
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਪੈਦਲ ਮਾਰਚ ਅੱਜ ਪੰਜਵੇਂ ਦਿਨ ਅੰਮਿ੍ਰਤਸਰ ਸ਼ਹਿਰ ਵਿੱਚ ਦਾਖਲ ਹੋਇਆ। ਮਾਰਚ ਦੀ ਅਗਵਾਈ ਕਰ ਰਹੇ ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਯੋਧਿਆਂ, ਪੈਗੰਬਰਾਂ, ਖਿਡਾਰੀਆਂ, ਦੇਸ਼ ਭਗਤਾਂ ਦੀ ਧਰਤੀ ਹੈ ਅਤੇ ਇਸ ਦੀ ਇਹੀ ਪਛਾਣ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਉੱਤੇ ਕੋਈ ਸੰਕਟ ਪਿਆ ਹੈ ਤਾਂ ਪੰਜਾਬ ਵਾਸੀਆਂ ਨੇ ਅੱਗੇ ਹੋ ਕੇ ਇਸ ਦਾ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਵੀ ਪੰਜਾਬ ਦੇ ਸੂਰਬੀਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਨਸ਼ੇ ਦਾ ਘੁਣ ਪੰਜਾਬ ਨੂੰ ਲੱਗਾ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ।