51 ਦੁਕਾਨਾਂ ਸੜ ਕੇ ਸੁਆਹ, ਲੱਖਾਂ ਰੁਪਏ ਦਾ ਨੁਕਸਾਨ ਅਤੇ ਨਕਦੀ ਵੀ ਸੜੀ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਖਿਡੌਣੇ ਤੇ ਪ੍ਰਸ਼ਾਦ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਦਰਜਨਾਂ ਦੁਕਾਨਦਾਰਾਂ ਵਾਸਤੇ ਸੱਤ ਜੂਨ ਦੀ ਸਵੇਰ ਉਦੋਂ ਕਹਿਰ ਬਣ ਕੇ ਆਈ ਜਦੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਹਮਣੇ ਬਣੀਆਂ ਦਰਜਨਾਂ ਦੁਕਾਨਾਂ, ਅੱਧੀ ਦਰਜਨ ਤੋਂ ਵੱਧ ਛੋਟੇ-ਵੱਡੇ ਵਾਹਨ, ਲੱਖਾਂ ਰੁਪਏ ਦੀ ਨਕਦੀ, ਲੈਪਟਾਪ ਸਣੇ ਕਰੋੜਾਂ ਰੁਪਏ ਦਾ ਸਾਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮੁੱਢਲੇ ਤੌਰ ‘ਤੇ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੋਣ ਬਾਰੇ ਪਤਾ ਲੱਗਾ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਗ ਸਵੇਰੇ 3.08 ਵਜੇ ਲੱਗੀ। ਫਾਇਰ ਬ੍ਰਿਗੇਡ ਦੇ ਪਹੁੰਚਣ ਵਿੱਚ ਦੇਰ ਹੋ ਜਾਣ ਕਾਰਨ ਸ਼੍ਰੋਮਣੀ ਕਮੇਟੀ ਦੇ ਠੇਕੇਦਾਰ ਅਧੀਨ ਲੱਗੀਆਂ 29 ਆਰਜ਼ੀ ਦੁਕਾਨਾਂ ਅਤੇ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਆਉਂਦੀਆਂ 22 ਆਰਜ਼ੀ ਦੁਕਾਨਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੇ ਨਾਲ ਦੀਦਾਰ ਸਿੰਘ ਪੁੱਤਰ ਅਤਰ ਸਿੰਘ ਨਿਵਾਸੀ ਇੰਦਰਾ ਕਲੋਨੀ ਝਿੱਲ ਰੋਡ ਪਟਿਆਲਾ ਦਾ ਮੈਕਸੀ ਟਰੱਕ ਨੰਬਰ ਪੀਬੀ-11ਬੀ ਯੂ-1182, ਠੇਕੇਦਾਰ ਕੁਲਵੰਤ ਸਿੰਘ ਦੇ ਦੋ ਟਿੱਪਰ, ਰਜਿੰਦਰ ਕੁਮਾਰ ਕੋਟਕਪੂਰਾ ਅਤੇ ਅਰਮਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦਾ ਇੱਕ-ਇੱਕ ਐਕਟਿਵਾ, ਆਗਿਆਪਾਲ ਸਿੰਘ ਨਿਵਾਸੀ ਸ੍ਰੀ ਆਨੰਦਪੁਰ ਸਾਹਿਬ ਦੀ ਮਾਰੂਤੀ ਕਾਰ, ਰਵਿੰਦਰ ਪਾਲ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀ ਇੰਡੀਗੋ ਕਾਰ ਸੜ ਗਈਆਂ ਹਨ।
ਅਗਨੀ ਕਾਂਡ ਲਈ ਜਾਂਚ ਕਮੇਟੀ ਕਾਇਮ : ਅਗਨੀਕਾਂਡ ਦੀ ਪੜਤਾਲ ਲਈ ਰੂਪਨਗਰ ਦੇ ਏਡੀਸੀ (ਜਨਰਲ) ਦੀ ਅਗਵਾਈ ਵਿੱਚ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ ਜੋ 15 ਦਿਨਾਂ ਵਿੱਚ ਰਿਪੋਰਟ ਸੌਂਪੇਗੀ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …