ਟੋਰਾਂਟੋ/ਡਾ.ਝੰਡ : ਐੱਨ.ਡੀ.ਪੀ. ਦੇ ਟੋਰਾਂਟੋ ਸਥਿਤ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਓਨਟਾਰੀਓ ਸੂਬੇ ਵਿੱਚ 2018 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇ-ਨਜ਼ਰ ਪਾਰਟੀ ਦੀ ਤਿੰਨ-ਦਿਨਾਂ ਡੈਲਗੇਟਸ ਕਨਵੈੱਨਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1200 ਡੈਲੀਗੇਟਾਂ ਨੇ ਭਾਗ ਲਿਆ ਅਤੇ ਪਾਰਟੀ ਨੇਤਾ ਐਂਡਰੀਆ ਹਾਰਵੱਥ ਦੀ ਅਗਵਾਈ ਵਿੱਚ ਇਨ੍ਹਾਂ ਚੋਣਾਂ ਵਿੱਚ ਪੂਰੀ ਸਰਗ਼ਰਮੀ ਨਾਲ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ। ਇਸ ਕਨਵੈੱਨਸ਼ਨ ਦੇ ਆਖ਼ਰੀ ਦਿਨ ਐਤਵਾਰ ਨੂੰ ਇਸ ਵਿੱਚ ਵਿੱਚ ਹਾਜ਼ਰ ਡੈਲੀਗੇਟਾਂ ਵਿੱਚੋਂ 90 ਫ਼ੀਸਦੀ ਨੇ ਪਾਰਟੀ ਦੇ ਇਸ ਫ਼ੈਸਲੇ ਉੱਪਰ ਆਪਣੀ ਮੋਹਰ ਲਗਾਈ। ਸ਼ਨੀਵਾਰ ਵਾਲੇ ਦਿਨ ਕਨਵੈੱਨਸ਼ਨ ਵਿੱਚ ਐਂਡਰੀਆ ਨੇ ਹਾਈਡਰੋ-ਵੱਨ ਨੂੰ ਵੇਚਣ ਦੇ ਵਿਰੋਧ ਵਿੱਚ ਅਤੇ ਬਿਜਲੀ ਦੇ ਬਿੱਲਾਂ ਵਿੱਚ 30 ਫ਼ੀਸਦੀ ਕਟੌਤੀ ਕਰਨ ਦੇ ਆਪਣੇ ਪਹਿਲਾਂ ਕੀਤੇ ਹੋਏ ਅਹਿਦਾਂ ਨੂੰ ਦੁਹਰਾਉਂਦਿਆਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ 2018 ਦੀਆਂ ਚੋਣਾਂ ਵਿੱਚ ਸੱਤਾ ਵਿੱਚ ਆਈ ਤਾਂ ਉਹ ਇੱਕ ‘ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ’ ਬਨਾਉਣਗੇ।
ਕਨਵੈੱਨਸ਼ਨ ਦੇ ਪਹਿਲੇ ਦੋ ਦਿਨਾਂ ਵਿੱਚ ਡੈਲੀਗੇਟਾਂ ਨੇ ਓਨਟਾਰੀਓ ਲਈ ਐੱਨ.ਡੀ.ਪੀ. ਦੇ ਵਿਜ਼ਨ ਬਾਰੇ ਵਿਸਤ੍ਰਿਤ ਬਹਿਸ ਕੀਤੀ ਜਿਸ ਵਿੱਚ ਲੋਕਾਂ ਪ੍ਰਤੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਅਤੇ ਓਨਟਾਰੀਓ ਵਿੱਚ ਹਰੇਕ ਪਰਿਵਾਰ ਲਈ ਆਪਣਾ ਜੀਵਨ ਖ਼ੁਸ਼ਹਾਲ ਅਤੇ ਸੁਖੀ ਬਨਾਉਣਾ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਦੀਆਂ ਦਰਾਂ, ਘਰਾਂ ਦੀਆਂ ਕੀਮਤਾਂ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਅਤੇ ਮਜ਼ਦੂਰਾਂ ਦੇ ਮਿਹਨਤਾਨੇ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਕਈ ਮਤੇ ਪਾਸ ਕੀਤੇ ਗਏ।
ਲੰਘੇ ਸ਼ੁੱਕਰਵਾਰ ਨੂੰ ਮੈਟਰੋ ਟੋਰਾਂਟੋ ਕਨਵੈੱਨਸ਼ਨ ਸੈਂਟਰ ਵਿੱਚ ਸ਼ੁਰੂ ਹੋਈ ਇਹ ਤਿੰਨ-ਦਿਨਾਂ ਕਨਵੈੱਨਸ਼ਨ ਐਤਵਾਰ 23 ਅਪ੍ਰੈਲ ਤੱਕ ਚੱਲੀ ਅਤੇ ਇਸ ਵਿੱਚ ਮਾਈਕ ਲੈਟਿਨ ਅਤੇ ਔਸਮਾ ਮਲਿਕ ਮੁੱਖ-ਆਕਰਸ਼ਣ ਸਨ। ਉਨ੍ਹਾਂ ਤੋਂ ਇਲਾਵਾ ਇਸ ਕਨਵੈੱਨਸ਼ਨ ਨੂੰ ਡਾ. ਡੇਨੀਅਲ ਮਾਰਟਿਨ ਨੇ ਸੋਸ਼ਲ ਈਵੈਂਟਸ ਐਂਡ ਪਾਲਸੀ ਡੀਬੇਟ ਦੇ ਗੈੱਸਟ-ਸਪੀਕਰ ਵਜੋਂ ਸੰਬੋਧਨ ਕੀਤਾ। ਕਨਵੈੱਨਸ਼ਨ ਵਿੱਚ ਕਈ ਬੁਲਾਰਿਆਂ ਦਾ ਵਿਚਾਰ ਸੀ ਕਿ ਪ੍ਰੀਮੀਅਰ ਕੈਥਲੀਨ ਵਿੱਨ੍ਹ ਨੇ ਓਨਟਾਰੀਓ ਦਾ ਕਾਫ਼ੀ ਨੁਕਸਾਨ ਕੀਤਾ ਹੈ। ਓਨਟਾਰੀਓ ਦੇ ਪਰਿਵਾਰ ਯਥਾ-ਯੋਗ ਘਰ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਹੋਵੇ ਅਤੇ ਉਹ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਉਹ ਹੈੱਲਥ-ਕੇਅਰ ਵਿੱਚ ਹੋਰ ਕਟੌਤੀਆਂ ਬਰਦਾਸ਼ਤ ਨਹੀਂ ਕਰ ਸਕਦੇ। ਬੁਲਾਰਿਆਂ ਦਾ ਕਹਿਣਾ ਸੀ ਕਿ ਸਾਨੂੰ ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਾਨੂੰ ਸਿਖ਼ਰਲੇ ਬਿੰਦੂ ਵੱਲ ਧੱਕ ਦਿੱਤਾ ਗਿਆ ਹੈ ਅਤੇ ਐੱਨ.ਡੀ.ਪੀ. ਨੂੰ ਹੁਣ ਕੁਝ ਕਰਨਾ ਹੀ ਪੈਣਾ ਹੈ।
Home / ਕੈਨੇਡਾ / ਓਨਟਾਰੀਓ 2018 ਸੂਬਾਈ ਚੋਣਾਂ ਨੂੰ ਮੁੱਖ ਰੱਖਦਿਆਂ ਐੱਨਡੀਪੀ ਦਾ ਹੋਇਆ ਟੋਰਾਂਟੋ ਵਿੱਚ ਡੈਲੀਗੇਟ ਇਜਲਾਸ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …