Breaking News
Home / ਦੁਨੀਆ / ਟਰੈਵਲ ਏਜੰਟਾਂ ਨੇ ਦਿੱਤਾ ਧੋਖਾ : ਮਰਨ ਵਾਲਾ ਨੌਜਵਾਨ ਮੁਕੇਰੀਆਂ ਦਾ ਬਲਵਿੰਦਰ, ਦੂਜਾ ਜਲੰਧਰ ਦਾ ਕੁਲਵਿੰਦਰ, 3 ਸਤੰਬਰ ਨੂੰ ਫੜੀ ਸੀ ਫਲਾਇਟ

ਟਰੈਵਲ ਏਜੰਟਾਂ ਨੇ ਦਿੱਤਾ ਧੋਖਾ : ਮਰਨ ਵਾਲਾ ਨੌਜਵਾਨ ਮੁਕੇਰੀਆਂ ਦਾ ਬਲਵਿੰਦਰ, ਦੂਜਾ ਜਲੰਧਰ ਦਾ ਕੁਲਵਿੰਦਰ, 3 ਸਤੰਬਰ ਨੂੰ ਫੜੀ ਸੀ ਫਲਾਇਟ

ਗੈਰਕਾਨੂੰਨੀ ਤਰੀਕੇ ਨਾਲ ਸਪੇਨ ਲਿਜਾਏ ਜਾ ਰਹੇ ਇਕ ਨੌਜਵਾਨ ਦੀ ਪੋਲੈਂਡ ‘ਚ ਬਰਫ ਹੇਠ ਦਬਣ ਨਾਲ ਮੌਤ, ਦੂਜਾ ਜੇਲ੍ਹ ‘ਚ

ਤਿੰਨੋਂ ਟਰੈਵਲ ਏਜੰਟਾਂ ‘ਤੇ ਕੇਸ, ਯੂਕਰੇਨ, ਪੋਲੈਂਡ ਰਾਹੀਂ ਸਪੇਨ ਲਿਜਾ ਰਹੇ ਸਨ, ਮੋਬਾਇਲ ਲੋਕੇਸ਼ਨ ਨਾਲ ਟਰੇਸ ਹੋਈ ਲਾਸ਼

ਮੁਕੇਰੀਆਂ : ਗੈਰਕਾਨੂੰਨੀ ਤਰੀਕੇ ਨਾਲ ਸਪੇਨ ਲਿਜਾਏ ਜਾ ਰਹੇ ਦੋ ਨੌਜਵਾਨਾਂ ‘ਚੋਂ ਮੁਕੇਰੀਆਂ ਦੇ ਬਲਵਿੰਦਰ ਸਿੰਘ ਦੀ ਪੋਲੈਂਡ ‘ਚ ਬਰਫ਼ ਹੇਠ ਦਬਣ ਨਾਲ ਮੌਤ ਹੋ ਗਈ। ਲਾਸ਼ ਵੀ ਮੋਬਾਇਲ ਲੋਕੇਸ਼ਨ ਨਾਲ ਟਰੇਸ ਹੋਇਆ। ਦੂਜਾ ਨੌਜਵਾਨ ਕੁਲਵਿੰਦਰ ਜਲੰਧਰ ਦੇ ਖੁਰਲਾ ਕਿੰਗਰਾ ਦਾ ਹੈ, ਜਿਸ ਨੂੰ ਪੋਲੈਂਡ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਯੂਕਰੇਨ ਦੇ ਕੈਂਪ ‘ਚ ਭੇਜ ਦਿੱਤਾ ਹੈ। ਦੋਹਾਂ ਨਾਲ ਟਰੈਵਲ ਏਜੰਟ ਨੇ 12 ਲੱਖ ਰੁਪਏ ‘ਚ ਸੌਦਾ ਤਹਿ ਕੀਤਾ ਸੀ। ਟਰੈਵਲ ਏਜੰਟ ਉਨ੍ਹਾਂ ਨੂੰ ਭਾਰਤ ਤੋਂ ਯੂਕਰੇਨ, ਪੋਲੈਂਡ ਦੇ ਰਸਤੇ ਸਪੇਨ ਲਿਜਾ ਰਿਹਾ ਸੀ। ਬਲਵਿੰਦਰ ਸਿੰਘ (22) ਦੀ ਲਾਸ਼ ਲਗਭਗ ਦੋ ਮਹੀਨੇ ਬਾਅਦ ਸ਼ੁੱਕਰਵਾਰ ਨੂੰ ਘਰ ਪਹੁੰਚੀ ਤਾਂ ਪੂਰਾ ਪਰਿਵਾਰ ਕੁਰਲਾ ਉਠਿਆ। ਬਲਵਿੰਦਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

12 ਲੱਖ ਰੁਪਏ ‘ਚ ਤਹਿ ਹੋਇਆ ਸੌਦਾ

ਗੁਰਵਿੰਦਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਲਵਿੰਦਰ ਜਲੰਧਰ ‘ਚ ਨੌਕਰੀ ਕਰਦਾ ਸੀ। ਉਸ ਦੇ ਭਰਾ ਦੇ ਨਾਲ ਕੁਲਵਿੰਦਰ ਨੂੰ ਵੀ ਵਿਦੇਸ਼ ਭੇਜਣ ਦੀ ਗੱਲ ਹੋਈ। ਜਲੰਧਰ ਦੇ ਟਰੈਵਲ ਏਜੰਟ ਨਾਲ ਦੋਹਾਂ ਨੂੰ ਸਪੇਨ ਭੇਜਣ ਦੇ ਲਈ 12 ਲੱਖ ਰੁਪਏ ‘ਚ ਗੱਲ ਤਹਿ ਹੋਈ। ਗੁਰਵਿੰਦਰ ਦੇ ਅਨੁਸਾਰ 26 ਅਗਸਤ 2018 ਨੂੰ ਟਰੈਵਲ ਏਜੰਟ ਨੇ ਉਸ ਦੇ ਭਰਾ ਨੂੰ ਫੋਨ ਕਰਕੇ ਜਲੰਧਰ ਬੁਲਾਇਆ। ਭਰਾ ਦੇ ਨਾਲ ਚਾਚਾ ਕੁਲਵੰਤ ਸਿੰਘ ਜਲੰਧਰ ਗਏ। ਜਿੱਥੇ ਟਰੈਵਲ ਏਜੰਟ ਨੇ ਉਨ੍ਹਾਂ ਤੋਂ ਇਕ ਲੱਖ ਰੁਪਏ ਅਤੇ ਪਾਸਪੋਰਟ ਲੈ ਲਿਆ ਸੀ।

ਭਰਾ ਨੇ ਕਿਹਾ ਆਖਰੀ ਗੱਲ 4 ਫਰਵਰੀ ਨੂੰ ਹੋਈ ਸੀ

3 ਸਤੰਬਰ 2018 ਨੂੰ ਉਸ ਦੇ ਭਰਾ ਬਲਵਿੰਦਰ ਦੀ ਦਿੱਲੀ ਤੋਂ ਯੂਕਰੇਨ ਦੀ ਫਲਾਈਟ ਕਰਵਾ ਦਿੱਤੀ। ਦਿੱਲੀ ਏਅਰਪੋਰਟ ‘ਤੇ ਵੀ ਏਜੰਟ ਨੂੰ 50 ਹਜ਼ਾਰ ਰੁਪਏ ਦਿੱਤੇ, 5 ਸਤੰਬਰ ਅਤੇ 14 ਸਤੰਬਰ 2018 ਨੂੰ ਏਜੰਟ ਦੇ ਖਾਤੇ ‘ਚ 1.70 ਲੱਖ ਰੁਪਏ ਜਮ੍ਹਾਂ ਕਰਵਾਏ। ਇਸ ਤੋਂ ਬਾਅਦ ਫਿਰ 16 ਹਜ਼ਾਰ ਰੁਪੲ ਜਮ੍ਹਾਂ ਕਰਵਾਏ। ਗੁਰਵਿੰਦਰ ਨੇ ਦੱਸਿਆ ਕਿ ਉਸ ਦੀ ਭਰਾ ਨਾਲ ਆਖਰੀ ਗੱਲ 4 ਫਰਵਰੀ 2019 ਨੂੰ ਹੋਈ ਸੀ। ਉਸ ਨੇ ਕਿਹਾ ਸੀ, ਏਜੰਟ ਉਨ੍ਹਾਂ ਨੂੰ ਜੰਗਲ ਦੇ ਰਸਤੇ ਸਪੇਨ ਲੈ ਕੇ ਜਾ ਰਿਹਾ ਹੈ। ਉਥੇ ਪਹੁੰਚ ਕੇ ਗੱਲ ਕਰਾਂਗਾ, ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ।

ਕੁਲਵਿੰਦਰ ਨੇ ਫੋਨ ਕੀਤਾ ਬਲਵਿੰਦਰ ਦੀ ਹੋ ਗਈ ਹੈ ਮੌਤ

ਗੁਰਵਿੰਦਰ ਨੇ ਕਿਹਾ 31 ਮਾਰਚ ਨੂੰ ਯੂਕਰੇਨ ਤੋਂ ਉਸ ਦੀ ਮਾਤਾ ਨੂੰ ਕੁਲਵਿੰਦਰ ਸਿੰਘ ਨਿਵਾਸੀ ਖੁਰਲਾ ਕਿੰਗਰਾ ਦਾ ਫੋਨ ਆਇਆ ਕਿ 5 ਫਰਵਰੀ ਨੂੰ ਉਹ ਤੇ ਬਲਵਿੰਦਰ ਸਿੰਘ ਯੂਕਰੇਨ ਤੋਂ ਬਾਰਡਰ ਪਾਰ ਕਰਕੇ ਪੋਲੈਂਡ ਗਏ ਸੀ, ਜਿੱਥੇ ਬਰਫ ‘ਚ ਧਸਣ ਨਾਲ ਬਲਵਿੰਦਰ ਦੀ ਮੌਤ ਹੋ ਗਈ ਅਤੇ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਸ ਨੂੰ ਪੋਲੈਂਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਯੂਕਰੇਨ ਕੈਂਪ ‘ਚ ਭੇਜ ਦਿੱਤਾ। ਪੁਲਿਸ ਨੇ ਬਲਵਿੰਦਰ ਦੇ ਮੋਬਾਇਲ ਦੀ ਲੋਕੇਸ਼ਨ ਟਰੇਸ ਕਰਕੇ ਉਸਦੀ ਲਾਸ਼ ਲੱਭੀ। ਉਥੇ ਪਰਿਵਾਰ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਅਜੇ ਤੱਕ ਇਹ ਕਹਿ ਰਿਹਾ ਹੈ ਕਿ ਬਲਵਿੰਦਰ ਜੇਲ੍ਹ ‘ਚ ਹੈ। ਉਨ੍ਹਾਂ ਨੇ ਜਦੋਂ ਯੂਕਰੇਨ ‘ਚ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਹਕੀਕਤ ਪਤਾ ਲੱਗੀ। ਬਲਵਿੰਦਰ ਦੇ ਭਰਾ ਅਨੁਸਾਰ ਉਨ੍ਹਾਂ ਦੇ ਨਾਲ ਟਰੈਵਲ ਏਜੰਟ ਨੇ ਧੋਖਾ ਕੀਤਾ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …