ਬਠਿੰਡਾ : ਰਿਸ਼ਵਤ ਦੇ ਆਰੋਪਾਂ ‘ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਅੱਜ ਅਦਾਲਤ ਨੇ 16 ਮਾਰਚ ਤੱਕ ਪਟਿਆਲਾ ਦੀ ਸੈਂਟਰਲ ਜੇਲ੍ਹ ‘ਚ ਭੇਜ ਦਿੱਤਾ ਹੈ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸੁਣਵਾਈ ਦੌਰਾਨ ਅਮਿਤ ਰਤਨ ਨੂੰ ਬਠਿੰਡਾ ਜੇਲ੍ਹ ਦੀ ਬਜਾਏ ਪਟਿਆਲਾ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ। ਵਿਧਇਕ ਦੇ ਵਕੀਲ ਨੇ ਅਦਾਲਤ ਨੂੰ ਤਰਕ ਦਿੱਤਾ ਕਿ ਬਠਿੰਡਾ ਜੇਲ੍ਹ ਵਿਚ ਅਮਿਤ ਰਤਨ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਜਿਸ ਦੇ ਆਧਾਰ ‘ਤੇ ਅਦਾਲਤ ਨੇ ਉਸ ਨੂੰ ਪਟਿਆਲਾ ਜੇਲ੍ਹ ਵਿਚ ਭੇਜਣ ਦਾ ਹੁਕਮ ਸੁਣਾਇਆ। ਲੰਘੀ 23 ਫਰਵਰੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਵਿਜੀਲੈਂਸ ਰਿਮਾਂਡ ‘ਤੇ ਸੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਂਪਾਲਿਕਾ ‘ਤੇ ਭਰੋਸਾ ਹੈ। ਧਿਆਨ ਰਹੇ ਕਿ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਤੋਂ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਮਲੇ ਵਿਚ ਵਿਧਾਇਕ ਅਮਿਤ ਰਤਨ ਨੂੰ ਲੰਘੀ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।