Breaking News
Home / ਭਾਰਤ / ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ

ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ

ਆਈਸੀਸੀ ਵੱਲੋਂ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ; ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ 15 ਅਕਤੂਬਰ ਨੂੰ
ਮੁੰਬਈ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦਾ ਬਹੁ-ਚਰਚਿਤ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। 19 ਨਵੰਬਰ ਨੂੰ ਫਾਈਨਲ ਵੀ ਇਸੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਈਸੀਸੀ ਨੇ ਇਹ ਐਲਾਨ ਕੀਤਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਿਛਲੀ ਜੇਤੂ ਟੀਮ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਹੋਵੇਗੀ। ਦਰਸ਼ਕਾਂ ਦੀ ਗਿਣਤੀ ਦੇ ਆਧਾਰ ‘ਤੇ ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਜਿਸ ਵਿੱਚ 1,32,000 ਦਰਸ਼ਕ ਬੈਠ ਸਕਦੇ ਹਨ, ਜੋ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਤੋਂ 32,000 ਵੱਧ ਹਨ।
ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅਤੇ ਦੂਜਾ ਸੈਮੀਫਾਈਨਲ ਅਗਲੇ ਦਿਨ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ ਅਹਿਮਦਾਬਾਦ ਵਿੱਚ 19 ਨਵੰਬਰ ਨੂੰ ਹੋਵੇਗਾ। ਇੱਕ ਰੋਜ਼ਾ ਵਿਸ਼ਵ ਕੱਪ ਤੋਂ ਸੌ ਦਿਨ ਪਹਿਲਾਂ ਸ਼ਡਿਊਲ ਦਾ ਐਲਾਨ ਕਰਦਿਆਂ ਆਈਸੀਸੀ ਨੇ ਕਿਹਾ ਕਿ ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦਾ ਆਗਾਜ਼ ਅੱਠ ਅਕਤੂਬਰ ਨੂੰ ਪੰਜ ਵਾਰ ਦੀ ਵਿਸ਼ਵ ਕੱਪ ਜੇਤੂ ਆਸਟਰੇਲੀਆ ਖਿਲਾਫ ਚੇਨੱਈ ਵਿੱਚ ਕਰੇਗਾ।
ਵਿਸ਼ਵ ਕੱਪ ਦੇ ਮੈਚ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨੱਈ, ਲਖਨਊ, ਪੁਣੇ, ਬੰਗਲੂਰੂ, ਮੁੰਬਈ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਇਸੇ ਤਰ੍ਹਾਂ ਗੁਹਾਟੀ ਅਤੇ ਤਿਰੂਵਨੰਤਪੁਰਮ ਤੋਂ ਇਲਾਵਾ ਹੈਦਰਾਬਾਦ ਵਿੱਚ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚ ਖੇਡੇ ਜਾਣਗੇ। ਬੀਤੇ ਦਿਨੀਂ 12 ਮੇਜ਼ਬਾਨ ਐਸੋਸੀਏਸ਼ਨਾਂ ਨਾਲ ਮੀਟਿੰਗ ਤੋਂ ਬਾਅਦ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚੋਂ ਅੱਠ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਰਾਹੀਂ ਕੁਆਲੀਫਾਈ ਕੀਤਾ ਹੈ ਅਤੇ ਬਾਕੀ ਦੋ ਜ਼ਿੰਬਾਬਵੇ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਪੁੱਜਣਗੀਆਂ। ਸਾਬਕਾ ਚੈਂਪੀਅਨ ਸ੍ਰੀਲੰਕਾ ਤੋਂ ਇਲਾਵਾ ਵੈਸਟਇੰਡੀਜ਼, ਨੈਦਰਲੈਂਡਜ਼, ਓਮਾਨ, ਸਕਾਟਲੈਂਡ, ਯੂਏਈ, ਅਮਰੀਕਾ ਅਤੇ ਮੇਜ਼ਬਾਨ ਜ਼ਿੰਬਾਬਵੇ ਕੁਆਲੀਫਾਇਰ ਵਿੱਚ ਹਿੱਸਾ ਲੈ ਰਹੇ ਹਨ। ਵਿਸ਼ਵ ਕੱਪ ‘ਚ ਸਾਰੀਆਂ ਟੀਮਾਂ ਰਾਊਂਡ ਰੋਬਿਨ ਦੇ ਆਧਾਰ ‘ਤੇ ਇੱਕ-ਦੂਜੇ ਨਾਲ ਖੇਡਣਗੀਆਂ, ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ।
ਆਈਸੀਸੀ ਨੇ ਪੀਸੀਬੀ ਦੇ ਇਤਰਾਜ਼ ਕੀਤੇ ਖਾਰਜ
ਕਰਾਚੀ : ਭਾਰਤ ਵਿੱਚ ਖੇਡੇ ਜਾਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਟੀਮ ਦੇ ਸ਼ਡਿਊਲ ਅਤੇ ਸਟੇਡੀਅਮਾਂ ਬਾਰੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ (ਪੀਸੀਬੀ) ਕੀਤੇ ਗਏ ਸਾਰੇ ਇਤਰਾਜ਼ਾਂ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਖਾਰਜ ਕਰ ਦਿੱਤਾ ਹੈ। ਆਈਸੀਸੀ ਅਤੇ ਬੀਸੀਸੀਆਈ ਵੱਲੋਂ ਜਾਰੀ ਵਿਸ਼ਵ ਕੱਪ ਦੇ ਸ਼ਡਿਊਲ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਸ ਦੌਰਾਨ ਪਾਕਿਸਤਾਨ ਦੇ ਅਫਗਾਨਿਸਤਾਨ ਅਤੇ ਆਸਟਰੇਲੀਆ ਖਿਲਾਫ ਮੈਚਾਂ ਲਈ ਸਥਾਨ ਬਦਲਣ ਦੀ ਪੀਸੀਬੀ ਦੀ ਬੇਨਤੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਪੀਸੀਬੀ ਨੇ ਆਈਸੀਸੀ ਅਤੇ ਬੀਸੀਸੀਆਈ ਨੂੰ ਅਫਗਾਨਿਸਤਾਨ ਖਿਲਾਫ ਆਪਣਾ ਮੈਚ ਚੇਨੱਈ ਤੋਂ ਬੰਗਲੂਰੂ ਅਤੇ ਆਸਟਰੇਲੀਆ ਖਿਲਾਫ ਮੈਚ ਬੰਗਲੂਰੂ ਤੋਂ ਚੇਨੱਈ ਵਿੱਚ ਬਦਲਣ ਲਈ ਕਿਹਾ ਸੀ।
ਖੇਡ ਦੀ ਰਫ਼ਤਾਰ ਵਧਣ ਕਰਕੇ ਵਿਸ਼ਵ ਕੱਪ ‘ਚ ਮੁਕਾਬਲਾ ਹੋਵੇਗਾ ਸਖ਼ਤ: ਰੋਹਿਤ
ਮੁੰਬਈ : ਭਾਰਤੀ ਕਪਤਾਨ ਰੋਹਿਤ ਸ਼ਰਮਾ ਅਨੁਸਾਰ ਖੇਡ ਦੀ ਰਫ਼ਤਾਰ ਵਧਣ ਕਰਕੇ ਦੇਸ਼ ਵਿੱਚ ਹੋਣ ਵਾਲਾ ਆਗਾਮੀ ਇੱਕ ਰੋਜ਼ਾ ਵਿਸ਼ਵ ਕੱਪ ਕਾਫੀ ਸਖ਼ਤ ਹੋਵੇਗਾ। ਖੇਡ ਦੇ ਤੇਜ਼ ਰਫਤਾਰ ਫਾਰਮੈਟ ਟੀ-20 ਕ੍ਰਿਕਟ ਨੇ ਸਾਰੇ ਫਾਰਮੈਟਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ 8 ਅਕਤੂਬਰ ਨੂੰ ਚੇਨੱਈ ਵਿੱਚ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਖਿਲਾਫ ਵਿਸ਼ਵ ਕੱਪ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦਿਆਂ ਆਪਣਾ ਤੀਜਾ ਖਿਤਾਬ ਜਿੱਤਣਾ ਚਾਹੇਗਾ। ਇਸ ਸਬੰਧੀ ਆਈਸੀਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਰੋਹਿਤ ਨੇ ਕਿਹਾ ਕਿ ਇਹ ਵਿਸ਼ਵ ਕੱਪ ਬਹੁਤ ਹੀ ਸਖ਼ਤ ਹੋਵੇਗਾ ਕਿਉਂਕਿ ਖੇਡ ਦੀ ਰਫ਼ਤਾਰ ਬਹੁਤ ਵਧ ਗਈ ਹੈ। ਟੀਮਾਂ ਪਹਿਲਾਂ ਨਾਲੋਂ ਜ਼ਿਆਦਾ ਸਕਾਰਾਤਮਕ ਖੇਡ ਰਹੀਆਂ ਹਨ।
ਮੁਹਾਲੀ ਕ੍ਰਿਕਟ ਸਟੇਡੀਅਮ ਆਈਸੀਸੀ ਮਾਪਦੰਡਾਂ ‘ਤੇ ਖ਼ਰਾ ਨਹੀਂ ਉਤਰਿਆ: ਸ਼ੁਕਲਾ
ਲੰਡਨ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਹਾਲ ਹੀ ਵਿੱਚ ਜਾਰੀ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਕੇਂਦਰਾਂ ਅਤੇ ਜ਼ੋਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਪੰਜਾਬ ਦੇ ਮੁਹਾਲੀ ਸਥਿਤ ਸਟੇਡੀਅਮ ਨੂੰ ਇੱਕ ਵੀ ਮੈਚ ਨਾ ਮਿਲਣ ਦਾ ਕਾਰਨ ਹੈ ਕਿ ਇਹ ਸਟੇਡੀਅਮ ਆਈਸੀਸੀ ਦੇ ਮਾਪਦੰਡਾਂ ‘ਤੇ ਖ਼ਰਾ ਨਹੀਂ ਉਤਰਦਾ।
ਸ਼ੁਕਲਾ ਦਾ ਇਹ ਬਿਆਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਵੱਲੋਂ ਮੁਹਾਲੀ ਨੂੰ ਵਿਸ਼ਵ ਕੱਪ ਪ੍ਰੋਗਰਾਮ ‘ਚੋਂ ਬਾਹਰ ਕਰਨ ‘ਤੇ ਇਤਰਾਜ਼ ਉਠਾਉਣ ਤੋਂ ਇਕ ਦਿਨ ਬਾਅਦ ਆਇਆ ਹੈ। ਮੰਤਰੀ ਨੇ ਆਰੋਪ ਲਗਾਇਆ ਸੀ ਕਿ ‘ਸਿਆਸੀ ਦਖਲਅੰਦਾਜ਼ੀ’ ਕਾਰਨ ਪੰਜਾਬ ਨੂੰ ਮੈਚ ਨਹੀਂ ਮਿਲਿਆ।
ਅਮਿਤ ਸ਼ਾਹ ਦੇ ਪੁੱਤ ਜੈ ਸ਼ਾਹ ਨੇ ਵਿਸ਼ਵ ਕੱਪ ਕ੍ਰਿਕਟ ‘ਚ ਗੁਜਰਾਤ ਦੀ ਅਹਿਮੀਅਤ ਨੂੰ ਯਕੀਨੀ ਬਣਾਇਆ: ਟੀਐੱਮਸੀ
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਸਾਕੇਤ ਗੋਖਲੇ ਨੇ ਆਰੋਪ ਲਾਇਆ ਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਹ ਯਕੀਨੀ ਬਣਾਇਆ ਕਿ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਸਟੇਡੀਅਮ ਦੀ ਚੋਣ ਵਿੱਚ ਗੁਜਰਾਤ ਨੂੰ ਦੂਜੇ ਰਾਜਾਂ ਨਾਲੋਂ ਪਹਿਲ ਦਿੱਤੀ ਜਾਵੇ ਕਿਉਂਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਮੇਜ਼ਬਾਨ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕੁਝ ਵਿਰੋਧੀ ਨੇਤਾਵਾਂ ਨੇ ਇਸ ਪ੍ਰੋਗਰਾਮ ‘ਚ ਸਿਆਸੀ ਦਖਲਅੰਦਾਜ਼ੀ ਹੋਣ ਦਾ ਆਰੋਪ ਲਗਾਇਆ। ਉਨ੍ਹਾਂ ਅਹਿਮਦਾਬਾਦ ਨੂੰ ਵੱਡੇ ਮੈਚਾਂ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾਣ ‘ਤੇ ਸਵਾਲ ਉਠਾਏ ਗਏ ਸਨ ਜਦੋਂ ਕਿ ਕਈ ਹੋਰ ਰਾਜਾਂ ਨੂੰ ਕੋਈ ਮੈਚ ਨਹੀਂ ਮਿਲਿਆ।

 

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …