ਹਰਿਆਣਾ ’ਚ ਕਾਂਗਰਸ ਪਾਰਟੀ ਦਾ ਹੱਥ ਉਪਰ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਭਲਕੇ 8 ਅਕਤੂਬਰ ਦਿਨ ਮੰਗਲਵਾਰ ਨੂੰ ਆ ਜਾਣਗੇ ਅਤੇ ਦੁਪਹਿਰ ਤੱਕ ਇਹ ਸਾਫ ਹੋ ਜਾਵੇਗਾ ਕਿ ਇਨ੍ਹਾਂ ਸੂਬਿਆਂ ਵਿਚ ਕਿਹੜੀ-ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ। ਧਿਆਨ ਰਹੇ ਕਿ ਹਰਿਆਣਾ ਵਿਚ ਲੰਘੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਜੰਮੂ ਕਸ਼ਮੀਰ ਵਿਚ ਤਿੰਨ ਪੜਾਵਾਂ ਵਿਚ ਵੋਟਿੰਗ ਹੋਈ ਹੈ। ਹਰਿਆਣਾ ਸਬੰਧੀ ਆਏ ਚੋਣ ਸਰਵੇਖਣਾਂ ਵਿਚ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਹਲਚਲ ਵੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦੀ ਦੌੜ ਵਿਚ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਹਾਈਕਮਾਨ ਕੋਲ ਪਹੁੰਚ ਵੀ ਗਏ ਹਨ। ਹਰਿਆਣਾ ਵਿਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਭਾਜਪਾ ਇਸ ਵਾਰ ਪਛੜਦੀ ਦਿਖਾਈ ਗਈ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਹੀਂ ਦਿਖਾਇਆ ਗਿਆ, ਬਾਕੀ ਭਲਕੇ ਦੁਪਹਿਰ ਤੱਕ ਸਭ ਸਾਫ ਹੋ ਜਾਵੇਗਾ ਕਿ ਦੋਵਾਂ ਸੂਬਿਆਂ ਵਿਚ ਕਿਹੜੀ-ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ।