪ੍ਰਤਵੀ ਧਾਰਾ ਕਿਹਾ ਜਾਂਦਾ ਹੈ। ਏ.ਸੀ.ਨੂੰ ਡੀ. ਸੀ.’ਚ ਬਦਲਣ ਲਈ ਜਾਂ ਡੀ.ਸੀ.ਨੂੰ ਏ. ਸੀ.ਵਿਚ ਬਦਲਣ ਲਈ ਉਪਕਰਣ ਬਾਜ਼ਾਰ ਵਿਚੋਂ ਮਿਲ ਜਾਂਦੇ ਹਨ, ਇਨ੍ਹਾਂ ਨੂੰ ਕਨਵਰਟਰ ਕਿਹਾ ਜਾਂਦਾ ਹੈ। ਇਲੀਮੀਨੇਟਰ ਵੀ ਏ.ਸੀ.ਨੂੰ ਡੀ. ਸੀ. ‘ਚ ਬਦਲਣ ਦਾ ਇਕ ਉਪਕਰਣ ਹੈ।