‘ਇਨਸਪੀਰੇਸ਼ਨਲ ਸਟੈੱਪਸ’ 2021 ਨਾਲ ਸਬੰਧਿਤ ਵਰਚੂਅਲ ‘ਫੁੱਲ-ਮੈਰਾਥਨ’ ਵੀ ਏਸੇ ਹਫ਼ਤੇ ਦੋ ਕਿਸ਼ਤਾਂ ‘ਚ ਲਗਾਈ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਸੱਤ-ਅੱਠ ਸਾਲਾਂ ਤੋਂ ਸਰਗਰਮ ਟੀਪੀਏਆਰ ਕਲੱਬ ਦੇ ਮੈਂਬਰ ਸੰਜੂ ਗੁਪਤਾ ਵੱਲੋਂ ਨਿੱਜੀ ਤੌਰ ‘ਤੇ ਬੀਤੇ ਹਫ਼ਤੇ ਤਿੰਨ ਵਰਚੂਅਲ ਹਾਫ਼-ਮੈਰਾਥਨ ਦੌੜਾਂ ਲਾਈਆਂ ਗਈਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਮਹਾਂਮਾਰੀ ਕੋਵਿਡ-19 ਅਤੇ ਇਸ ਦੇ ਹੋਰ ਨਵੇਂ ਵੇਰੀਐਂਟ ਆਉਣ ਨਾਲ ਸਰਕਾਰ ਵੱਲੋਂ ਅਜੇ ਜਨਤਕ-ਸਰਗ਼ਰਮੀਆਂ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਗਈ ਅਤੇ ਵੈਸੇ ਵੀ ਖ਼ੁੱਲ੍ਹੀਆਂ-ਥਾਵਾਂ ‘ਤੇ ਲੋਕ ਨਿਰਧਾਰਤ ਗਿਣਤੀ ਤੱਕ ਹੀ ਇਕੱਠੇ ਹੋ ਸਕਦੇ ਹਨ। ਇਸ ਤਰ੍ਹਾਂ ਓਪਨ-ਖੇਡਾਂ ਅਤੇ ਦੌੜਾਂ ਨਾਲ ਸਬੰਧਿਤ ਈਵੈਂਟਸ ਨਾਲ ਜੁੜੀਆਂ ਸਰਗ਼ਰਮੀਆਂ ਅਜੇ ਤੱਕ ਲੱਗਭੱਗ ਠੱਪ ਹੀ ਹਨ। ਹੋ ਸਕਦਾ ਹੈ ਕਿ ਆਉਂਦੇ ਕੁਝ ਹਫ਼ਤਿਆਂ ਵਿਚ ਕੋਵਿਡ ਦੀ ਰੋਕਥਾਮ ਲਈ ਇਸ ਦੇ ਟੀਕਾਕਰਨ ਦੀ ਚੱਲ ਰਹੀ ਮੁਹਿੰਮ ਦੌਰਾਨ 70 ਫ਼ੀਸਦੀ ਲੋਕਾਂ ਵੱਲੋਂ ਦੂਸਰੀ ਖ਼ੁਰਾਕ ਲੈਣ ਤੋਂ ਬਾਅਦ ਅਮਰੀਕਾ ਵਾਂਗ ਕੈਨੇਡਾ ਦੀ ਸਰਕਾਰ ਵੱਲੋਂ ਵੀ ਅਜਿਹੀਆਂ ਸਰਗਰਮੀਆਂ ਦੀ ਆਗਿਆ ਵੀ ਜਲਦੀ ਹੀ ਮਿਲ ਹੀ ਜਾਏ, ਕਿਉਂਕਿ ਪ੍ਰਾਪਤ ਖ਼ਬਰਾਂ ਅਨੁਸਾਰ ਓਨਟਾਰੀਓ ਵਿਚ ਲੱਗਭੱਗ 45 ਫ਼ੀਸਦੀ ਲੋਕ ਹੁਣ ਤੱਕ ਟੀਕਾਕਰਨ ਦੀ ਦੂਸਰੀ ਖ਼ੁਰਾਕ ਦੀ ਖ਼ੁਰਾਕ ਲੈ ਚੁੱਕੇ ਹਨ। ਫਿਲਹਾਲ, ਮੌਜੂਦਾ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਮਿਸਿਜ਼ ਕੈਲੀ ਆਰਨੌਟ ਜੋ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਦੌੜਾਂ ਦੇ ਕਈ ਈਵੈਂਟਸ ਦਾ ਸਫ਼ਲ ਆਯੋਜਨ ਕਰਦੇ ਰਹੇ ਹਨ, ਵੱਲੋਂ ਪਹਿਲੀ ਜੁਲਾਈ ‘ਕੈਨੇਡਾ ਡੇਅ’ ਵਾਲੇ ਦਿਨ ਪਲੈਨ ਕੀਤੇ ਗਏ ਹਾਫ਼-ਮੈਰਾਥਨ ਈਵੈਂਟ ਵਿਚ ਸੰਜੂ ਗੁਪਤਾ ਨੇ ਵਰਚੂਅਲ ਰੂਪ ਵਿਚ ‘ਸੋਨੌਮਾ ਹਾਈਟਸ ਪਾਰਕ’ ਵਿਚ ਹਾਫ਼-ਮੈਰਾਥਨ ਲਗਾ ਕੇ ਆਪਣੀ ਸ਼ਮੂਲੀਅਤ ਕੀਤੀ। ਉਸ ਤੋਂ ਚਾਰ ਦਿਨ ਪਹਿਲਾਂ 27 ਜੂਨ ਦਿਨ ਐਤਵਾਰ ਨੂੰ ਉਸ ਨੇ ਏਸੇ ਪਾਰਕ ਵਿਚ ਹੀ ਹਾਫ਼-ਮੈਰਾਥਨ ਲਗਾ ਕੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਆਯੋਜਕਾਂ ਵੱਲੋਂ ਇਸ ਸਾਲ ਵਰਚੂਅਲ ਰੂਪ ਵਿਚ ਆਯੋਜਿਤ ਕੀਤੇ ਜਾ ਰਹੇ ‘ਇਨਸਪੀਰੇਸ਼ਨਲ ਸਟੈੱਪਸ -2021’ ਵਿਚ ਸ਼ਮੂਲੀਅਤ ਕਰਦਿਆਂ ਹੋਇਆਂ ਹਾਫ਼-ਮੈਰਾਥਨ ਲਗਾਈ ਸੀ ਅਤੇ ਫਿਰ ਲੰਘੇ ਐਤਵਾਰ 4 ਜੁਲਾਈ ਨੂੰ ਏਸੇ ਪਾਰਕ ਵਿਚ ਹੀ ਇਕ ਹੋਰ ਹਾਫ਼-ਮੈਰਾਥਨ ਲਗਾ ਕੇ ਇਸ ਈਵੈਂਟ ਲਈ ਫੁੱਲ-ਮੈਰਾਥਨ ਸਫ਼ਲਤਾ-ਪੂਰਵਕ ਪੂਰੀ ਕਰਕੇ ਸਫ਼ਲ ਦੌੜਾਕਾਂ ਵਿਚ ਆਪਣਾ ਨਾਂ ਦਰਜ ਕਰਵਾਇਆ। ਇਸ ਤਰ੍ਹਾਂ ਸੰਜੂ ਗੁਪਤਾ ਨੇ ਇਕ ਹਫਤੇ ਵਿਚ ਤਿੰਨ ਹਾਫ਼ ਮੈਰਾਥਨ ਦੌੜਾ ਲਗਾ ਕੇ ਵਧੀਆ ਕਾਰਗ਼ੁਜ਼ਾਰੀ ਵਿਖਾਈ।