
ਆਬੂਧਾਬੀ ਫਲਾਈਟ ਦੇ ਸਮੇਂ ਵਿਚ ਵੀ ਹੋਵੇਗਾ ਬਦਲਾਅ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਇਸ ਵਿੰਟਰ ਸੀਜ਼ਨ ਵਿਚ ਹਾਂਗਕਾਂਗ ਅਤੇ ਸ਼ਾਰਜਾਹ ਦੇ ਲਈ ਸਿੱਧੀ ਅੰਤਰਰਾਸ਼ਟਰੀ ਉਡਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਏਅਰਪੋਰਟ ਅਥਾਰਿਟੀ ਨੇ ਵਿੰਟਰ ਸ਼ਡਿਊਲ ਬਣਾਉਣ ਲਈ ਇਨ੍ਹਾਂ ਦੋਵਾਂ ਫਲਾਈਟਾਂ ਨੂੰ ਸ਼ੁਰੂ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਘਰੇਲੂ ਉਡਾਣਾਂ ਦੇ ਤਹਿਤ ਧਾਰਮਿਕ ਸਥਾਨਾਂ ਲਈ ਵੀ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਏਅਰਪੋਰਟ ਅਥਾਰਿਟੀ ਵਲੋਂ ਦੱਸਿਆ ਗਿਆ ਕਿ ਇਹ ਫਲਾਈਟ ਯਾਤਰੀਆਂ ਦੇ ਲਈ ਇਸ ਸੀਜ਼ਨ ਵਿਚ ਇਕ ਵੱਡੀ ਰਾਹਤ ਸਾਬਤ ਹੋਵੇਗੀ। ਇਸੇ ਦੌਰਾਨ ਆਬੂਧਾਬੀ ਦੇ ਲਈ ਪਹਿਲਾਂ ਤੋਂ ਚੱਲ ਰਹੀ ਫਲਾਈਟ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਇਹ ਫਲਾਈਟ ਹੁਣ 29 ਅਕਤੂਬਰ ਤੋਂ ਚੰਡੀਗੜ੍ਹ ਤੋਂ ਦੁਪਹਿਰ 11 ਵੱਜ ਕੇ 10 ਮਿੰਟ ’ਤੇ ਉਡਾਨ ਭਰੇਗੀ, ਜਦੋਂ ਕਿ ਆਬੂਧਾਬੀ ਤੋਂ ਰਾਤ 2 ਵੱਜ ਕੇ 30 ਮਿੰਟ ’ਤੇ ਸਥਾਨਕ ਸਮੇਂ ਅਨੁਸਾਰ ਚੰਡੀਗੜ੍ਹ ਲਈ ਉਡਾਨ ਭਰੇਗੀ।