ਸੀਬੀਆਈ ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪਹੁੰਚੀ ਸੀ ਪੁੱਛਗਿੱਛ ਕਰਨ, ਪੁਲਿਸ ਨੇ ਸੀਬੀਆਈ ਅਧਿਕਾਰੀ ਹੀ ਕਰ ਲਏ ਗ੍ਰਿਫਤਾਰ
ਇਹ ਸੀਬੀਆਈ ਦੇ ਉਹ ਅਧਿਕਾਰੀ ਹਨ, ਜਿਨ੍ਹਾਂ ਨੂੰ ਸਾਦੇ ਕੱਪੜਿਆਂ ਵਿਚ ਤੈਨਾਤ ਕੋਲਕਾਤਾ ਪੁਲਿਸ ਨੇ ਜ਼ਬਰਦਸਤੀ ਗੱਡੀ ‘ਚ ਬਿਠਾਇਆ ਅਤੇ ਥਾਣੇ ਲੈ ਗਏ…
ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰ ਵਿਚਾਲੇ ਟਕਰਾਅ ਹੁਣ ਸੜਕ ‘ਤੇ ਉਤਰ ਆਇਆ ਹੈ। ਜਿਵੇਂ ਹੀ ਸੀ.ਬੀ.ਆਈ. ਅਧਿਕਾਰੀ ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪੁੱਛਗਿੱਛ ਕਰਨ ਪਹੁੰਚੇ ਤਾਂ ਇਸ ਘਟਨਾ ਦੇ ਵਿਰੋਧ ਵਜੋਂ ਮਮਤਾ ਬੈਨਰਜੀ ਆਪਣੀ ਪੂਰੀ ਕੈਬਨਿਟ ਨਾਲ ਸੜਕ ‘ਤੇ ਆ ਕੇ ਧਰਨੇ ‘ਤੇ ਬੈਠ ਗਈ। ਜ਼ਿਕਰਯੋਗ ਹੈ ਕਿ ਚਿੱਟ ਫੰਡ ਘੁਟਾਲੇ ਦੀ ਜਾਂਚ ਲਈ ਤੈਅ ਕੀਤੀ ਗਈ ਐਸ ਆਈ ਟੀ ਦੇ ਮੁਖੀ ਕਲਕੱਤਾ ਪੁਲਿਸ ਕਮਿਸ਼ਨਰ ਰਾਜੀਵ ਸ਼ਾਰਧਾ ਸਨ ਤੇ ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਸ ਜਾਂਚ ਦੀਆਂ ਫਾਈਲਾਂ ਹੀ ਗੋਲ ਕਰ ਦਿੱਤੀਆਂ ਹਨ। ਜਦੋਂ ਇਸ ਸਬੰਧ ਵਿਚ ਸੀ.ਬੀ.ਆਈ. ਦੀ ਟੀਮ ਪੁੱਛਗਿੱਛ ਕਰਨ ਗਈ ਤਾਂ ਪੁਲਿਸ ਨੇ 5 ਸੀ.ਬੀ.ਆਈ. ਅਧਿਕਾਰੀਆਂ ਨੂੰ ਜਬਰੀ ਗੱਡੀ ਵਿਚ ਸੁੱਟ ਕੇ ਥਾਣੇ ਲੈ ਆਂਦਾ, ਬੇਸ਼ੱਕ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮਮਤਾ ਬੈਨਰਜੀ ਨੇ ਸੀ ਬੀ ਆਈ ਦੀ ਕਾਰਗੁਜ਼ਾਰੀ ਨੂੰ ਸੰਵਿਧਾਨਕ ਸੰਕਟ ਕਰਾਰ ਦਿੰਦਿਆਂ ਐਤਵਾਰ ਦੀ ਰਾਤ ਨੂੰ ਹੀ ਸੜਕ ‘ਤੇ ਧਰਨਾ ਮਾਰ ਦਿੱਤਾ।
ਸ਼ਿਲਾਂਗ ਜਾਓ, ਠੰਡੀ ਥਾਂ ਹੈ : ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੀਬੀਆਈ ਦੀ ਅਪੀਲ ‘ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ (ਸੀਬੀਆਈ ਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ) ਦਰਮਿਆਨ ਵਧਦੀ ਕਸ਼ੀਦਗੀ ਨੂੰ ਵੇਖਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਹਲਕੇ ਅੰਦਾਜ਼ ਵਿੱਚ ਕਿਹਾ ਕਿ ‘ਸ਼ਿਲਾਂਗ ਜਾਓ, ਠੰਢੀ ਥਾਂ ਹੈ। ਦੋਵੇਂ ਧਿਰਾਂ ਉੱਥੇ ਠੰਢੀਆਂ (ਸ਼ਾਂਤ) ਰਹਿਣਗੀਆਂ। ਬੈਂਚ ਦੇ ਹੋਰਨਾਂ ਜੱਜਾਂ ਵਿੱਚ ਜਸਟਿਸ ਦੀਪਕ ਗੁਪਤਾ ਤੇ ਸੰਜੀਵ ਖ਼ੰਨਾ ਸ਼ਾਮਲ ਸਨ।
ਇਸ ਘਟਨਾਕ੍ਰਮ ਦਾ ਕਾਰਨ
ਲਾਪਤਾ ਫਾਈਲਾਂ ਦੇ ਮਾਮਲੇ ਵਿਚ ਪੁੱਛਗਿੱਛ ਕਰਨੀ ਸੀ
ਸੀਬੀਆਈ ਦੇ ਅੰਤਰਿਮ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੇ ਕਿਹਾ – ਰਾਜੀਵ ਸਾਰਦਾ ਚਿਟਫੰਡ ਘੁਟਾਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਨ। ਉਨ੍ਹਾਂ ਨੇ ਮਾਮਲਿਆਂ ਨਾਲ ਜੁੜੇ ਸਬੂਤ ਨਸ਼ਟ ਕੀਤੇ ਹਨ। ਸੀਬੀਆਈ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਗਈ ਸੀ। ਅਸੀਂ ਇਸ ਘਟਨਾਕ੍ਰਮ ਦੇ ਖਿਲਾਫ ਸੁਪਰੀਕ ਕੋਰਟ ਜਾਣਗੇ।
ਸਿਆਸਤ ਪਹਿਲਾਂ ਤੋਂ ਜਾਰੀ ਹੈ
ੲ 1 ਦਸੰਬਰ 2016 : ਮਮਤਾ ਬੈਨਰਜੀ ਨੇ ਆਰਮੀ ਟਰੱਕਾਂ ਦੀ ਮੌਜੂਦਗੀ ਨੂੰ ਤਖਤਾ ਪਲਟ ਦੀ ਸਾਜਿਸ਼ ਦੱਸਿਆ। ਪੂਰੀ ਰਾਤ ਸਕੱਤਰੇਤ ਵਿਚ ਰਹੀ।
ੲ 16 ਨਵੰਬਰ 2018 : ਪੱਛਮੀ ਬੰਗਾਲ ਸਰਕਾਰ ਨੇ ਸੀਬੀਆਈ ਨੂੰ ਆਪਣੇ ਇੱਥੇ ਜਾਂਚ ਲਈ ਆਉਣ ਤੋਂ ਰੋਕ ਦਿੱਤਾ ਸੀ।
ੲ 6 ਦਸੰਬਰ 2018 : ਮਮਤਾ ਸਰਕਾਰ ਨੇ ਅਮਿਤ ਸ਼ਾਹ ਦੀ ਰੱਥ ਯਾਤਰਾ ਦੀ ਇਜ਼ਾਜਤ ਨਹੀਂ ਦਿੱਤੀ। ਹੈਲੀਕਾਪਟਰ ਲੈਂਡਿੰਗ ਵੀ ਰੋਕੀ।
ਸਾਰੇ ਘਟਨਾਕ੍ਰਮ ਦੇ ਕਾਨੂੰਨੀ ਪਹਿਲੂ
ਸੰਵਿਧਾਨਕ ਮਾਹਿਰਾਂ ਨੇ ਕਿਹਾ – ਸੀਬੀਆਈ ਨੂੰ ਪੱਛਮੀ ਬੰਗਾਲ ਵਿਚ ਜਾਂਚ ਅਤੇ ਕਾਰਵਾਈ ਦਾ ਅਧਿਕਾਰ ਨਹੀਂ ਹੈ
ਪਿਛਲੇ ਸਾਲ 16 ਨਵੰਬਰ ਨੂੰ ਪੱਛਮੀ ਬੰਗਾਲ ਨੇ ਦਿੱਲੀ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੇ ਤਹਿਤ ਸੀਬੀਆਈ ਨੂੰ ਦਿੱਤੀ ਗਈ ਮਾਨਤਾ ਅਤੇ ਸਹਿਮਤੀ ਵਾਪਸ ਲਈ ਸੀ। ਇਸ ਤੋਂ ਬਾਅਦ ਰਾਜ ਵਿਚ ਬੇਰੋਕ ਟੋਕ ਜਾਂਚ ਅਤੇ ਕਾਰਵਾਈ ਨਹੀਂ ਹੋ ਸਕਦੀ। ਸੀਬੀਆਈ ਨੂੰ ਰਾਜ ਵਿਚ ਕਾਰਵਾਈ ਲਈ ਰਾਜ ਸਰਕਾਰ ਦੀ ਆਗਿਆ ਲੈਣੀ ਜ਼ਰੂਰੀ ਹੈ।
-ਪੀਡੀਟੀ ਅਚਾਰੀ, ਸੰਵਿਧਾਨਕ ਮਾਹਿਰ
ਸੀਬੀਆਈ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈਣਾ ਸਹੀ ਨਹੀਂ ਹੈ। ਮੇਰਾ ਮੰਨਣਾ ਹੈ ਕਿ ਸੀਬੀਆਈ ਨੂੰ ਵੀ ਅਜਿਹੀ ਕਾਰਵਾਈ ਤੋਂ ਪਹਿਲਾਂ ਰਾਜ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਸੀ। ਜੇਕਰ ਸਰਕਾਰ ਕਾਰਵਾਈ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਸੀਬੀਆਈ ਨੂੰ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਦੇ ਹੋਏ ਅਦਾਲਤ ਜਾਣਾ ਚਾਹੀਦਾ ਸੀ।
– ਏਪੀ ਸਿੰਘ, ਸਾਬਕਾ ਸੀਬੀਆਈ ਡਾਇਰੈਕਟਰ
ਮਮਤਾ ਨੇ ਧਰਨੇ ਦੌਰਾਨ ਪੁਲਿਸ ਵਾਲਿਆਂ ਨੂੰ ਕੀਤਾ ਸਨਮਾਨਿਤ
ਕੋਲਕਾਤਾ : ਧਰਨੇ ਦੌਰਾਨ ਹੀ ਮਮਤਾ ਨੇ ਪੁਲਿਸ ਵਾਲਿਆਂ ਨੂੰ ਸਨਮਾਨਤ ਵੀ ਕੀਤਾ। ਇਸ ਦੌਰਾਨ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਹੀ ਖੜ੍ਹੇ ਸਨ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਪੁਲਿਸ ਵਿਵਾਦ ਨੂੰ ਲੈ ਕੇ ਰਾਜ ਸਭਾ ਅਤੇ ਲੋਕ ਸਭਾ ਵਿਚ ਵੀ ਹੰਗਾਮਾ ਹੋਇਆ। ਇਸੇ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਜਾਨ ਦੇ ਦੇਣਗੇ, ਪਰ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਟੀ.ਐਮ.ਸੀ ਵਰਕਰਾਂ ਨੂੰ ਹੱਥ ਲਗਾਇਆ ਗਿਆ ਤਾਂ ਉਹ ਸੜਕਾਂ ‘ਤੇ ਨਹੀਂ ਉੱਤਰੇ, ਪਰੰਤੂ ਉਨ੍ਹਾਂ ਨੂੰ ਉਸ ਸਮੇਂ ਗ਼ੁੱਸਾ ਆਇਆ, ਜਦੋਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੀ ਕੁਰਸੀ ਦਾ ਅਪਮਾਨ ਕੀਤਾ ਗਿਆ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …