Breaking News
Home / ਕੈਨੇਡਾ / ਦੂਸਰੀ ਸਲਾਨਾ ‘ਐਨਲਾਈਟ ਕਿੱਡਜ਼ ਰਨ ਫਾਰ ਐਜੂਕੇਸ਼ਨ’ ਦੌਰਾਨ ਲੱਗੀਆਂ ਖੂਬ ਰੌਣਕਾਂ

ਦੂਸਰੀ ਸਲਾਨਾ ‘ਐਨਲਾਈਟ ਕਿੱਡਜ਼ ਰਨ ਫਾਰ ਐਜੂਕੇਸ਼ਨ’ ਦੌਰਾਨ ਲੱਗੀਆਂ ਖੂਬ ਰੌਣਕਾਂ

ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਨੇ ਇਸ ਵਿਚ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਦੂਸਰੀ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਚਿੰਗੂਆਕੂਜ਼ੀ ਪਾਰਕ ਵਿਖੇ ਲੰਘੇ ਐਤਵਾਰ 7 ਜੁਲਾਈ ਨੂੰ ਕਰਵਾਈ ਗਈ। ਇਸ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ ਵਿਚ 200 ਤੋਂ ਵਧੇਰੇ ਦੌੜਨ ਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਨੌਜਵਾਨ ਲੜਕੇ ਤੇ ਲੜਕੀਆਂ ਤੋਂ ਇਲਾਵਾ ਬਜ਼ੁਰਗ, ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।
ਇਹ ਦੌੜ ਸਵੇਰੇ ਸਵਾ ਨੌਂ ਵਜੇ ਆਰੰਭ ਕੀਤੀ ਗਈ ਅਤੇ ਇਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਏਨਾ ਉਤਸ਼ਾਹ ਸੀ ਕਿ ਉਹ ਸਵੇਰੇ ਅੱਠ ਵਜੇ ਹੀ ਪਾਰਕ ਵਿਚ ਆਉਣੇ ਸ਼ੁਰੂ ਹੋ ਗਏ ਸਨ। ਪਹਿਲਾਂ 10 ਕਿਲੋਮੀਟਰ ਦੌੜਨ ਵਾਲਿਆਂ ਨੂੰ ਹਰੀ ਝੰਡੀ ਦਿੱਤੀ ਗਈ ਜਿਨ੍ਹਾਂ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੌਕਸ ਸਿੰਥੈਟਿਕ ਟਰੈਕ ਦੇ ਛੇ ਚੱਕਰ ਲਗਾਏ ਅਤੇ ਫਿਰ ਨਿਰਧਾਰਤ ਰੂਟ ਬਰੈਮਲੀ ਰੋਡ ਦੇ ਨਾਲ ਨਾਲ ਜਾ ਕੇ ਕੁਈਨ ਸਟਰੀਟ ਅਤੇ ਸੈਂਟਰ ਪਾਰਕ ਡਰਾਈਵ ਵੱਲ ਹੁੰਦੇ ਹੋਏ ਚਿੰਗੂਆਕੂਜ਼ੀ ਪਾਰਕ ਸਕੇਟ ਟਰੇਲ ਵੱਲ ਚਲੇ ਗਏ। ਉਨ੍ਹਾਂ ਦੇ ਜਾਣ ਤੋਂ 15 ਕੁ ਮਿੰਟਾਂ ਬਾਅਦ 5 ਕਿਲੋਮੀਟਰ ਵਾਲਿਆਂ ਨੂੰ ਸਟਾਰਟਿੰਗ ਦਿੱਤੀ ਗਈ ਜਿਨ੍ਹਾਂ ਨੇ ਟਰੈਕ ਦੇ ਦੋ ਚੱਕਰ ਲਗਾ ਕੇ ਓਸੇ ਹੀ ਰੂਟ ਉੱਪਰ ਜਾਣਾ ਸੀ। ਸਾਰੇ ਹੀ ਦੌੜਾਕਾਂ ਲਈ ਮਾਊਂਟ ਚਿੰਗੂਆਕੂਜ਼ੀ ਦੇ ਉੱਤਰ ਵਾਲੇ ਪਾਸਿਉਂ ਗ਼ੁਜ਼ਰ ਕੇ ਸੈਂਟਰ ਪਾਰਕ ਡਰਾਈਵ ਦੇ ਨਾਲ ਨਾਲ ਫਿਰ ਬਰੈਮਲੀ ਰੋਡ ਤੋਂ ਵਾਪਸ ਟੈਰੀ ਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿਚ ਪਹੁੰਚਣਾ ਨਿਸ਼ਚਿਤ ਕੀਤਾ ਗਿਆ ਸੀ। ਦੋਹਾਂ ਦੌੜਾਂ ਵਿਚ ਫ਼ਰਕ ਏਨਾ ਹੀ ਫ਼ਰਕ ਸੀ ਕਿ 10 ਕਿਲੋਮੀਟਰ ਵਾਲਿਆਂ ਨੇ ਪਾਰਕ ਦੇ ਆਲੇ-ਦੁਆਲੇ ਦੇ ਨਿਰਧਾਰਤ ਰੂਟ ਦੇ ਦੋ ਚੱਕਰ ਲਗਾਉਣੇ ਸਨ, ਜਦ ਕਿ 5 ਕਿਲੋਮੀਟਰ ਵਾਲਿਆਂ ਨੇ ਕੇਵਲ ਇਕ ਹੀ ਚੱਕਰ ਲਗਾਉਣਾ ਸੀ ਅਤੇ ਫਿਰ ਵਾਪਸੀ ઑਤੇ ਫਿਨਿਸ਼-ਲਾਈਨ ઑਤੇ ਪਹੁੰਚਣ ਤੋਂ ਪਹਿਲਾਂ ਸਾਰਿਆਂ ਨੇ ਹੀ ਟਰੈਕ ਦਾ ਇਕ-ਇਕ ਚੱਕਰ ਹੋਰ ਲਗਾਉਣਾ ਸੀ। ਇਸ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਗਾਈਡ ਕਰਨ ਲਈ ਵਾਲੰਟੀਅਰ ਵੱਖ-ਵੱਖ ਥਾਵਾਂ ‘ਤੇ ਖੜ੍ਹੇ ਕੀਤੇ ਗਏ ਸਨ ਜੋ ਉਨ੍ਹਾਂ ਨੂੰ ਲੋੜੀਂਦੇ ਨਿਰਦੇਸ਼ ਦੇ ਰਹੇ ਸਨ। ਦੌੜ ਦੀ ਸਮਾਪਤੀ ‘ਤੇ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਲਈ ਫ਼ਰੂਟ ਤੇ ਜੂਸ ਵਗ਼ੈਰਾ ਦੀ ਪੌਸ਼ਟਿਕ ਰਿਫ਼ਰੈੱਸ਼ਮੈਂਟ ਦਾ ਬਹੁਤ ਵਧੀਆ ਪ੍ਰਬੰਧ ਸੀ।
ਇਸ ਤੋਂ ਪਹਿਲਾਂ ਸਵੇਰੇ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਵੀ ਚਾਹ, ਕੌਫ਼ੀ ਤੇ ਲਾਈਟ ਸਨੈਕਸ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਈਵੈਂਟ ਦੇ ਅਖ਼ੀਰ ਵੱਲ ਵੱਧਦਿਆਂ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਵਿਚ 10 ਅਤੇ 5 ਕਿਲੋਮੀਟਰ ਦੇ ਸੱਭ ਤੋਂ ਤੇਜ਼ ਦੌੜਾਕਾਂ ਕਾਇਲ ਅਤੇ ਕੋਡੀ ਨੂੰ ਟਰਾਫ਼ੀਆਂ ਨਾਲ ਸਨਮਾਨਣ ਤੋਂ ਇਲਾਵਾ ਸੱਭ ਤੋਂ ਵਡੇਰੀ ਉਮਰ ਵਾਲਿਆਂ ਵਿਚ ਸ. ਵਤਨ ਸਿੰਘ ਗਿੱਲ (92 ਸਾਲ), ਬੀਬੀ ਅਮਰ ਕੌਰ (84 ਸਾਲ) ਅਤੇ ਸੱਭ ਤੋਂ ਛੋਟੀ ਉਮਰ ਦੇ ਈਥਨ ਗਰੇਵਾਲ (6 ਸਾਲ) ਅਤੇ ਇਕ ਹੋਰ ਬੇਟੀ (7 ਸਾਲ) ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕਾਂ ਧਿਆਨ ਸਿੰਘ ਸੋਹਲ ਅਤੇ ਸੰਜੂ ਗੁਪਤਾ ਨੂੰ ਵੀ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਈਵੈਂਟ ਦੇ ਮੁੱਖ ਆਯੋਜਿਕ ਨਰਿੰਦਰ ਬੈਂਸ ਵੱਲੋਂ ਟੀ.ਪੀ.ਏ.ਆਰ. ਕਲੱਬ, ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ, ਇੰਡੋ-ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਜਿਨ੍ਹਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਇਸ ਈਵੈਂਟ ਵਿਚ ਸ਼ਾਮਲ ਹੋਏ, ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਸਮੂਹ ਸਪਾਂਸਰਾਂ ਅਤੇ ਰੇਡੀਓ, ਟੀ.ਵੀ. ਤੇ ਪੰਜਾਬੀ ਅਖ਼ਬਾਰਾਂ ਦਾ ਵੀ ਧੰਨਵਾਦ ਕੀਤਾਂ ਜਿਨ੍ਹਾਂ ਨੇ ਇਸ ਈਵੈਂਟ ਦਾ ਸੁਨੇਹਾ ਆਪਣੇ ਮਾਧਿਅਮ ਰਾਹੀਂ ਲੋਕਾਂ ਤੀਕ ਪਹੁੰਚਾਇਆ। ਇਸ ਮੌਕੇ ઑਡਾ. ਸੁਖਦੇਵ ਸਿੰਘ ਝੰਡ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …