ਪਾਰਟੀ ਦੇ ਅਹੁਦੇਦਾਰ ਕਮਰ ਕੱਸ ਲੈਣ: ਪਰਗਟ ਸਿੰਘ
ਚੰਡੀਗੜ੍ਹ/ਪਰਵਾਸੀ ਨਿਊਜ਼ : ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਕਾਂਗਰਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਚੰਡੀਗੜ੍ਹ ਵਿਖੇ ਪਾਰਟੀ ਦੇ ਵੱਖ-ਵੱਖ ਫਰੰਟਲ ਸੰਗਠਨਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਚੋਣਾਂ ਦੀਆਂ ਤਿਆਰੀਆਂ ‘ਚ ਜੁਟਣ ਅਤੇ ਆਗਾਮੀ ਚੋਣਾਂ ਵਿੱਚ ਪੂਰੀ ਤਾਕਤ ਲਗਾਉਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਨ ਸੰਪਰਕ ਮੁਹਿੰਮ ਚਲਾਈ ਜਾਵੇ। ਇਸ ਦੌਰਾਨ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ।
ਜੇਕਰ ਸਾਰੇ ਆਗੂ ਅਤੇ ਵਰਕਰ ਪੂਰੀ ਮਿਹਨਤ, ਸਮਰਪਣ ਅਤੇ ਏਕਤਾ ਨਾਲ ਮੈਦਾਨ ਵਿੱਚ ਉਤਰਦੇ ਹਨ, ਤਾਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਜਨ-ਸਮਰਥਨ ਮਿਲੇਗਾ ਅਤੇ ਸਾਲ 2027 ਵਿੱਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਵੀ ਪੂਰੇ ਨਹੀਂ ਕੀਤੇ।
ਇਸ ਸਬੰਧੀ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ। ਇਸ ਮੌਕੇ ਕਾਂਗਰਸ ਦੇ ਵੱਖ-ਵੱਖ ਸੈਲਾਂ ਅਤੇ ਸੰਗਠਨਾਂ ਦੇ ਸੀਨੀਅਰ ਆਗੂ ਮੌਜੂਦ ਸਨ।

