13.7 C
Toronto
Sunday, October 12, 2025
spot_img
HomeਕੈਨੇਡਾFrontਪੰਜਾਬ ਤੇ ਹਰਿਆਣਾ ’ਚ ਈਡੀ ਵਲੋਂ ਕਈ ਥਾਵਾਂ ’ਤੇ ਛਾਪੇਮਾਰੀ

ਪੰਜਾਬ ਤੇ ਹਰਿਆਣਾ ’ਚ ਈਡੀ ਵਲੋਂ ਕਈ ਥਾਵਾਂ ’ਤੇ ਛਾਪੇਮਾਰੀ

 


ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ’ਚ ਕੀਤੀ ਜਾ ਰਹੀ ਹੈ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚ 11 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿਚ ਕੀਤੀ ਗਈ ਹੈ, ਜੋ ਅਮਰੀਕਾ ਤੋਂ ਕਈ ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਤੋਂ ਬਾਅਦ ਸਾਹਮਣੇ ਆਈ ਸੀ। ਈਡੀ ਦੇ ਜਲੰਧਰ ਜ਼ੋਨਲ ਦਫਤਰ ਵਲੋਂ ਕੀਤੀ ਗਈ ਇਹ ਛਾਪੇਮਾਰੀ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਧਾਰ ’ਤੇ ਹੋਈ ਹੈ। ਈਡੀ ਵਲੋਂ ਜਿਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਅੰਮਿ੍ਰਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਇਹ ਛਾਪੇਮਾਰੀ ਪੰਜਾਬ ਅਤੇ ਹਰਿਆਣਾ ਦੀਆਂ ਪੁਲਿਸ ਅਥਾਰਿਟੀਆਂ ਵਲੋਂ ਟਰੈਵਲ ਏਜੰਟਾਂ ਵਿਰੁੱਧ ਦਰਜ ਕੀਤੀਆਂ ਗਈਆਂ ਐਫ.ਆਰ.ਆਈਜ਼ ਦੇ ਅਧਾਰ ’ਤੇ ਹੋਈ ਹੈ। ਇਨ੍ਹਾਂ ਏਜੰਟਾਂ ’ਤੇ ਅਮਰੀਕਾ ਵਿਚ ਪਰਵਾਸ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਧੋਖਾ ਦੇਣ ਦਾ ਆਰੋਪ ਹੈ।

ਮੋਗਾ ’ਚ ਕਿਸਾਨ ਆਗੂ ਦੇ ਘਰ ਵੀ ਈਡੀ ਦਾ ਛਾਪਾ
ਕਿਸਾਨ ਆਗੂ ਨੇ ਕੇਂਦਰ ਸਰਕਾਰ ’ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਲਾਇਆ ਆਰੋਪ
ਮੋਗਾ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਅਤੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਆਗੂ ਸੁੱਖ ਗਿੱਲ ਮੋਗਾ ਦੇ ਘਰ ਵੀ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨ ਇਨੋਵਾ ਗੱਡੀਆਂ ਉੱਤੇ ਸਵਾਰ ਈਡੀ ਅਧਿਕਾਰੀ ਸਵੇਰੇ 7 ਵਜੇ ਦੇ ਕਰੀਬ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਪਿੰਡ ਤੋਤਾ ਸਿੰਘ ਵਾਲਾ ਪੁੱਜੇ ਅਤੇ ਘਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ। ਈਡੀ ਵਲੋਂ ਕਿਸੇ ਨੂੰ ਵੀ ਕਿਸਾਨ ਦੇ ਘਰ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਛਾਪਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਦੀ ਉਕਤ ਟੀਮ ਦਿੱਲੀ ਤੋਂ ਆਈ ਸੀ। ਉਨ੍ਹਾਂ ਕੋਈ ਹੋਰ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸਦੇ ਚੱਲਦਿਆਂ ਕਿਸਾਨ ਆਗੂ ਨੇ ਕੇਂਦਰ ਸਰਕਾਰ ਉਪਰ ਈਡੀ ਰਾਹੀਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ ਹੈ। ਕਿਸਾਨ ਆਗੂ ਸੁੱਖ ਗਿੱਲ ਨੇ ਕਿਹਾ ਕਿ ਉਹ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਈਡੀ ਨੂੰ ਉਨ੍ਹਾਂ ਦੇ ਘਰੋਂ ਕੁਝ ਵੀ ਮਿਲਣ ਵਾਲਾ ਨਹੀਂ ਹੈ।

RELATED ARTICLES
POPULAR POSTS