
ਕਿਹਾ : ਨਸ਼ੇ ਤੋਂ ਬਾਅਦ ਹਿੰਸਕ ਹੋ ਜਾਂਦਾ ਸੀ ਮੇਰਾ ਪੁੱਤਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਆਪਣੇ ਹੀ ਪੁੱਤਰ ਅਕੀਲ ਅਖਤਰ ਦੀ ਹੋਈ ਮੌਤ ਦੇ ਮਾਮਲੇ ਵਿਚ ਘਿਰ ਚੁੱਕੇ ਹਨ। ਅਕੀਲ ਅਖਤਰ ਦੀ ਹੋਈ ਮੌਤ ਨੂੰ ਲੈ ਕੇ ਪੰਚਕੂਲਾ ਪੁਲਿਸ ਵਲੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਮਿ੍ਰਤਕ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਮੁਹੰਮਦ ਮੁਸਤਫਾ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਦੁੱਖ ਬਿਆਨ ਕੀਤਾ ਹੈ। ਮੁਸਤਫਾ ਨੇ ਕਿਹਾ ਕਿ ਦੁਨੀਆ ਵਿਚ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਸਿਰਫ ਉਹੀ ਵਿਅਕਤੀ, ਜਿਸ ਨੇ ਪੁੱਤਰ ਗੁਆਇਆ ਹੈ, ਇਸ ਦਰਦ ਨੂੰ ਸਮਝ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਅਕੀਲ ਲੰਘੇ 18 ਸਾਲਾਂ ਤੋਂ ਮਾਨਸਿਕ ਵਿਕਾਰ ਅਤੇ ਨਸ਼ੇ ਦੀ ਲਤ ਤੋਂ ਪੀੜਤ ਸੀ ਅਤੇ ਉਹ ਅਕਸਰ ਹੀ ਪੁਲਿਸ ਹਿਰਾਸਤ ਵਿਚ ਰਹਿੰਦਾ ਸੀ। ਮੁਸਤਫਾ ਨੇ ਦੱਸਿਆ ਕਿ ਜਦੋਂ ਵੀ ਅਕੀਲ ਹਿੰਸਕ ਹੁੰਦਾ ਸੀ ਤਾਂ ਮੈਨੂੰ ਪੁਲਿਸ ਬੁਲਾਉਣੀ ਪੈਂਦੀ ਸੀ। ਧਿਆਨ ਰਹੇ ਕਿ ਅਕੀਲ ਅਖਤਰ ਦੀ ਹੋਈ ਮੌਤ ਨੂੰ ਲੈ ਕੇ ਮੁਹੰਮਦ ਮੁਸਤਫਾ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠ ਰਹੇ ਹਨ।

