ਵਿਧਾਇਕ ਨਾਲ ਮੀਟਿੰਗਾਂ ਕਰਕੇ ਬਣਾਉਣਗੇ ਰਣਨੀਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ‘ਪੰਜਾਬ’ ਆਪ ਨੂੰ ਬਚਾਉਣ ਲਈ ਕਿਲਾ ਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਮੁੜ ਆਮ ਆਦਮੀ ਪਾਰਟੀ ਦੇ ਕਿਲੇ ਵਿਚ ਕੋਈ ਸੇਂਧ ਨਾ ਲਗਾ ਸਕੇ। ਇਨ੍ਹਾਂ ਪ੍ਰਸਿਥਤੀਆਂ ਨਾਲ ਨਿਪਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਨਾਲ ਮਿਲ ਕੇ ਰਣਨੀਤੀ ਬਣਾਉਣਗੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 31 ਮਾਰਚ ਨੂੰ ਦਿੱਲੀ ’ਚ ਹੋਣ ਵਾਲੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਵਿਧਾਇਕਾਂ ਨਾਲ ਅਲੱਗ-ਅਲੱਗ ਮੀਟਿੰਗ ਕਰਨਗੇ। ਮੀਟਿੰਗਾਂ ਦਾ ਇਹ ਸਿਲਸਿਲਾ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਹਲਕਾ ਵਾਈਜ਼ ਵਿਧਾਇਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ। ਮੁੱਖ ਮੰਤਰੀ ਮਾਨ ਇਨ੍ਹਾਂ ਮੀਟਿੰਗਾਂ ਰਾਹੀਂ ਲੋਕ ਸਭਾ ਚੋਣ ਮੈਦਾਨ ਨੂੰ ਫਤਿਹ ਕਰਨ ਦੀ ਗੱਲ ਵੀ ਵਿਧਾਇਕਾਂ ਨਾਲ ਕਰਨਗੇ। ਧਿਆਨ ਰਹੇ ਕਿ 31 ਮਾਰਚ ਨੂੰ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਖਿਲਾਫ਼ ਕੀਤੀ ਜਾਣ ਵਾਲੀ ਰੈਲੀ ਦੀ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ’ਚ ਰਹੇਗੀ।