24.6 C
Toronto
Saturday, May 30, 2026
spot_img
Homeਭਾਰਤਮੋਦੀ ਬਨਾਮ ਮਮਤਾ : ਸ਼ਾਰਦਾ ਚਿੱਟ ਫੰਡ ਘੁਟਾਲਾ ਮਾਮਲੇ 'ਚ ਸੁਪਰੀਮ ਕੋਰਟ...

ਮੋਦੀ ਬਨਾਮ ਮਮਤਾ : ਸ਼ਾਰਦਾ ਚਿੱਟ ਫੰਡ ਘੁਟਾਲਾ ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਤਾ ਹੁਕਮ, ਸੀਬੀਆਈ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੋਲੋਂ ਪੁੱਛਗਿੱਛ

ਕਰੇ, ਪਰ ਗ੍ਰਿਫਤਾਰ ਨਾ ਕਰੇ
ਨਾ ਮਮਤਾ ਜਿੱਤੀ, ਨਾ ਸੀਬੀਆਈ ਹਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਲਕਾਤਾ ਦੇ ਪੁਲਿਸ ਕਮਿਸ਼ਨਰ ਤੋਂ ਸ਼ਾਰਦਾ ਚਿੱਟ ਫੰਡ ਮਾਮਲੇ ਵਿੱਚ ਸੀਬੀਆਈ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਛਿੜੇ ਸਿਆਸੀ ਰੇੜਕੇ ਦਾ ਭੋਗ ਪਾਉਂਦਿਆਂ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਪੁਲਿਸ ਮੁਖੀ ਰਾਜੀਵ ਕੁਮਾਰ ਨੂੰ ਸੀਬੀਆਈ ਅੱਗੇ ਪੇਸ਼ ਹੋਣ ਤੇ ਜਾਂਚ ਵਿੱਚ ‘ਇਮਾਨਦਾਰੀ’ ਨਾਲ ਸਹਿਯੋਗ ਦੇਣ ਦੀ ਹਦਾਇਤ ਕੀਤੀ ਹੈ। ਇਹੀ ਨਹੀਂ ਸੁਪਰੀਮ ਕੋਰਟ ਨੇ ਹੁਕਮਾਂ ਵਿੱਚ ਸਾਫ਼ ਕਰ ਦਿੱਤਾ ਕਿ ਕੁਮਾਰ, ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਜਾਂਚ ਏਜੰਸੀ ਅੱਗੇ ਪੇਸ਼ ਹੋਵੇਗਾ ਤੇ ਪੁੱਛਗਿੱਛ ਦੌਰਾਨ ਸੀਬੀਆਈ ਨਾ ਤਾਂ ਪੁਲਿਸ ਮੁਖੀ ਨੂੰ ਗ੍ਰਿਫ਼ਤਾਰ ਕਰੇਗੀ ਤੇ ਨਾ ਹੀ ਉਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾਵੇਗਾ। ਇਸ ਮਾਮਲੇ ਵਿਚ ਨਾ ਤਾਂ ਮਮਤਾ ਬੈਨਰਜੀ ਜਿੱਤੀ ਹੈ ਅਤੇ ਨਾ ਹੀ ਸੀਬੀਆਈ ਹਾਰੀ ਹੈ। ਸੁਪਰੀਮ ਕੋਰਟ ਨੇ ਚਿੱਟ ਫੰਡ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਅਦਾਲਤੀ ਹੱਤਕ ਦੀ ਅਪੀਲ ‘ਤੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ, ਡੀਜੀਪੀ ਤੇ ਕੋਲਕਾਤਾ ਦੇ ਪੁਲਿਸ ਮੁਖੀ ਤੋਂ 18 ਫਰਵਰੀ ਤਕ ਜਵਾਬ ਮੰਗਿਆ ਹੈ। ਕੇਸ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਸਿਖਰਲੀ ਦੇ ਇਸ ਫੈਸਲੇ ਨੂੰ ਆਪੋ ਆਪਣੀ ਮੌਲਿਕ ਜਿੱਤ ਕਰਾਰ ਦਿੱਤਾ। ਇਸ ਦੌਰਾਨ ਬੀਬੀ ਬੈਨਰਜੀ ਨੇ ਐਤਵਾਰ ਰਾਤ ਤੋਂ ਸ਼ੁਰੂ ਕੀਤਾ ਆਪਣਾ ਧਰਨਾ ਤੀਜੇ ਦਿਨ ਖ਼ਤਮ ਕਰ ਦਿੱਤਾ। ਵਿਰੋਧੀ ਪਾਰਟੀ ਦੇ ਆਗੂਆਂ ਵਿਚੋਂ ਟੀਡੀਪੀ ਦੇ ਚੰਦਰਬਾਬੂ ਨਾਇਡੂ, ਆਰਜੇਡੀ ਦੇ ਤੇਜਸਵੀ ਯਾਦਵ ਤੇ ਡੀਐਮਕੇ ਆਗੂ ਕੰਨੀਮੋੜੀ ਨੇ ਕੋਲਕਾਤਾ ਵਿੱਚ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ।
ਇਸ ਤੋਂ ਪਹਿਲਾਂ ਮੁਲਕ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਆਈ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਹਦਾਇਤ ਕੀਤੀ ਕਿ ਸਾਰੇ ਗੈਰਲੋੜੀਂਦੇ ਵਿਵਾਦਾਂ ਨੂੰ ਦਰਕਿਨਾਰ ਕਰਨ ਲਈ ਜ਼ਰੂਰੀ ਹੈ ਕਿ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਸੀਬੀਆਈ ਅੱਗੇ ਪੇਸ਼ ਹੋਣ ਤੇ ‘ਇਮਾਨਦਾਰੀ’ ਨਾਲ ਜਾਂਚ ਵਿੱਚ ਸਹਿਯੋਗ ਦੇਣ। ਸਿਖਰਲੀ ਅਦਾਲਤ ਨੇ ਕੁਮਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਕਿਸੇ ਨਿਰਪੱਖ ਥਾਂ ‘ਤੇ ਸੀਬੀਆਈ ਅੱਗੇ ਪੇਸ਼ ਹੋਵੇ। ਗੋਗੋਈ ਨੇ ਸਾਫ਼ ਕਰ ਦਿੱਤਾ ਕਿ ਪੇਸ਼ੀ ਮੌਕੇ ਕੁਮਾਰ ‘ਤੇ ਨਾ ਤਾਂ ਕੋਈ ਦਬਾਅ ਬਣਾਇਆ ਜਾਵੇ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੁੰਦਿਆਂ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੁਮਾਰ ਵੱਲੋਂ ਚਿੱਟ ਫੰਡ ਮਾਮਲੇ ਵਿੱਚ ਸਹਿਯੋਗ ਨਾ ਦੇਣ ਦੀ ਗੱਲ ਆਖੀ। ਉਧਰ ਪੱਛਮੀ ਬੰਗਾਲ ਸਰਕਾਰ ਵੱਲੋਂ ਪੇਸ਼ ਸਿੰਘਵੀ ਨੇ ਕਿਹਾ ਕਿ ਸੀਬੀਆਈ ਨੇ ਐਤਵਾਰ ਨੂੰ ਜੋ ਕੁਝ ਕੋਲਕਾਤਾ ਵਿੱਚ ਕੀਤਾ, ਉਹ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਯਤਨ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੌਲਿਕ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਦਾ ਹੌਸਲਾ ਵਧੇਗਾ।
ਬੈਨਰਜੀ ਨੇ ਕਿਹਾ ਕਿ ਉਹ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਲਈ ਨਹੀਂ ਬਲਕਿ ਮੁਲਕ ਦੇ ਲੱਖਾਂ ਲੋਕਾਂ ਲਈ ਲੜ ਰਹੀ ਸੀ। ਇਥੇ ਧਰਨੇ ਵਾਲੀ ਥਾਂ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਬੈਨਰਜੀ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਆਮ ਆਦਮੀ, ਜਮਹੂਰੀਅਤ ਤੇ ਸੰਵਿਧਾਨ ਦੀ ਜਿੱਤ ਦੱਸਿਆ। ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਫ਼ ਹੈ ਪੁਲੀਸ ਕਮਿਸ਼ਨਰ ਸਮੇਤ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।
46 ਘੰਟਿਆਂ ਬਾਅਦ ਮਮਤਾ ਨੇ ਧਰਨਾ ਕੀਤਾ ਸਮਾਪਤ
ਕੋਲਾਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਸ਼ਾਮ 8 ਵਜੇ ਸ਼ੁਰੂ ਕੀਤਾ ਧਰਨਾ ਮੰਗਲਵਾਰ ਸ਼ਾਮ 6 ਵਜੇ ਸਮਾਪਤ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੀ ਸਨ। ਮਮਤਾ ਬੈਨਰਜੀ ਨੇ 46 ਘੰਟਿਆਂ ਬਾਅਦ ਇਹ ਧਰਨਾ ਸਮਾਪਤ ਕੀਤਾ ਅਤੇ ਕਿਹਾ ਕਿ ਅਸੀਂ ਸੰਵਿਧਾਨ ਦੀ ਰੱਖਿਆ ਕੀਤੀ ਹੈ। ਮਮਤਾ ਬੈਨਰਜੀ ਹੁਣ 14-15 ਫਰਵਰੀ ਨੂੰ ਦਿੱਲੀ ਵਿਚ ਧਰਨਾ ਦੇਵੇਗੀ। ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਧਰਨੇ ‘ਤੇ ਬੈਠਣ ਵਾਲੇ ਪੁਲਿਸ ਅਫਸਰਾਂ ‘ਤੇ ਕਾਰਵਾਈ ਕਰੇ, ਜਿਸ ਨੂੰ ਮਮਤਾ ਨੇ ਨਕਾਰ ਦਿੱਤਾ।

RELATED ARTICLES
POPULAR POSTS