ਗੈਰਕਾਨੂੰਨੀ ਪਰਵਾਸੀਆਂ ਦੀ ਅਮਰੀਕਾ ’ਚ ਐਂਟਰੀ ਹੋਵੇਗੀ ਬੰਦ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਚ 47ਵੇਂ ਰਾਸ਼ਟਰਪਤੀ ਦੇ ਤੌਰ ’ਤੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਯੂਐਸ ਕੈਪੀਟਲ ’ਚ ਹੋਏ ਸਮਾਗਮ ਦੌਰਾਨ ਚੀਫ ਜਸਟਿਸ ਜੌਹਨ ਰੌਬਰਟਸ ਨੇ ਟਰੰਪ ਨੂੰ ਅਹੁਦੇ ਦੀ ਸਹੁੰ ਚੁਕਾਈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ ਲੈਣ ’ਤੇ ਟਰੰਪ ਨੂੰ ਤੋਪਾਂ ਨਾਲ ਸਲਾਮੀ ਦਿੱਤੀ ਗਈ। ਅਮਰੀਕਾ ਦੇ ਸਿਖਰਲੇ ਅਹੁਦੇ ’ਤੇ ਟਰੰਪ ਦਾ ਇਹ ਦੂਜਾ ਕਾਰਜਕਾਲ ਹੈ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਸਮੇਂ ਬਾਅਦ ਹੀ ਜੋਅ ਬਾਈਡਨ ਪ੍ਰਸ਼ਾਸਨ ਦੇ 78 ਫੈਸਲਿਆਂ ਨੂੰ ਪਲਟ ਦਿੱਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ, ਬੱਚਿਆਂ ਦੀ ਨਾਗਰਿਕਤਾ ਖਤਮ ਕਰਨ, ਡਬਲਿਊ.ਐਚ.ਓ. ਅਤੇ ਪੈਰਿਸ ਜਲਵਾਯੂ ਸਮਝੌਤੇ ’ਚੋਂ ਅਮਰੀਕਾ ਨੂੰ ਬਾਹਰ ਕਰਨ ਜਿਹੇ ਫੈਸਲੇ ਸ਼ਾਮਲ ਹਨ। ਟਰੰਪ ਨੇ ਅਮਰੀਕਾ ਫਸਟ ਪਾਲਿਸੀ ਦੇ ਤਹਿਤ ਦੂਜੇ ਦੇਸ਼ਾਂ ’ਤੇ ਟੈਰਿਫ ਲਗਾਉਣ ਦੀ ਗੱਲ ਵੀ ਕਹੀ। ਉਨ੍ਹਾਂ ਨੇ ਅਮਰੀਕਾ ਵਿਚ ਸਿਰਫ ਮਹਿਲਾ ਅਤੇ ਪੁਰਸ਼ ਜੈਂਡਰ ਨੂੰ ਮਾਨਤਾ ਦੇਣ ਦਾ ਐਲਾਨ ਵੀ ਕੀਤਾ ਹੈ।