ਮੋਗਾ ‘ਚ ਕਈ ਕਾਂਗਰਸੀਆਂ ਦੇ ਚਿਹਰੇ ਵੀ ਮੁਰਝਾਏ
ਮੋਗਾ: ਅਦਾਕਾਰ ਸੋਨੂੰ ਸੂਦ ਵੱਲੋਂ ਆਪਣੀ ਭੈਣ ਨੂੰ ਸਿਆਸੀ ਪਿੜ ‘ਚ ਉਤਾਰਨ, ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਅਤੇ ਕਾਂਗਰਸੀ ਆਗੂਆਂ ਨਾਲ ਪਿੰਡਾਂ ‘ਚ ਦੌਰੇ ਕਾਰਨ ਹਾਕਮ ਧਿਰ ਦੀ ਟਿਕਟ ਉੱਤੇ ਚੋਣ ਲੜਨ ਦੀ ਚਰਚਾ ਸ਼ੁਰੂ ਹੋਣ ਨਾਲ ਹੀ ਕਾਂਗਰਸ ਦੇ ਕਈ ਆਗੂਆਂ ਦੇ ਚਿਹਰੇ ਮੁਰਝਾ ਗਏ ਹਨ।
ਅਦਾਕਾਰ ਨੇ ਕਿਸੇ ਸਿਆਸੀ ਪਾਰਟੀ ‘ਚ ਸ਼ਮੂਲੀਅਤ ਦੇ ਫ਼ੈਸਲੇ ਤੋਂ ਪਹਿਲਾਂ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਰਾਹੀਂ ਸਿਆਸੀ ਪਾਰੀ ਖੇਡਣ ਦਾ ਐਲਾਨ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਸੀ। ਇਸ ਤੋਂ ਬਾਅਦ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸੇਵਾਮੁਕਤ ਕਰਨਲ ਬਾਬੂ ਸਿੰਘ ਅਤੇ ਕਾਂਗਰਸ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ ਨਾਲ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਰੀਬ ਸੱਤ ਪਿੰਡਾਂ ਤਾਰੇਵਾਲਾ, ਨਾਹਲ, ਖੋਟੇ, ਮੰਡੀਰਾਂਵਾਲਾ, ਮੱਲੀਆਂ ਵਾਲਾ ਅਤੇ ਚੜਿੱਕ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਦੌਰਾ ਸਿਆਸੀ ਨਹੀਂ, ਬਲਕਿ ਮਿਸ਼ਨ ਸਮਾਜ ਸੇਵਾ ਤਹਿਤ ਹੈ। ਉਨ੍ਹਾਂ ਲੋੜਵੰਦਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਅਤੇ ਆਰਥਿਕ ਤੰਗੀ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਉਚੇਰੀ ਵਿੱਦਿਆ ਲਈ ਮਦਦ ਦਾ ਭਰੋਸਾ ਦਿੱਤਾ। ਉਂਝ ਇਸ ਹਲਕੇ ਦੇ ਕਾਂਗਰਸ ਆਗੂਆਂ ਨਾਲ ਪਿੰਡਾਂ ਦੇ ਲੋਕਾਂ ਨਾਲ ਸਿਹਤ ਸਹੂਲਤਾਂ ਬਹਾਨੇ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ।
ਸੋਨੂੰ ਸੂਦ ਦੇ ਕਾਂਗਰਸ ‘ਚ ਆਉਣ ਨਾਲ ਪਾਰਟੀ ਹੋਵੇਗੀ ਮਜ਼ਬੂਤ : ਡਾ. ਸਿੱਧੂ
ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਅਦਾਕਾਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਹ ਪਾਰਟੀ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਅੰਮ੍ਰਿਤਸਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੋਨੂੰ ਸੂਦ ਨੌਜਵਾਨਾਂ ਲਈ ਇਕ ਪ੍ਰੇਰਨਾਸਰੋਤ ਬਣ ਕੇ ਉਭਰੇ ਹਨ। ਕਰੋਨਾ ਕਾਲ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਹੈ, ਦੇਸ਼ ਵਾਸੀ ਉਸ ਦੀ ਸਰਾਹਨਾ ਕਰ ਰਹੇ ਹਨ। ਡਾ. ਸਿੱਧੂ ਨੇ ਕਿਹਾ ਕਿ ਜੇਕਰ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ। ਸੋਨੂੰ ਸੂਦ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਹਨ।
ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ ਚਟੋਪਾਧਿਆਏ ਅਤੇ ਮੁਸਤਫਾ ਵਲੋਂ ਦਾਇਰ ਅਪੀਲਾਂ ਖਾਰਜ
ਦਿਨਕਰ ਗੁਪਤਾ ਦੀ ਨਿਯੁਕਤੀ ਸਬੰਧੀ ਹਾਈਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ‘ਚ ਪਹੁੰਚੀਆਂ ਸਨ ਅਪੀਲਾਂ
ਨਵੀਂ ਦਿੱਲੀ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵਜੋਂ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਬਰਕਰਾਰ ਰੱਖਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਖਿਲਾਫ ਦਾਇਰ ਅਪੀਲਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਜਸਟਿਸ ਐੱਲ. ਨਾਗੇਸ਼ਵਰ ਰਾਓ, ਬੀ.ਆਰ. ਗਵਈ ਅਤੇ ਬੀ.ਵੀ. ਨਾਗਰਤਨ ਦੇ ਬੈਂਚ ਨੇ ਆਈਪੀਐੱਸ ਅਧਿਕਾਰੀਆਂ ਸਿਧਾਰਥ ਚਟੋਪਾਧਿਆਏ ਅਤੇ ਮੁਹੰਮਦ ਮੁਸਤਫਾ ਦੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ। ਇਨ੍ਹਾਂ ਅਪੀਲਾਂ ਵਿੱਚ ਗੁਪਤਾ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਬੈਂਚ ਨੇ ਕਿਹਾ ਕਿ ਪਟੀਸ਼ਨਾਂ ਨੂੰ ਖਾਰਜ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ 15 ਸਤੰਬਰ ਨੂੰ ਸਾਰੀਆਂ ਧਿਰਾਂ ਨੂੰ ਸੁਣਿਆ ਸੀ ਅਤੇ ਕਿਹਾ ਸੀ ਕਿ ਇਨ੍ਹਾਂ ‘ਤੇ ਫੈਸਲਾ ਬਾਅਦ ‘ਚ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 1987 ਬੈਚ ਦੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਗੁਪਤਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਸੀਨੀਅਰ ਆਈਪੀਐੱਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 21 ਜਨਵਰੀ, 2020 ਨੂੰ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਨੇ ਗੁਪਤਾ ਦੀ ਡੀਜੀਪੀ ਵਜੋਂ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਗੁਪਤਾ ਨੂੰ 2019 ਵਿੱਚ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਮੁਸਤਫਾ ਅਤੇ ਚਟੋਪਾਧਿਆਏ ਸਮੇਤ ਪੰਜ ਸੀਨੀਅਰ ਅਧਿਕਾਰੀਆਂ ਨੂੰ ਛੱਡ ਕੇ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਦੇ ਆਪਣੇ ਕਾਰਜਕਾਲ ਵਿੱਚ ਗੁਪਤਾ ਨੂੰ ਡੀਜੀਪੀ (ਇੰਟੈਲੀਜੈਂਸ) ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਸੀ।
ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਨੂੰ 13 ਨੁਕਾਤੀ ਏਜੰਡੇ ‘ਤੇ ਘੇਰਿਆ
ਬੇਅਦਬੀ ਮਾਮਲੇ ਬਾਰੇ ਚੰਨੀ ਅਤੇ ਸਿੱਧੂ ਸਟੈਂਡ ਸਪੱਸ਼ਟ ਕਰਨ : ਚੀਮਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਚ ਕਿਹਾ ਕਿ ਹਾਕਮ ਧਿਰ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੇ 13 ਨੁਕਾਤੀ ਏਜੰਡੇ ਸਬੰਧੀ ਕੀਤੇ ਗਏ ਦਾਅਵੇ ਨੂੰ ਮਹਿਜ਼ ਛਲਾਵਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਸਟੈਂਡ ਸਪੱਸ਼ਟ ਕਰਨ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਤੱਕ ਮਿਲੇਗੀ? ਉਨ੍ਹਾਂ ਕਿਹਾ ਕਿ ਅਜੇ ਤੱਕ ਇਨ੍ਹਾਂ ਮਾਮਲਿਆਂ ਦੀ ਜਾਂਚ ਹੀ ਮੁਕੰਮਲ ਨਹੀਂ ਹੋਈ ਅਤੇ ਨਾ ਹੀ ਚਾਲਾਨ ਪੇਸ਼ ਕਰਨ ਦੀ ਅੰਤਿਮ ਪ੍ਰਕਿਰਿਆ ਪੂਰੀ ਹੋਈ ਹੈ, ਫਿਰ ਚੰਨੀ ਅਤੇ ਕਾਂਗਰਸ ਪ੍ਰਧਾਨ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ‘ਚ ਇਨਸਾਫ਼ ਸਬੰਧੀ ਹਵਾ ਵਿੱਚ ਤੀਰ ਮਾਰ ਰਹੇ ਹਨ।
ਇਸੇ ਦੌਰਾਨ ਹਰਪਾਲ ਸਿੰਘ ਚੀਮਾ ਨੇ ਬਨੂੜ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਨਾਂ ਛੇਤੀ ਐਲਾਨ ਦਿੱਤਾ ਜਾਵੇਗਾ ਅਤੇ ਪੰਜਾਬ ਵਿੱਚ ਸਪੱਸ਼ਟ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣੇਗੀ।
ਮਜੀਠੀਆ ਨੇ ਵਿਧਾਨ ਸਭਾ ਵਿਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਦੱਸਿਆ ਧੋਖਾ
ਕਿਹਾ, ਬਿਜਲੀ ਖਰੀਦ ਸਮਝੌਤੇ ਰੱਦ ਕਰਨ ਸਬੰਧੀ ਗੁੰਮਰਾਹ ਨਾ ਕਰਨ ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਸਬੰਧੀ ਗੁਮਰਾਹਕੁਨ ਬਿਆਨਬਾਜ਼ੀ ਕਰਨ ਤੇ ਝੂਠ ਬੋਲਣ ਦੇ ਆਰੋਪ ਲਾਏ ਹਨ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਰੋਪ ਲਾਇਆ ਕਿ ਕਾਂਗਰਸ ਸਰਕਾਰ ਤੇ ਹਾਈਕਮਾਂਡ ਸਿਰਫ ਬਿਜਲੀ ਪਲਾਂਟ ਮਾਲਕਾਂ ਨੂੰ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਬਟੋਰਨੀਆਂ ਚਾਹੁੰਦੀ ਹੈ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਧੋਖਾ ਹੈ ਕਿਉਂਕਿ ਵਿਧਾਨ ਸਭਾ ਨੇ ਨਹੀਂ ਰਾਜ ਸਰਕਾਰ ਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਫੈਸਲਾ ਲੈਣਾ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਅਕਾਲੀ ਸਰਕਾਰ ਨੇ ਸੂਬੇ ਵਾਸਤੇ ਸੋਲਰ ਬਿਜਲੀ 17 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੇਂਦਰ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ, ਜੋ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਲਾਗੂ ਕੀਤੇ ਗਏ, ਦੇ ਮਾਮਲੇ ਵਿਚ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਅਕਾਲੀ ਦਲ-ਬਸਪਾ ਗਠਜੋੜ ‘ਤੇ ਚੰਨੀ ਦਾ ਤਿੱਖਾ ਸਿਆਸੀ ਹਮਲਾ
ਕਿਹਾ : ਬਹੁਜਨ ਸਮਾਜ ਦੇ ਮੁੱਖ ਮੰਤਰੀ ਪਿੱਛੋਂ ਬਸਪਾ ਦੀ ਕੀ ਲੋੜ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸੀਟਾਂ ਦੀ ਵੰਡ ਸਬੰਧੀ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਨੂੰ ਕਮਜ਼ੋਰ ਸੀਟਾਂ ਦਿੱਤੀਆਂ ਗਈਆਂ ਹਨ ਤੇ ਮਜ਼ਬੂਤ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਲਈ ਰੱਖ ਲਈਆਂ ਹਨ। ਉਹ ਆਦਮਪੁਰ ਵਿਧਾਨ ਸਭਾ ਹਲਕੇ ‘ਚ 157.96 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਚੰਨੀ ਨੇ ਕਿਹਾ ਕਿ ਕਾਂਗਰਸ ਨੇ ਬਹੁਜਨ ਸਮਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂ ਫਿਰ ਬਹੁਜਨ ਸਮਾਜ ਪਾਰਟੀ ਦੀ ਹੁਣ ਕੋਈ ਲੋੜ ਨਹੀਂ ਰਹਿ ਜਾਂਦੀ। ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1996 ਵਿੱਚ ਵੀ ਬਸਪਾ ਨਾਲ ਗੱਠਜੋੜ ਕੀਤਾ ਸੀ। ਬਸਪਾ ਦੀ ਮਦਦ ਨਾਲ ਸੀਟਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਧੋਖਾ ਦੇ ਦਿੱਤਾ ਤੇ 1997 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕਰ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਆਬਾ ਪੰਜਾਬ ਦਾ ਦਿਲ ਹੈ ਤੇ ਉਹ ਇਸ ਖਿੱਤੇ ਨੂੰ ਬਹੁਤ ਅੱਗੇ ਲਿਜਾਣਾ ਚਾਹੁੰਦੇ ਹਨ।
ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਅਤੇ ਇਸ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ ਤੇ ਛੇਤੀ ਹੀ ਇਸ ਸਬੰਧੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।
ਮੁੱਖ ਮੰਤਰੀ ਚੰਨੀ ਨੇ ਮਹਿੰਦਰ ਸਿੰਘ ਕੇਪੀ ਨੂੰ ਇਸ ਹਲਕੇ ਤੋਂ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਪੀ ਨੂੰ ਇਸ ਹਲਕੇ ਤੋਂ ਜਿਤਾ ਕੇ ਭੇਜਣ। ਉਨ੍ਹਾਂ ਹਲਕੇ ਦੇ ਵਿਕਾਸ ਲਈ ਐਲਾਨ ਕੀਤੀ ਗਈ 19 ਕਰੋੜ ਦੀ ਗਰਾਂਟ ਵਿੱਚੋਂ 10 ਕਰੋੜ ਰੁਪਏ ਮਹਿੰਦਰ ਸਿੰਘ ਕੇਪੀ ਦੀ ਤਜਵੀਜ਼ ਅਨੁਸਾਰ ਖਰਚੇ ਜਾਣ ਦਾ ਵੀ ਐਲਾਨ ਕੀਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ 2009 ਵਿਚ ਵਾਪਰੇ ਵਿਆਨਾ ਕਾਂਡ ‘ਚ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਦਲਿਤ ਵਰਗ ਦੇ ਨੌਜਵਾਨਾਂ ਦੇ ਕੇਸ ਵਾਪਸ ਲੈਣ ਲਈ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਕਾਂਗਰਸ ‘ਚ ਵਾਪਸੀ ਨੂੰ ਨਕਾਰਿਆ
ਵੇਰਕਾ ਨੇ ਕੀਤਾ ਸੀ ਦਾਅਵਾ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ‘ਚ ਵਾਪਸੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਉਹ ਸੋਨੀਆ ਜਾਂ ਰਾਹੁਲ ਗਾਂਧੀ ਨੂੰ ਨਹੀਂ ਮਿਲ ਰਹੇ। ਕੈਪਟਨ ਦਾ ਇਹ ਬਿਆਨ ਉਸ ਸਮੇਂ ਆਇਆ, ਜਦੋਂ ਪੰਜਾਬ ਸਰਕਾਰ ‘ਚ ਮੰਤਰੀ ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਕਾਂਗਰਸ ‘ਚ ਵਾਪਸ ਆ ਰਹੇ ਹਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਪਿੱਛੇ ਮੁੜਨ ਦਾ ਕੋਈ ਇਰਾਦਾ ਨਹੀਂ ਹੈ।
ਕੈਪਟਨ ਨੇ ਕਿਹਾ ਕਿ ਉਹ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਉਤੇ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਉਹ ਸਿਆਸੀ ਮੈਦਾਨ ਵਿਚ ਸਰਗਰਮ ਹੋ ਜਾਣਗੇ।
ਧਿਆਨ ਰਹੇ ਕਿ ਵੇਰਕਾ ਨੇ ਅੰਮ੍ਰਿਤਸਰ ‘ਚ ਕਿਹਾ ਸੀ ਕਿ ਕੈਪਟਨ ਅਮਰਿੰਦਰ ਕਿਤੇ ਨਹੀਂ ਜਾ ਰਹੇ ਅਤੇ ਉਨ੍ਹਾਂ ਨਾਲ ਗੱਲ ਚੱਲ ਰਹੀ ਹੈ ਤੇ ਉਹ ਜਲਦੀ ਮੰਨ ਜਾਣਗੇ। ਵੇਰਕਾ ਨੇ ਇਥੋਂ ਤੱਕ ਕਿਹਾ ਸੀ ਕਿ ਕੈਪਟਨ ਅਮਰਿੰਦਰ ਕਾਂਗਰਸ ‘ਚ ਵਾਪਸ ਪਰਤ ਕੇ ਪਾਰਟੀ ਦਾ ਮਾਰਗ ਦਰਸ਼ਨ ਕਰਨਗੇ।