
ਜੰਗ ਤੋਂ ਬਾਅਦ ਦੁੱਗਣਾ ਹੋਇਆ ਤੇਲ ਦਾ ਭਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਤੇਲ ਦੇ ਵੱਡੇ ਉਤਪਾਦਕ ਦੇਸ਼ਾਂ ਵਿਚ ਸ਼ਾਮਲ ਯੂ.ਏ.ਈ. ਵਿਚ ਤੇਲ ਦੀਆਂ ਕੀਮਤਾਂ ਭਾਰਤ ਨਾਲੋਂ ਵੀ ਜ਼ਿਆਦਾ ਹੋ ਗਈਆਂ ਹਨ। ਲੰਘੇ ਕੱਲ੍ਹ 22 ਅਕਤੂਬਰ ਦੇ ਭਾਅ ਮੁਤਾਬਕ, ਦੁਬਈ ਵਿਚ ਇਕ ਲੀਟਰ ਡੀਜ਼ਲ 123 ਰੁਪਏ ਦਾ ਹੈ, ਜਦੋਂ ਕਿ ਦਿੱਲੀ ਵਿਚ ਇਹੀ ਡੀਜ਼ਲ 95 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਯਾਨੀ ਦਿੱਲੀ ਦੇ ਮੁਕਾਬਲੇ ਉਥੇ ਇਕ ਲੀਟਰ ਡੀਜ਼ਲ ਦੇ ਲਈ 28 ਰੁਪਏ ਜ਼ਿਆਦਾ ਦੇਣੇ ਪੈ ਰਹੇ ਹਨ। ਦਰਅਸਲ ਯੂ.ਏ.ਈ. ਨੇ ਇਸੇ ਅਕਤੂਬਰ ਮਹੀਨੇ ਡੀਜ਼ਲ ਦੀਆਂ ਕੀਮਤਾਂ 12 ਫੀਸਦੀ ਵਧਾਈਆਂ ਹਨ। ਪਿਛਲੇ 8 ਮਹੀਨਿਆਂ ਵਿਚ ਇਸ ਵਿਚ 90 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਸਦੇ ਚੱਲਦਿਆਂ ਦੁਬਈ ਵਿਚ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ। ਯੂਏਈ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਸਬੰਧ ਵਿਸ਼ਵ ਬਾਜ਼ਾਰ ਨਾਲ ਹੈ, ਉਥੇ ਹਰ ਮਹੀਨੇ ਅੰਤਰਰਾਸ਼ਟਰੀ ਦਰਾਂ ਦੇ ਅਧਾਰ ’ਤੇ ਨਵੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਅਮਰੀਕਾ-ਇਰਾਨ ਦੀ ਜੰਗ ਅਤੇ ਹੋਰਮੁਜ਼ ਸਟਰੇਟ ਤੋਂ ਤੇਲ ਦੀ ਸਪਲਾਈ ਨੂੰ ਲੈ ਕੇ ਬੇਯਕੀਨੀ ਕਰਕੇ ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸਦਾ ਅਸਰ ਯੂ.ਏ.ਈ. ’ਚ ਤੇਲ ਦੀਆਂ ਕੀਮਤਾਂ ’ਤੇ ਵੀ ਪਿਆ ਹੈ।

