ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਘਰ ਬਨਾਉਣ ਅਤੇ ਇਨ੍ਹਾਂ ਨੂੰ ਫਾਈਨਾਂਸ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਨਵੀਂ ਫ਼ੈੱਡਰਲ ਏਜੰਸੀ ‘ਬਿਲਡ ਕੈਨੇਡਾ ਹੋਮਜ਼’ ਜਲਦੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਫਾਇਤੀ ਘਰਾਂ ਦਾ ਨਿਰਮਾਣ ਕਰ ਰਹੀ ਹੈ।
ਇਸਦੇ ਨਾਲ ਹੀ ਇਹ ਏਜੰਸੀ ਹੋਮ-ਬਿਲਡਿੰਗ ਦੇ ਖੇਤਰ ਵਿੱਚ ਨਵੀਂ ਖੋਜ ਵੀ ਕਰਵਾ ਰਹੀ ਹੈ ਜਿਸ ਨਾਲ ਨਵੇਂ ਕਿਫਾਇਤੀ ਘਰ ਘੱਟ ਲਾਗਤ ‘ਤੇ ਉਸਾਰੇ ਜਾ ਸਕਣਗੇ। ਸਥਾਪਨਾ ਦੇ 100 ਦਿਨਾਂ ਅੰਦਰ ਹੀ ਇਸ ਏਜੰਸੀ ‘ਬਿਲਡ ਕੈਨੇਡਾ ਹੋਮਜ਼’ ਨੇ ਆਪਣੀ ਵਧੀਆ ਕਾਰਗੁਜ਼ਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।
* ਹਜ਼ਾਰਾਂ ਨਵੇਂ ਘਰ ਬਨਾਉਣ ਦੀ ਵਚਨਬੱਧਤਾ ਪੂਰੀ ਕਰਨ ਲਈ ਉਨ੍ਹਾਂ ਦੀਆਂ ਨੀਹਾਂ ਪੁੱਟਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।
* ਤੇਜ਼ੀ ਨਾਲ ਘਰ ਬਨਾਉਣ ਅਤੇ ਇਨ੍ਹਾਂ ਦੀ ਡਿਲਿਵਰੀ ਲੋਕਾਂ ਨੂੰ ਜਲਦੀ ਦੇਣ ਲਈ ਅਜੋਕੇ ‘ਮਾਡੂਲਰ ਸਿਸਟਮ’ ਅਤੇ ‘ਫ਼ੈਕਟਰੀ ਬਿਲਟ’ ਢੰਗਾਂ-ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
* ਕੈਨੇਡਾ-ਭਰ ਵਿੱਚ ਹਾਊਸਿੰਗ ਦੇ ਨਵੇਂ ਮੌਕਿਆਂ ਲਈ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਨਾਲ ਲੈਂਡਮਾਰਕ ਐਗਰੀਮੈਂਟ ਸਾਈਨ ਕੀਤੇ ਜਾ ਰਹੇ ਹਨ।
ਘਰ ਬਣਾਉਣ ਅਤੇ ਲੋਕਾਂ ਨੂੰ ਇਹ ਬਿਨਾਂ ਦੇਰੀ ਦੇ ਦੇਣ ਲਈ ਕੈਨੇਡਾ ਸਰਕਾਰ ਵੱਲੋਂ ਤੇਜ਼ੀ, ਸਹਿਯੋਗ ਅਤੇ ਨਵੀਂ ਖੋਜ ਉੱਪਰ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
ਇਸ ਵੱਡੇ ਪ੍ਰਾਜੈੱਕਟ ਦੀਆਂ ਇਹ ਮੁੱਖ ਵਿਸ਼ੇਸ਼ਤਾਵਾਂ ਹਨ :
* ਟੋਰਾਂਟੋ, ਔਟਵਾ, ਵਿੰਨੀਪੈੱਗ, ਐਡਮੰਟਨ, ਲੌਂਗੁਇਲ ਅਤੇ ਡਾਰਟਮਾਊਥ ਵਰਗੇ ਵੱਡੇ ਸ਼ਹਿਰਾਂ ਵਿੱਚ ਫੈੱਡਰਲ ਲੈਂਡ ਉੱਪਰ 4,000 ਤੱਕ ‘ਡਾਇਰੈੱਕਟ ਬਿਲਡ ਯੂਨਿਟ’ ਬਣਾਏ ਜਾਣਗੇ।
* 3,000 ਨਵੇਂ ਘਰ ਬਨਾਉਣ ਅਤੇ ਫਾਈਨਾਂਸ ਕਰਨ ਲਈ ਔਟਵਾ ਸ਼ਹਿਰ ਨਾਲ ਭਾਈਵਾਲੀ ਕੀਤੀ ਜਾਏਗੀ।
* ਨੋਵਾ ਸਕੋਸ਼ੀਆਂ ਵਿੱਚ 1430 ਘਰ ਬਣਾਉਣ ਲਈ ਸਹਿਯੋਗੀ ਅਤੇ ਮਾਰਕੀਟ ਯੂਨਿਟਾਂ ਤੋਂ ਹੇਠਲੀਆਂ ਕੀਮਤਾਂ ਉੱਪਰ ਇਨ੍ਹਾਂ ਦੀ ਉਸਾਰੀ ਕੀਤੀ ਜਾਏਗੀ।
‘ਬਿਲਡ ਕੈਨੇਡਾ ਹੋਮਜ਼’ ਬੜੀ ਤੇਜ਼ੀ ਨਾਲ ਦਿਲਚਸਪੀ ਤੋਂ ਪੂੰਜੀ-ਨਿਵੇਸ਼ ਵੱਲ ਵਧ ਰਹੀ ਹੈ। ਘਰਾਂ ਦੇ ਨਿਰਮਾਣ ਲਈ ਆਈਆਂ ਸੈਂਕੜੇ ਪ੍ਰਪੋਜ਼ਲਾਂ ਇਸ ਦੇ ਵਿਚਾਰ ਅਧੀਨ ਹਨ ਅਤੇ ਸਾਲ 2026 ਵਿੱਚ ਇਸ ਵੱਡੇ ਪ੍ਰਾਜੈੱਕਟ ਨੂੰ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਮੁੱਚੇ ਕੈਨੇਡਾ ਵਿੱਚ ਕਿਫਾਇਤੀ ਘਰ ਤਿਆਰ ਕਰਨ ਦੀ ਯੋਜਨਾ ਸਰਕਾਰ ਵੱਲੋਂ ਪਹਿਲ ਦੇ ਆਧਾਰ ‘ਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਸ਼ਾਮਲ ਹੈ। ‘ਬਿਲਡ ਕੈਨੇਡਾ ਹੋਮਜ਼’ ਏਜੰਸੀ ਤੇਜ਼ੀ ਨਾਲ ਦਿੱਤੀਆਂ ਜਾ ਰਹੀਆਂ ਮਨਜ਼ੂਰੀਆਂ ਅਤੇ ਨਵੀਂ ਖੋਜ ਨਾਲ ਕੀਤੀ ਜਾ ਰਹੀ ਉਸਾਰੀ ਦੇ ਢੰਗਾਂ ਤਰੀਕਿਆਂ ਦੀ ਵਰਤੋਂ ਨਾਲ ਇਸ ਦਿਸ਼ਾ ਵਿੱਚ ਵਧੀਆ ਨਤੀਜੇ ਵਿਖਾ ਰਹੀ ਹੈ। ਹਜ਼ਾਰਾਂ ਯੋਗ ਕੈਨੇਡਾ-ਵਾਸੀ ਜਲਦੀ ਹੀ ਇਨ੍ਹਾਂ ਕਿਫਾਇਤੀ ਘਰਾਂ ਦਾ ਲਾਭ ਉਠਾ ਸਕਣਗੇ। ਇਸਦੇ ਨਾਲ ਇਹ ਸੰਭਵ ਹੋ ਸਕੇਗਾ ਕਿ ਹਰੇਕ ਕੈਨੇਡਾ-ਵਾਸੀ ਕੋਲ ਰਹਿਣ ਲਈ ਸੁਰੱਖਿਅਤ ਅਤੇ ਕਿਫ਼ਾਇਤੀ ਜਗ੍ਹਾ ਹੋਵੇ ਜਿਸ ਨੂੰ ਉਹ ਮਾਣ ਨਾਲ ‘ਆਪਣਾ ਘਰ’ ਕਹਿ ਸਕੇ।”

