ਉਨਟਾਰੀਓ : ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਘੇ ਸਮਾਜ ਸੇਵਕ ਅਤੇ ਟਰੇਡ ਯੂਨੀਅਨ ਲੀਡਰ ਸ. ਮਹਿੰਦਰ ਸਿੰਘ ਵਾਲੀਆ (ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫਸਰ) ਅਕਤੂਬਰ 8, 2026 ਨੂੰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 17 ਅਕਤੂਬਰ, 2026 ਨੂੰ ਦੁਪਹਿਰ 1:00 ਤੋਂ 3:00 ਵਜੇ ਤੱਕ, ਵੈਸਟ ਹਾਲ, ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ (ਡਿਕਸੀ ਗੁਰੂਘਰ) ਵਿਖੇ ਹੋਵੇਗੀ।
ਸ. ਮਹਿੰਦਰ ਸਿੰਘ ਵਾਲੀਆ ਨੇ ਆਪਣਾ ਜੀਵਨ ਅਧਿਆਪਕ ਤੋਂ ਸ਼ੁਰੂ ਕੀਤਾ। ਬਹੁਤ ਸਾਲ ਲੈਕਚਰਾਰ ਰਹੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਆਪ ਪੰਜਾਬ ਸਟੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁੱਖ ਸਲਾਹਕਾਰ, ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਅਤੇ ਪੰਜਾਬ ਲੈਕਚਰਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਸੇਵਾ ਮੁਕਤ ਹੋਣ ਉਪਰੰਤ ਆਪ ਨੇ ਸਮਾਜ ਸੇਵਾ ਦੇ ਕੰਮਾਂ ਵਿਚ ਬਹੁਤ ਯੋਗਦਾਨ ਪਾਇਆ। ਆਪ ਨੇ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਬਾਰੇ ਸੈਂਕੜੇ ਲੇਖ ਲਿਖੇ, ਜੋ ਵੱਖ-ਵੱਖ ਅਖਬਾਰਾਂ ਵਿਚ ਛਪਦੇ ਰਹੇ। ਜ਼ਿੰਦਗੀ ਨੂੰ ਹੁਲਾਰਾ ਦੇਣ ਬਾਰੇ ‘ਨਿਸ਼ਚੈ ਕਰ ਅਪਨੀ ਜੀਤ ਕਰੋ’ ਵਰਗੀਆਂ ਸੱਤ ਕਿਤਾਬਾਂ ਲਿਖੀਆਂ ਅਤੇ ਮੁਫਤ ਵੰਡੀਆਂ। ਸ. ਮਹਿੰਦਰ ਸਿੰਘ ਵਾਲੀਆ ਦੀ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਯੂਨੀਵਰਸਿਟੀ ਆਫ ਟੋਰਾਂਟੋ ਨੂੰ ਮੈਡੀਕਲ ਉਦੇਸ਼ਾਂ ਲਈ ਦਾਨ ਕਰ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਫੋਨ ਨੰਬਰ 647-554-8474 ਜਾਂ 647-242-9741 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

