Breaking News
Home / ਹਫ਼ਤਾਵਾਰੀ ਫੇਰੀ / ਕਰਾਈਂ ਕਦੀ ਮੇਲਰੱਬਾ ਦਿੱਲੀ ਤੇ ਲਾਹੌਰਦਾ…

ਕਰਾਈਂ ਕਦੀ ਮੇਲਰੱਬਾ ਦਿੱਲੀ ਤੇ ਲਾਹੌਰਦਾ…

ਨਾਨਕ ਨਾਮ ਚੜ੍ਹਦੀਕਲਾ
ਜੈਕਾਰਿਆਂ ਦੀ ਗੂੰਜ ਵਿਚਪਹਿਲਾ ਅੰਤਰਰਾਸ਼ਟਰੀ ਨਗਰਕੀਰਤਨਨਨਕਾਣਾ ਸਾਹਿਬਪਾਕਿਸਤਾਨਤੋਂ ਚੱਲਕੇ ਪੰਜਾਬਪਹੁੰਚਿਆ
ਕੈਪਟਨ ਕੈਬਨਿਟ ਦੇ ਮੰਤਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਵਾਹਗਾ-ਅਟਾਰੀ ਬਾਰਡਰ ‘ਤੇ ਨਗਰ ਕੀਰਤਨ ਦਾ ਸਵਾਗਤ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ ਮਾਹੌਲ ਦੇਖਣ ਲਾਇਕ ਸੀ। ਪੂਰੇ ਨਗਰ ਕੀਰਤਨ ਦੌਰਾਨ ਸੁਖਵਿੰਦਰ ਸਿੰਘ ਦੀ ਅਵਾਜ਼ ਵਿਚ ‘ਨਾਨਕ ਨਾਮ ਚੜ੍ਹਦੀ ਕਲਾ’ ਗੀਤ ਦੀ ਗੂੰਜ ਵੀ ਰਹੀ।
ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੇਵਾ ਨਿਭਾ ਰਹੇ ਸਨ। 1947 ਦੀ ਵੰਡ ਮਗਰੋਂ 72 ਸਾਲਾਂ ਦੌਰਾਨ ਇਹ ਪਹਿਲਾ ਇਤਿਹਾਸਕ ਇਤਫਾਕ ਸੀ ਜਦੋਂ ਪਾਕਿਸਤਾਨ ਤੋਂ ਆਰੰਭ ਹੋ ਕੇ ਕੋਈ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਭਾਰਤ ਪੁੱਜਾ ਹੋਵੇ। ਇਸ ਮੌਕੇ ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਸੰਗਤਾਂ ਨੂੰ ਵੀਜ਼ੇ ਦਿੱਤੇ ਜਾਣਗੇ।
ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਨਾਲ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਨਨਕਾਣਾ ਸਾਹਿਬ ਤੋਂ ਭਾਰਤ ਵਿਚਲੇ ਪੰਜ ਤਖ਼ਤਾਂ ਲਈ ਨਗਰ ਕੀਰਤਨ ਨਾਲ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਲੜੀ ਵਿਚ ਇਕ ਇਤਿਹਾਸਕ ਪੰਨਾ ਦਰਜ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਗੁਰੂ ਸਾਹਿਬ ਦੀ ਮਿਹਰ ਨਾਲ ਹੀ ਸੰਭਵ ਹੋਇਆ ਹੈ, ਯਤਨ ਭਾਵੇਂ ਹਰੇਕ ਨੇ ਕੀਤੇ ਹਨ। ਲੌਂਗੋਵਾਲ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਦਿਖਾਈ ਗਈ ਵਿਸ਼ੇਸ਼ ਰੁਚੀ ਨੂੰ ਵੀ ਸਲਾਹਿਆ ਅਤੇ ਅਜਿਹੇ ਸਹਿਯੋਗ ਦੀ ਅੱਗੋਂ ਲਈ ਵੀ ਆਸ ਪ੍ਰਗਟ ਕੀਤੀ।
ਭਾਈ ਲੌਂਗੋਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਮਗਰੋਂ ਸਿੱਖਾਂ ਨੂੰ ਦਿੱਤਾ ਗਿਆ ਇਹ ਦੂਸਰਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਇਸ ਨਗਰ ਕੀਰਤਨ ਦੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸ ਨਾਲ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ, ਭਰਾਤਰੀ ਭਾਵ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।
ਸਾਂਝੀਵਾਲਤਾ : ਅਕਾਲੀ-ਕਾਂਗਰਸੀਆਂ ਨੇ ਇਕੱਠਿਆਂ ਕੀਤਾ ਨਗਰ ਕੀਰਤਨ ਦਾ ਸਵਾਗਤ
ਦੁਨੀਆ ਦਾ ਪਹਿਲਾ ਕੌਮਾਂਤਰੀ ਨਗਰ ਕੀਰਤਨ ਵੀਰਵਾਰ ਨੂੰ ਬਾਅਦ ਦੁਪਹਿਰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਰਵਾਨਾ ਹੋ ਕੇ ਅਟਾਰੀ ਬਾਰਡਰ ਰਾਹੀਂ ਭਾਰਤ ਪੁੱਜਾ। ਪੰਜਾਬ ਦੇ ਤਿੰਨ ਮੰਤਰੀਆਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਨਗਰ ਕੀਰਤਨ ਦਾ ਰਸਮੀ ਸੁਆਗਤ ਕਰਨ ਲਈ ਮੌਜੂਦ ਸਨ। ਪੰਜਾਬ ਦੇ ਤਿੰਨ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਤੇ ਚਰਨਜੀਤ ਸਿੰਘ ਚੰਨੀ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਟਾਰੀ-ਵਾਹਗਾ ਬਾਰਡਰ ਉੱਤੇ ਇਸ ਕੌਮਾਂਤਰੀ ਨਗਰ ਕੀਰਤਨ ਦਾ ਪੰਜਾਬ ਸਰਕਾਰ ਦੀ ਤਰਫ਼ੋਂ ਸੁਆਗਤ ਕੀਤਾ।
ਇੱਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ ਪਰ ਅਧਿਕਾਰੀਆਂ ਨੇ ਦੱਸਿਆ ਕਿ ਉਹ ਪੁੱਜ ਨਹੀਂ ਰਹੇ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਣ ਵਾਲੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਜਥਾ ਰਵਾਨਾ ਹੋਇਆ ਸੀ।
ਲਗਭਗ ਪੰਜ ਸੌ ਸਿੱਖ ਸ਼ਰਧਾਲੂਆਂ ਦਾ ਜਥਾ ਬਾਅਦ ਦੁਪਹਿਰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਪੁੱਜ ਗਿਆ ਸੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ ਅਹਿਮਦ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਅਟਾਰੀ ਸਰਹੱਦ ਤੋਂ ਪਾਕਿਸਤਾਨ ‘ਚ ਪੈਂਦੇ ਵਾਹਗਾ ਵਿਖੇ ਪਹੁੰਚਣ ‘ਤੇ ਭਾਈ ਲੌਂਗੋਵਾਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਮਨਜਿੰਦਰ ਸਿੰਘ ਸਿਰਸਾ, ਬਾਬਾ ਬਲਬੀਰ ਸਿੰਘ ਨਿਹੰਗ ਮੁਖੀ, ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਜੀ-ਆਇਆਂ ਆਖਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸੰਗਤਾਂ ਦੇ ਸਵਾਗਤ ਲਈ ਫੁੱਲਾਂ ਦੀ ਭਰਵੀਂ ਵਰਖਾ ਕੀਤੀ ਗਈ। ਇਸੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬਾਨ ਅਤੇ ਸੰਗਤਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਥੇ ਸੰਗਤ ਦੀ ਆਮਦ ‘ਤੇ ਸਥਾਨਕ ਸਿੱਖ ਸੰਗਤ ਵੱਲੋਂ ਗੁਰਦੁਆਰੇ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਹੋਈ ਸੀ। ਸ੍ਰੀ ਨਨਕਾਣਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ, ਜਦੋਂ ਵੱਖ-ਵੱਖ ਸਿੱਖ ਸੰਸਥਾਵਾਂ, ਸਭਾ-ਸੁਸਾਇਟੀਆਂ ਅਤੇ ਸੰਪ੍ਰਦਾਵਾਂ ਦੇ ਨੁਮਾਇੰਦੇ ਸੰਗਤਾਂ ਸਮੇਤ ਸੰਯੁਕਤ ਰੂਪ ਵਿਚ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਪੁੱਜੇ ਹਨ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਜਾਇਆ ਜਾਣ ਵਾਲਾ ਨਗਰ ਕੀਰਤਨ ਅਟਾਰੀ ਸਰਹੱਦ ਰਾਹੀਂ ਭਾਰਤ ਦਾਖ਼ਲ ਹੋਣ ਮਗਰੋਂ ਪੰਜ ਤਖ਼ਤਾਂ ਦੀ ਯਾਤਰਾ ਕਰਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …