ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਦੀ ਤਰਜ਼ ਉੱਤੇ ਹੁਣ ਮਿਸੀਸਾਗਾ ਵਿੱਚ ਵੀ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ। ਇੱਥੇ ਵੀ ਹੁਣ ਆਟੋਮੈਟਿਕ ਢੰਗ ਨਾਲ ਚੱਲਣ ਵਾਲੇ ਸਪੀਡ ਕੈਮਰੇ ਲਾ ਦਿੱਤੇ ਗਏ ਹਨ, ਜਿਹੜੇ ਅੱਖ ਦੇ ਫੋਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਤਸਵੀਰ ਖਿੱਚ ਲੈਣਗੇ। ਸੋਮਵਾਰ ਨੂੰ ਸਿਟੀ ਵੱਲੋਂ ਦੋ ਆਟੋਮੇਟਿਡ ਸਪੀਡ ਐਨਫੋਰਸਮੈਂਟ (ਏ ਐਸ ਈ) ਕੈਮਰੇ ਸ਼ੁਰੂ ਕੀਤੇ ਗਏ। ਇਹ ਕੈਮਰੇ ਮੌਰਨਿੰਗਸਟਾਰ ਡਰਾਈਵ ਦਰਮਿਆਨ ਲੈਂਕਾਸਟਰ ਐਵਨਿਊ ਤੇ ਨੀਦਰਵੁੱਡ ਰੋਡ ਦੇ ਨਾਲ ਨਾਲ ਸਾਅਮਿੱਲ ਵੈਲੀ ਡਰਾਈਵ ਉੱਤੇ ਫੋਕਵੇਅ ਐਵਨਿਊ ਤੇ ਗਰੌਸਵਰਨਰ ਪਲੇਸ ਦਰਮਿਆਨ ਲਾਏ ਗਏ ਹਨ। ਇਸ ਦੌਰਾਨ ਮੇਅਰ ਬੌਨੀ ਕ੍ਰੌਂਬੀ ਨੇ ਆਪਣੀ ਸਿਟੀ ਦੇ ਡਰਾਈਵਰਾਂ ਲਈ ਛੱਡੇ ਗਏ ਇੱਕ ਵੀਡੀਓ ਮੈਸੇਜ ਵਿੱਚ ਆਖਿਆ ਕਿ ਉਹ ਗੱਡੀ ਸਪੀਡ ਲਿਮਿਟ ਦੇ ਅੰਦਰ ਹੀ ਚਲਾਉਣ। ਉਨ੍ਹਾਂ ਆਖਿਆ ਕਿ ਜੇ ਤੁਸੀਂ ਮਿਸੀਸਾਗਾ ਵਿੱਚ ਡਰਾਈਵ ਕਰ ਰਹੇ ਹੋਂ ਤਾਂ ਸਾਰੀਆਂ ਰੋਡਜ਼ ਨੂੰ ਬਿਲਕੁਲ ਸੇਫ ਰੱਖੋ ਤੇ ਜ਼ਿਮੇਵਾਰੀ ਨੂੰ ਸਮਝਦਿਆਂ ਹੋਇਆਂ ਆਪਣੀ ਸਪੀਡ ਦੀ ਹੱਦ ਵਿੱਚ ਰਹੋ। ਚੰਗੀ ਖਬਰ ਇਹ ਹੈ ਕਿ ਜੇ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋਂ ਤੇ ਸਪੀਡ ਦੀ ਹੱਦ ਵਿੱਚ ਰਹਿੰਦੇ ਹੋ ਤਾਂ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਤੁਹਾਨੂੰ ਜੁਰਮਾਨਾ ਨਹੀਂ ਹੋਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਇਹ ਦੋਵੇਂ ਕੈਮਰੇ ਸਕੂਲ ਏਰੀਆ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਮਹੀਨੇ ਵਿੱਚ ਬਦਲਵੀਆਂ ਥਾਵਾਂ ਉੱਤੇ ਲਾਏ ਜਾਣਗੇ। ਸਿਟੀ ਆਫ ਮਿਸੀਸਾਗਾ ਤੇ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ਉੱਤੇ ਤੇਜ਼ ਰਫਤਾਰੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਸਾਲ ਪੂਰੀ ਸਿਟੀ ਵਿੱਚ ਵੀਹ ਹੋਰਨਾਂ ਥਾਵਾਂ ਉੱਤੇ ਵਾਧੂ ਏਐਸਈ ਕੈਮਰੇ ਲਾਏ ਜਾਣਗੇ ਤੇ ਹਰ ਥਾਂ ਉੱਤੇ ਉਨ੍ਹਾਂ ਕੈਮਰਿਆਂ ਦੀ ਜਾਣਕਾਰੀ ਦੇਣ ਲਈ ਸਾਈਨ ਵੀ ਲਾਏ ਜਾਣਗੇ ਤਾਂ ਕਿ ਡਰਾਈਵਰਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਥਾਵਾਂ ਉੱਤੇ ਕੈਮਰੇ ਹਨ।
ਜੀਟੀਏ ਵਿੱਚ ਮਿਸੀਸਾਗਾ ਹੀ ਅਜਿਹੀ ਕਮਿਊਨਿਟੀ ਹੈ ਜਿਸ ਨੇ ਸੱਭ ਤੋਂ ਅਖੀਰ ਵਿੱਚ ਕੈਮਰਿਆਂ ਦੀ ਵਰਤੋਂ ਸ਼ੁਰੂ ਕੀਤੀ ਹੈ। ਕ੍ਰੌਂਬੀ ਨੇ ਆਖਿਆ ਕਿ ਤੇਜ਼ ਰਫਤਾਰ ਉਨ੍ਹਾਂ ਦੀ ਸਿਟੀ ਦੀ ਬਹੁਤ ਗੰਭੀਰ ਸਮੱਸਿਆ ਹੈ, ਪਿਛਲੇ ਸਾਲ ਪੀਲ ਪੁਲਿਸ ਵੱਲੋਂ 8000 ਟਿਕਟਾਂ ਇਸ ਮਕਸਦ ਲਈ ਜਾਰੀ ਕੀਤੀਆਂ ਗਈਆਂ ਸਨ।