Breaking News
Home / ਪੰਜਾਬ / ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ‘ਚ ਮਨਾਈ ਲੋਹੜੀ

ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ‘ਚ ਮਨਾਈ ਲੋਹੜੀ

ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ; ਪੰਜਾਬੀਆਂ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿੱਚ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਲੋਹੜੀ ਮਨਾਈ ਅਤੇ ਇਸ ਤਿਉਹਾਰ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਮਾਨ ਨੇ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਪੁੱਜ ਕੇ ਇਹ ਤਿਉਹਾਰ ਮਨਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਨਾਲ ਉਨ੍ਹਾਂ ਦੀਆਂ ਬਚਪਨ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਤੌਜ ਪਿੰਡ ਦੇ ਲੋਕ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ, ਇਸੇ ਕਰਕੇ ਉਹ ਇਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਪਸੰਦ ਕਰਦੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਪੰਜਾਬੀਆਂ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇਗਾ। ਸੂਬੇ ਵਿੱਚ ਅਮਨ-ਸ਼ਾਂਤੀ, ਸਦਭਾਵਨਾ, ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਅਰਦਾਸ ਕਰਦਿਆਂ ਮਾਨ ਨੇ ਕਿਹਾ ਕਿ ਸੂਬਾ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਦਹਿਲੀਜ਼ ‘ਤੇ ਹੈ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਯੋਜਨਾਬੰਦੀ ਕਰ ਲਈ ਹੈ। ਇਸ ਮੌਕੇ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ ਅਤੇ ਹੋਰ ਰਿਸ਼ਤੇਦਾਰ ਤੇ ਪਿੰਡ ਵਾਸੀ ਮੌਜੂਦ ਸਨ।
ਇਸੇ ਦੌਰਾਨ ਲੋਹੜੀ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫ਼ਲਾ ਪਿੰਡ ‘ਚੋਂ ਲੰਘ ਰਿਹਾ ਸੀ ਤਾਂ ਮੁੱਖ ਮੰਤਰੀ ਨੇ ਪਿੰਡ ਦੇ ਬਜ਼ੁਰਗ ਨੇਕ ਸਿੰਘ ਅਤੇ ਦਰਸ਼ਨਾਂ ਕੌਰ ਨੂੰ ਵੇਖਦਿਆਂ ਕਾਫਲਾ ਰੋਕਿਆ ਜਿਨ੍ਹਾਂ ਨਾਲ ਉਨ੍ਹਾਂ ਦੇ ਪੁੱਤ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਨੇਕ ਸਿੰਘ ਨੂੰ ਬੁੱਕਲ ‘ਚ ਲੈਂਦਿਆਂ ਮੁੱਖ ਮੰਤਰੀ ਭਾਵੁਕ ਹੋ ਗਏ। ਉਨ੍ਹਾਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

Check Also

ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ

ਗਿੱਦੜਬਾਹਾ ਤੇ ਚੱਬੇਵਾਲ ਤੋਂ ‘ਆਪ’, ਬਰਨਾਲਾ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਤੋਂ ਅੱਗੇ …