Breaking News
Home / ਹਫ਼ਤਾਵਾਰੀ ਫੇਰੀ / ਸੁਖਬੀਰ ਬਾਦਲ ਖਿਲਾਫ ਕਾਰਵਾਈ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੀਟਿੰਗ

ਸੁਖਬੀਰ ਬਾਦਲ ਖਿਲਾਫ ਕਾਰਵਾਈ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੀਟਿੰਗ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਉਸ ਖਿਲਾਫ ਅਗਲੀ ਕਾਰਵਾਈ ਬਾਰੇ ਚਰਚਾ ਲਈ ਸੱਦੀ ਗਈ ਵਿਦਵਾਨਾਂ ਦੀ ਇਕੱਤਰਤਾ ਵਿਚ ਵੱਖ-ਵੱਖ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਨੂੰ ਵਿਚਾਰਨ ਉਪਰੰਤ ਪੰਜ ਸਿੰਘ ਸਾਹਿਬਾਨ ਸੁਖਬੀਰ ਬਾਦਲ ਖਿਲਾਫ ਕੋਈ ਫ਼ੈਸਲਾ ਲੈਣਗੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸਿੱਖ ਵਿਦਵਾਨਾਂ ਦੇ ਵਿਚਾਰ ਸੁਣੇ। ਕੁਝ ਵਿਦਵਾਨਾਂ ਨੇ ਲਿਖਤੀ ਵਿਚਾਰ ਵੀ ਭੇਜੇ ਸਨ, ਜਿਨ੍ਹਾਂ ਨੂੰ ਮੀਟਿੰਗ ਦੌਰਾਨ ਵਿਚਾਰ-ਚਰਚਾ ਵਿਚ ਸ਼ਾਮਲ ਕੀਤਾ ਗਿਆ।
ਸਾਰੇ ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਪੰਥ ਵਿਚ ਕੌਮੀ ਮੁੱਦਿਆਂ ਬਾਰੇ ਪੰਥਕ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰ-ਵਟਾਂਦਰੇ ਦੀ ਰਵਾਇਤ ਰਹੀ ਹੈ ਅਤੇ ਇਸ ਨੂੰ ਅੱਗੇ ਵੀ ਕਾਇਮ ਰੱਖਿਆ ਜਾਵੇਗਾ। ਆਉਣ ਵਾਲੇ ਸਮੇਂ ਵਿਚ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਤੇ ਗੁਰਦੁਆਰਾ ਕਮੇਟੀਆਂ ਨਾਲ ਵੀ ਪੰਥਕ ਮਸਲਿਆਂ ਬਾਰੇ ਵਿਚਾਰ-ਚਰਚਾ ਲਈ ਇਕੱਤਰਤਾ ਕੀਤੀ ਜਾਵੇਗੀ ਤਾਂ ਜੋ ਪੰਥ ਨੂੰ ਨਵੇਂ ਅਤੇ ਉੱਜਲ ਦਿਸਹੱਦਿਆਂ ਵੱਲ ਲਿਜਾਇਆ ਜਾ ਸਕੇ।
ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ, ਸਿੱਖ ਵਿਦਵਾਨ ਹਰਸਿਮਰਨ ਸਿੰਘ, ਡਾ. ਜਸਬੀਰ ਕੌਰ ਪਟਿਆਲਾ, ਇੰਜਨੀਅਰ ਸਰਬਜੀਤ ਸਿੰਘ ਸੋਹਲ, ਡਾ. ਚਮਕੌਰ ਸਿੰਘ ਪਟਿਆਲਾ, ਡਾ. ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ। ਸਿੱਖ ਵਿਦਵਾਨਾਂ ਕੋਲੋਂ ਇਸ ਸਬੰਧੀ ਰਾਏ ਲੈਣ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੀ ਵੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਪਾਰਟੀ ਦੇ ਨਾਰਾਜ਼ ਧੜੇ ਵੱਲੋਂ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਆਰੋਪ ਲਾਇਆ ਗਿਆ ਸੀ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਵੱਡੀਆਂ ਭੁੱਲਾਂ ਅਤੇ ਗਲਤੀਆਂ ਹੋਈਆਂ ਹਨ ਜਿਸ ਨਾਲ ਪੰਥ ਨੂੰ ਵੱਡਾ ਨੁਕਸਾਨ ਹੋਇਆ। ਇਨ੍ਹਾਂ ਭੁੱਲਾਂ ਅਤੇ ਗਲਤੀਆਂ ਵਿੱਚ ਡੇਰਾ ਸਿਰਸਾ ਮੁਖੀ ਖਿਲਾਫ ਚੱਲ ਰਹੇ ਕੇਸ ਨੂੰ ਵਾਪਸ ਲੈਣਾ ਅਤੇ ਉਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣਾ, 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕੋਈ ਠੋਸ ਕਾਰਵਾਈ ਨਾ ਕਰਨਾ ਆਦਿ ਸ਼ਾਮਲ ਹਨ। ਸੁਖਬੀਰ ਸਿੰਘ ਬਾਦਲ ਇਸ ਮਾਮਲੇ ਵਿੱਚ ਅਪਣਾ ਖਿਮਾ ਯਾਚਨਾ ਪੱਤਰ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਚੁੱਕੇ ਹਨ। ਮੀਟਿੰਗ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਲੋੜ ਪਈ ਤਾਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਵੀ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ। ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਉਪਰ ਕਿਰਪਾਨ ਪਹਿਨਣ ‘ਤੇ ਲਾਈ ਗਈ ਰੋਕ ਬਾਰੇ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਹੈ।

ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਸਿੱਖ ਕਰਮਚਾਰੀ ਹੁਣ ਨਹੀਂ ਪਹਿਨ ਸਕਣਗੇ ਗਾਤਰਾ
ਅੰਮ੍ਰਿਤਸਰ : ਭਾਰਤ ਦੇ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਸਿੱਖ ਕਰਮਚਾਰੀ ਨੂੰ ਗਾਤਰਾ ਪਹਿਨਣ ਦੀ ਆਗਿਆ ਨਾ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਸਿਵਲ ਏਵੀਏਸ਼ਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਸਿੱਖ ਕਰਮਚਾਰੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਕਿਰਪਾਨ ਨਹੀਂ ਪਹਿਨ ਸਕਣਗੇ। ਇਹ ਹੁਕਮ ਸੁਰੱਖਿਆ ਪ੍ਰੋਟੋਕਾਲ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ। ਉਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਧਾਰਮਿਕ ਅਜ਼ਾਦੀ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਚ ਕਿਰਪਾਨ ਇਕ ਪਵਿੱਤਰ ਪ੍ਰਤੀਕ ਹੈ ਅਤੇ ਇਸ ਨੂੰ ਪਹਿਨਣਾ ਇਕ ਧਾਰਮਿਕ ਅਧਿਕਾਰ ਹੈ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਹੁਕਮ ਪਹਿਲਾਂ ਵੀ ਜਾਰੀ ਹੁੰਦੇ ਰਹੇ ਹਨ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਉਨ੍ਹਾਂ ਏਵੀਏਸ਼ਨ ਅਥਾਰਟੀ ਵੱਲੋਂ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਨਾ ਕਰਨ ਦੇ ਹੁਕਮਾਂ ਨੂੰ ਗਲਤ ਦੱਸਿਆ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …