ਇਸ ਮੌਕੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਕੀਤਾ ਗਿਆ ਨਿਪਟਾਰਾ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ‘ਚ ਸਨੌਰ ਰੋਡ ‘ਤੇ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵਿੱਚ ਬੂਮ ਬੈਰੀਅਰ, ਸੀਸੀਟੀਵੀ ਕੈਮਰੇ ਤੇ ਵੇ-ਬ੍ਰਿਜ ਦਾ ਉਦਘਾਟਨ ਕਰਨ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਅਤੇ ਹਲਕਾ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਧੁਨਿਕ ਫਲ ਅਤੇ ਸਬਜ਼ੀ ਮੰਡੀ ਪੰਜਾਬ ਦੀ ਪਹਿਲੀ ਅਜਿਹੀ ਮੰਡੀ ਹੈ, ਜਿੱਥੇ ਫ਼ਲਾਂ ਅਤੇ ਸਬਜ਼ੀਆਂ ਦੀ ਆਨਲਾਈਨ ਐਂਟਰੀ ਮੰਡੀ ਦੇ ਮੁੱਖ ਗੇਟ ‘ਤੇ ਵੇ-ਬ੍ਰਿਜ ਰਾਹੀਂ ਅਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਇਸ ਲਈ ਬੋਰਡ ਵੱਲੋਂ ਆਪਣਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਤਾਂ ਜੋ ਮੰਡੀ ਵਿੱਚ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਰਿਕਾਰਡ ਰੱਖਿਆ ਜਾ ਸਕੇ। ਇਸਦੇ ਨਾਲ ਹੀ ਬੋਰਡ ਕੋਲ ਹੋਰ ਰਾਜਾਂ ਤੋਂ ਆਉਣ ਵਾਲੇ ਸਾਮਾਨ ਅਤੇ ਟਰੇਡਰਾਂ ਦਾ ਡਾਟਾ ਵੀ ਮੌਜੂਦ ਰਹੇਗਾ। ਮੰਡੀ ਵਿਖੇ ਏਟੀਐੱਮ ਲਗਾਉਣ ਦੇ ਲਈ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਮੰਡੀ ਤੋਂ ਬਾਹਰ ਆਉਣ ਵਾਲੇ ਰਸਤੇ ‘ਤੇ ਵੀ ਚੈੱਕ ਪੋਸਟ ਬਣਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਮੰਡੀ ‘ਚੋਂ ਬਾਹਰ ਜਾਣ ਵਾਲੀਆਂ ਸਬਜ਼ੀਆਂ ਅਤੇ ਫ਼ਲਾਂ ਦਾ ਵੇਰਵਾ ਵੀ ਦਰਜ ਕੀਤਾ ਜਾਵੇਗਾ। ਲੋਕਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟੇਲ ਫ਼ਲ ਅਤੇ ਸਬਜੀ ਮੰਡੀ ਦਾ ਵੱਖਰਾ ਗੇਟ ਲਗਾ ਦਿੱਤਾ ਗਿਆ ਹੈ ਅਤੇ ਨਾਲ ਹੀ 4.79 ਲੱਖ ਰੁਪਏ ਨਾਲ ਮੰਡੀ ਅੰਦਰ ਲਾਈਟਾਂ ਦੀ ਮੁਰੰਮਤ ਹੋ ਚੁੱਕੀ ਹੈ।
ਇਸ ਮੌਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆੜ੍ਹਤੀਆਂ ਦੀ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਵੀ ਕੀਤਾ। ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੰਡੀਆਂ ਵਿੱਚ ਇਹ ਸਾਰੇ ਵਿਕਾਸ ਕਾਰਜ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਪੂਰੇ ਹੋ ਰਹੇ ਹਨ ਅਤੇ ਭਵਿੱਖ ਵਿੱਚ ਵੀ ਹੋਰ ਵਿਕਾਸ ਕਾਰਜਾਂ ਨੂੰ ਅਮਲੀ-ਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਇੰਜਨੀਅਰ-ਇਨ-ਚੀਫ਼, ਪੰਜਾਬ ਮੰਡੀ ਬੋਰਡ, ਜ਼ਿਲ੍ਹਾ ਮੰਡੀ ਅਫਸਰ ਅਜੈਪਾਲ ਸਿੰਘ ਬਰਾੜ, ਐਕਸੀਅਨ ਧਰਮਿੰਦਰ ਸਿੰਘ ਸਿੱਧੂ, ਐਕਸੀਅਨ ਅੰਮ੍ਰਿਤਪਾਲ ਸਿੰਘ ਸਮੇਤ ਪਰਮਪਾਲ ਸਿੰਘ ਸੈਕਟਰੀ, ਵਿਜੈਪਾਲ ਸਿੰਘ, ਅਮਨ ਢੋਟ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਬਜ਼ੀ ਮੰਡੀ ਸਨੌਰ, ਗੁਰਪ੍ਰੀਤ ਸਿੰਘ ਗੁਰੀ ਪੀਏ, ਹੈਪੀ ਅੰਮ੍ਰਿਤਸਰੀਆ, ਬਲਜੀਤ ਸਿੰਘ, ਯੁਵਰਾਜ ਸਿੰਘ, ਸ਼ਾਮ ਸਿੰਘ ਪ੍ਰਧਾਨ, ਗੁਰਪ੍ਰੀਤ ਬਾਵਾ, ਅਮ੍ਰਿਤ ਚੌਰਾ, ਗੁਰਜੀਤ ਸਿੰਘ ਨਿਜ਼ਾਮਪੁਰ, ਵਿਸ਼ਾਲ, ਜੌਲੀ, ਕਸ਼ਮੀਰ ਸਿੰਘ ਤੇ ਸ਼ੰਟੀ ਹਾਜ਼ਰ ਸਨ।