Breaking News
Home / ਪੰਜਾਬ / ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਬਿਗਲ ਵਜਾਇਆ

ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਬਿਗਲ ਵਜਾਇਆ

ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਗੜ੍ਹੀ ਨੇ ਸੂਬਾ ਸਰਕਾਰ ‘ਤੇ ਚੁੱਕੇ ਸਵਾਲ
ਤਲਵੰਡੀ ਸਾਬੋ/ਬਿਊਰੋ ਨਿਊਜ਼ : ਮਾਘੀ ਮੇਲੇ ਮੌਕੇ ਬਹੁਜਨ ਸਮਾਜ ਪਾਰਟੀ (ਬਸਪਾ) ਸਿਆਸੀ ਕਾਨਫਰੰਸ ਕੀਤੀ ਜਿਸ ਵਿੱਚ ਆਗੂਆਂ ਨੇ ਲੋਕ ਸਭਾ ਚੋਣਾਂ ਦਾ ਰਸਮੀ ਬਿਗਲ ਵਜਾਉਂਦਿਆਂ ਬਹੁਜਨ ਸਮਾਜ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੌਜੂਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦਲਿਤ ਸਮਾਜ ਨੂੰ ਕਈ ਗਾਰੰਟੀਆਂ ਦੇ ਕੇ ਉਨ੍ਹਾਂ ਦੀਆਂ ਵੋਟਾਂ ਨਾਲ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਉਪਰੰਤ ਦਲਿਤਾਂ ਅਤੇ ਪਛੜੇ ਵਰਗ ਦੀ ਸਾਰ ਤੱਕ ਨਹੀਂ ਲਈ।
ਉਨ੍ਹਾਂ ਕਿਹਾ ਕਿ ਇਕੱਲੀ ਮਾਈਨਿੰਗ ਅਤੇ ਐਕਸਾਈਜ਼ ਦੀ ਕਮਾਈ ਨਾਲ ਸੂਬੇ ਨੂੰ ਚਲਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਦੱਸਣ ਕਿ ਉਹ ਕਮਾਈ ਹੁਣ ਕਿੱਧਰ ਚਲੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਵਾਰ ਵਾਰ ਕਰਜ਼ਾ ਚੁੱਕ ਕੇ ਸੂਬਾ ਚਲਾਉਣਾ ਪੈ ਰਿਹਾ ਹੈ। ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਲੋਕਾਂ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਚਾਹੇ ਉਹ ਚਿੱਟਾ ਨਸ਼ਾ ਬੰਦ ਕਰਨ ਦਾ ਹੋਵੇ ਜਾਂ ਕੋਈ ਹੋਰ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ‘ਚ ਗੱਠਜੋੜ ਹੋਣ ਜਾ ਰਿਹਾ ਹੈ ਤਾਂ ਜ਼ਾਹਿਰ ਹੈ ਕਿ ਇਨ੍ਹਾਂ ਪਾਰਟੀਆਂ ਦਾ ਮੁੱਖ ਮੰਤਵ ਸਿਰਫ ਕੁਰਸੀ ਹਾਸਲ ਕਰਨਾ ਹੈ।
ਜਸਵੀਰ ਸਿੰਘ ਗੜ੍ਹੀ ਨੇ ਇਸ ਮੌਕੇ ਬਹੁਜਨ ਸਮਾਜ ਦੇ ਸਮੁੱਚੇ ਲੋਕਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਕਾਨਫਰੰਸ ਨੂੰ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ, ਮੀਨਾ ਰਾਣੀ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਅਕਾਲੀ-ਬਸਪਾ ਗੱਠਜੋੜ ਪੂਰੀ ਤਰ੍ਹਾਂ ਕਾਇਮ: ਜਸਵੀਰ ਸਿੰਘ ਗੜ੍ਹੀ
ਕਾਨਫਰੰਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੂਬੇ ‘ਚ ਅਕਾਲੀ-ਬਸਪਾ ਗੱਠਜੋੜ ਪੂਰੀ ਤਰ੍ਹਾਂ ਕਾਇਮ ਹੈ ਅਤੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਫੈਸਲਾ 20 ਜਨਵਰੀ ਤੋਂ ਬਾਅਦ ਦੋਵਾਂ ਦਲਾਂ ਦੀਆਂ ਹੋਣ ਵਾਲੀਆਂ ਸਾਂਝੀਆਂ ਮੀਟਿੰਗਾਂ ਵਿਚ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਬਸਪਾ ਗੱਠਜੋੜ ਲੋਕ ਸਭਾ ਚੋਣਾਂ ਵਿਚ ਕਾਂਗਰਸ ਅਤੇ ‘ਆਪ’ ਦੇ ਸੰਭਾਵੀ ਗੱਠਜੋੜ ‘ਤੇ ਪੂਰੀ ਤਰ੍ਹਾਂ ਭਾਰੂ ਪਵੇਗਾ।

 

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …