2.8 C
Toronto
Tuesday, December 23, 2025
spot_img
Homeਕੈਨੇਡਾਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਮਗਰੋਂ ਭਾਈਚਾਰੇ ਅੰਦਰ ਸੋਗ ਅਤੇ ਗੁੱਸੇ ਦੀ...

ਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਮਗਰੋਂ ਭਾਈਚਾਰੇ ਅੰਦਰ ਸੋਗ ਅਤੇ ਗੁੱਸੇ ਦੀ ਲਹਿਰ

ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿੱਚ ਬੇਹੱਦ ਮਕਬੂਲ ਸਨ ਸਾਹਸੀ
ਐਬਸਫੋਰਡ/ਡਾ.ਗੁਰਵਿੰਦਰ ਸਿੰਘ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਵਿੱਚ 68 ਸਾਲਾ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵਕ ਦਰਸ਼ਨ ਸਿੰਘ ਸਾਹਸੀ ਦੀ, ਦਿਨ-ਦਿਹਾੜੇ ਉਨ੍ਹਾਂ ਦੇ ਘਰ ਨੇੜੇ ਅਣਪਛਾਤੇ ਹਮਲਾਵਰ ਦੁਆਰਾ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਸਥਾਨਕ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।
ਬਹੁ-ਰਾਸ਼ਟਰੀ ਕੱਪੜਾ ਰੀਸਾਈਕਲਿੰਗ ਕੰਪਨੀ ਕੈਨਮ ਗਰੁੱਪ ਦੇ ਮਾਲਕ, ਦਰਸ਼ਨ ਸਿੰਘ ਸਾਹਸੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਹਲਕੇ ‘ਚ ਦੁਰਾਹੇ ਨੇੜਲੇ ਰਾਜਗੜ੍ਹ ਪਿੰਡ ਦੇ ਰਹਿਣ ਵਾਲੇ ਸਨ। ਉਹ ਸਾਢੇ ਤਿੰਨ ਦਹਾਕੇ ਪਹਿਲਾਂ 1991 ਵਿੱਚ ਕੈਨੇਡਾ ਆ ਵਸੇ ਸਨ। 27 ਅਕਤੂਬਰ ਦਿਨ ਸੋਮਵਾਰ ਦੀ ਸਵੇਰ ਨੂੰ, ਜਦੋਂ ਉਹ ਕੰਮ ‘ਤੇ ਜਾਣ ਵਾਸਤੇ ਆਪਣੇ ਪਿਕ-ਅੱਪ ਟਰੱਕ ‘ਤੇ ਸਵਾਰ ਹੋ ਰਹੇ ਸਨ, ਤਦ ਹਮਲਾਵਰ ਨੇ ਉਨ੍ਹਾਂ ਦੇ ਘਰ ਨੇੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਐਬਸਫੋਰਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ”ਰਿਜਵਿਊ ਡਰਾਈਵ ‘ਤੇ ਹੋਈ ਹੱਤਿਆ ਦੀ ਘਟਨਾ ਦੀ ਜਾਂਚ ਮਿਥ ਕੇ ਕੀਤੀ ਗਈ ਕਤਲ ਵਜੋਂ ਕੀਤੀ ਜਾ ਰਹੀ ਹੈ।”
ਐਬਸਫੋਰਡ ਸਿਟੀ ਕੌਂਸਲ ਤੋਂ ਲੈ ਕੇ ਪ੍ਰੋਵਿੰਸ਼ਿਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਨਿੱਜੀ ਤੌਰ ‘ਤੇ ਦਰਸ਼ਨ ਸਿੰਘ ਸਾਹਸੀ ਹੁਰਾਂ ਦੇ ਭਾਈਚਾਰਕ ਤੌਰ ‘ਤੇ ਮੋਹਰੀ ਸੁਭਾਅ ਤੋਂ ਭਲੀ ਭਾਂਤ ਵਾਕਫ ਸਨ। ਇਉਂ ਇਹ ਕਤਲ ਮਹਿਜ਼ ਵਾਰਦਾਤ ਨਾ ਹੋ ਕੇ, ਸਿਆਸੀ ਹਲਕਿਆਂ ਵਿੱਚ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ। ਦਰਸ਼ਨ ਸਿੰਘ ਸਾਹਸੀ ਦੀ ਦਰਦਨਾਕ ਮੌਤ ਕਾਰਨ ਭਾਈਚਾਰੇ ਅੰਦਰ ਮਾਹੌਲ ਗਮਗੀਨ ਹੈ। ਉਹਨਾਂ ਦੇ ਘਰ ਨੇੜੇ ਸਥਿਤ ਪਾਰਕ ਵਿੱਚ ਜਦੋਂ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੂੰ ਪੱਤਰਕਾਰ ਮਿਲੇ, ਤਾਂ ਲੋਕ ਕਾਨੂੰਨ ਤੇ ਪ੍ਰਸ਼ਾਸਨ ਕੈਨੇਡਾ ਵਿੱਚ ਭਾਰੀ ਢਿਲ ਮੱਠ ਅਤੇ ਦਿਨ ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਨੂੰ ਲੈ ਕੇ ਤਿੱਖੇ ਬੇਹੱਦ ਨਿਰਾਸ਼ ਅਤੇ ਰੋਹ ਵਿੱਚ ਸਨ।
ਸਾਹਸੀ ਪਰਿਵਾਰ ਵਲੋਂ ਕਿਸੇ ਵੀ ਫਿਰੌਤੀ ਦੀ ਧਮਕੀ ਤੋਂ ਇਨਕਾਰ : ਸੋਸ਼ਲ ਮੀਡੀਆ ‘ਤੇ ਇੱਕ ਅਣ-ਪ੍ਰਮਾਣਿਤ ਪੋਸਟ ਵਿੱਚ, ਲਾਰੈਂਸ ਬਿਸ਼ਨੋਈ ਸਮੂਹ ਦੇ ਗੈਂਗਸਟਰ ਗੋਲਡੀ ਢਿੱਲੋਂ ਨੇ ਕਥਿਤ ਤੌਰ ‘ਤੇ ਸਾਹਸੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਸਾਹਸੀ ਨੇ ”ਉਨ੍ਹਾਂ ਦੀਆਂ ਜਬਰੀ ਵਸੂਲੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਸੀ।” ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਦਰਸ਼ਨ ਸਿੰਘ ਸਾਹਸੀ ਦੇ ਪੁੱਤਰ ਅਰਪਨ ਸਾਹਸੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਸਬੰਧ ਵਿੱਚ ਅਜਿਹੀ ਕਿਸੇ ਵੀ ਧਮਕੀ/ਜਬਰੀ ਵਸੂਲੀ ਦੇ ਕਾਲ ਆਉਣ ਦੇ ਦਾਅਵਿਆਂ ਨੂੰ ਸਖ਼ਤੀ ਨਾਲ ਨਕਾਰਦੇ ਹਨ। ਉਸ ਨੇ ਕਿਹਾ ਕਿ ਸਾਹਸੀ ਪਰਿਵਾਰ ਉਸ ਦੇ ਪਿਤਾ ਦੇ ”ਨਾਮ ਨੂੰ ਬਦਨਾਮ ਨਹੀਂ ਹੋਣ ਦੇਵੇਗਾ।””ਅਸੀਂ ਅਜੇ ਵੀ ਜਵਾਬ ਲੱਭ ਰਹੇ ਹਾਂ। ਅਸੀਂ ਅਜਿਹੀਆਂ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਾਂ, ਜੋ ਫੈਲਾਈਆਂ ਜਾ ਰਹੀਆਂ ਹਨ। ਮੇਰੇ ਪਿਤਾ ਜਾਂ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਦੇ ਵੀ ਕਿਸੇ ਗੈਂਗਸਟਰ ਆਦਿ ਤੋਂ ਕੋਈ ਧਮਕੀ, ਜਬਰੀ ਵਸੂਲੀ ਜਾਂ ਫਿਰੌਤੀ ਦੀ ਕਾਲ ਨਹੀਂ ਮਿਲੀ। ਮੇਰੇ ਪਿਤਾ ਨੂੰ ਮਾਰਨ ਨਾਲ ਕਿਸੇ ਨੂੰ ਵੀ, ਬਿਲਕੁਲ ਫਾਇਦਾ ਨਹੀਂ ਹੁੰਦਾ। ਉਹ ਇੱਕ ਅਜਿਹਾ ਆਦਮੀ ਸੀ, ਜਿਸ ਨੇ ਹਮੇਸ਼ਾ ਸਮਾਜ ਨੂੰ ਆਪਣਾ ਬਣਦਾ ਹਿੱਸਾ ਵਾਪਸ ਦਿੱਤਾ। ਜੋ ਲੋਕ ਮੇਰੇ ਪਿਤਾ ਨੂੰ ਜਾਣਦੇ ਹਨ, ਉਹ ਸੱਚਮੁੱਚ ਜਾਣਦੇ ਹਨ ਕਿ ਉਹ ਕੌਣ ਸਨ”, ਅਰਪਨ ਆਪਣੇ ਪਿਤਾ ਦੀ ਕੰਪਨੀ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ।
ਅਰਪਨ ਨੇ ਕਿਹਾ ਕਿ ਸੋਮਵਾਰ ਸਵੇਰੇ, ਉਸ ਦੇ ਪਿਤਾ ਰੁਟੀਨ ਵਾਂਗ ਕੰਮ ‘ਤੇ ਜਾ ਰਹੇ ਸਨ ਅਤੇ ”ਬਿਲਕੁਲ ਕੁਝ ਵੀ ਅਸਾਧਾਰਨ ਨਹੀਂ ਸੀ”। ”ਜੇਕਰ ਉਹਨਾਂ ਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਸਾਡੇ ਨਾਲ ਸਾਂਝਾ ਕਰਦੇ। ਉਸ ਦਿਨ ਉਹਨਾਂ ਵਿਵਹਾਰ ਵਿੱਚ ਜਾਂ ਆਲੇ-ਦੁਆਲੇ ਕੁਝ ਵੀ ਅਸਾਧਾਰਨ ਨਹੀਂ ਸੀ। ਉਹ ਸਿਰਫ਼ ਆਪਣੀ ਗੱਡੀ ਵਿੱਚ ਕੰਮ ‘ਤੇ ਜਾ ਰਹੇ ਸਨ, ਜਦੋਂ ਅਣਪਛਾਤੇ ਹਮਲਾਵਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ। ਜੇਕਰ ਉਹਨਾਂ ਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਇਸ ਬਾਰੇ ਚੁੱਪ ਰਹਿਣ ਜਾਂ ਇਸ ਨੂੰ ਅਣਦੇਖਿਆ ਕਰਨ ਵਾਲੇ ਨਹੀਂ ਸਨ। ਉਹ ਆਪਣੀ ਸਾਰੀ ਤਾਕਤ ਇਸ ਦੀ ਜਾਂਚ ਪੜਤਾਲ ਪਿੱਛੇ ਲਗਾ ਦਿੰਦੇ,” ਅਰਪਨ ਨੇ ਕਿਹਾ।
”ਮੇਰੇ ਪਿਤਾ ਦੇ ਆਪਣੇ ਕੰਮ ਪ੍ਰਤੀ ਸਮਰਪਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਆਖਰੀ ਪਲ ਵੀ ਉਦੋਂ ਆਇਆ, ਜਦੋਂ ਉਹ ਕੰਮ ‘ਤੇ ਜਾ ਰਹੇ ਸਨ। ਉਹਨਾਂ ਦੇ ਇੱਕ ਹਜ਼ਾਰ ਤੋਂ ਵੱਧ ਕਰਮਚਾਰੀ ਸਨ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੱਸੇਗਾ ਕਿ ਉਹ ਕਿਹੋ ਜਿਹੇ ਵਿਅਕਤੀ ਸਨ,” ਪੁੱਤਰ ਨੇ ਕਿਹਾ। ”ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਸੀਂ ਚੱਲ ਰਹੀ ਜਾਂਚ ਦੌਰਾਨ ਕੋਈ ਬਿਆਨ ਨਹੀਂ ਦੇਣਾ ਚਾਹਾਂਗੇ, ਪਰ ਹਾਂ, ਅਸੀਂ ਉਨ੍ਹਾਂ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰਦੇ ਹਾਂ ਕਿ ਉਹਨਾਂ ਨੂੰ ਕਿਸੇ ਗੈਂਗਸਟਰ ਆਦਿ ਤੋਂ ਧਮਕੀ/ਫਿਰੌਤੀ ਦੇ ਕਾਲ ਮਿਲੇ ਹਨ,” ਅਰਪਨ ਨੇ ਕਿਹਾ।
ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵਿੱਚ ਬੇਹਦ ਮਕਬੂਲ ਸਨ ਦਰਸ਼ਨ ਸਿੰਘ ਸਾਹਸੀ : ਮਰਹੂਮ ਦਰਸ਼ਨ ਸਿੰਘ ਸਾਹਸੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਵੀ ਸਤਿਕਾਰਯੋਗ ਜਾਂਦੇ ਸਨ। ਨਾਮਵਰ ਪੰਜਾਬੀ ਲਿਖਾਰੀ, ਗਾਇਕ ਅਤੇ ਹੋਰ ਸ਼ਖਸੀਅਤਾਂ ਅਕਸਰ ਉਹਨਾਂ ਦੇ ਘਰੇ ਇਕੱਠੀਆਂ ਹੁੰਦੀਆਂ ਅਤੇ ਘਰ ਵਿੱਚ ਸਾਹਿਤਿਕ ਮੇਲੇ ਵਰਗਾ ਮਾਹੌਲ ਹੁੰਦਾ। ਦਰਸ਼ਨ ਸਿੰਘ ਤੇ ਉਹਨਾਂ ਦੀ ਸੁਪਤਨੀ ਦੋਵੇਂ ਜਣੇ, ਸਾਹਿਤਕ ਮਹਿਮਾਨਾਂ ਦੀ ਹੱਦੋਂ ਵੱਧ ਆਓ ਭਗਤ ਕਰਦੇ ਅਤੇ ਖੁੱਲ ਦਿਲੀ ਨਾਲ ਸੇਵਾਵਾਂ ਵਿੱਚ ਜੁੱਟ ਜਾਂਦੇ।
ਉਹਨਾਂ ਦੇ ਦਰਦਨਾਕ ਵਿਛੋੜੇ ਨਾਲ ਕੈਨੇਡਾ ਵਿੱਚ ਹੀ ਨਹੀਂ, ਪੰਜਾਬ ਵਿੱਚ ਵੀ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਅੰਦਰ ਗਹਿਰਾ ਸੋਗ ਛਾ ਗਿਆ ਹੈ।
ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਭੇਜੇ ਸੋਗਮਈ ਸੁਨੇਹੇ ਵਿੱਚ ਉਹਨਾਂ ਲਿਖਿਆ ਹੈ; ”ਦਰਸ਼ਨ ਸਿੰਘ ਸਾਹਸੀ ਦਰਿਆ ਦਿਲ ਇਨਸਾਨ ਸੀ। ਮੁਹੱਬਤੀ ਬੰਦਿਆਂ ਦੇ ਮੁੱਕਣ ਨਾਲ ਜ਼ਿੰਦਗੀ ਜਿਉਣ ਯੋਗ ਨਹੀਂ ਰਹਿੰਦੀ। ਸ਼ਬਦ ਹਾਰ ਗਏ ਨੇ ਦਰਸ਼ਨ ਦੇ ਜਾਣ ਤੇ। ਮੈਂ ਉਸ ਦੇ ਮੋਹ ਦਾ ਰਹਿੰਦੀ ਉਮਰ ਕਰਜ਼ਦਾਰ ਰਹਾਂਗਾ। ਦਰਸ਼ਨ ਦਾ ਗੋਤ ਹੀ ਸਾਹਸੀ ਨਹੀਂ ਸੀ , ਸੁਭਾਅ ਵੀ ਸਾਹਸ ਭਰਪੂਰ ਸੀ। ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਾਂ।” ਪੰਜਾਬੀ ਸਾਹਿਤ ਸਭਾ ਮੁਢਲੀ ਰਜਿ, ਐਬਸਫੋਰਡ ਦੇ ਸਮੂਹ ਮੈਂਬਰ, ਪੰਜਾਬੀ ਵਿਚਾਰ ਮੰਚ ਵੈਨਕੂਵਰ ਤੋਂ ਮੋਹਨ ਸਿੰਘ ਗਿੱਲ, ਅੰਗਰੇਜ਼ ਸਿੰਘ ਬਰਾੜ ਤੇ ਹੋਰ ਸ਼ਖਸੀਅਤਾਂ, ਜੀਵੇ ਪੰਜਾਬ ਆਦਮੀ ਸੰਗਤ ਅਤੇ ਸਾਊਥ ਏਸ਼ੀਅਨ ਰਿਵਿਊ ਤੋਂ ਭੁਪਿੰਦਰ ਸਿੰਘ ਮੱਲੀ ਸਮੇਤ ਮੈਂਬਰਾਨ ਤੇ ਕਈ ਹੋਰਨਾਂ ਸਾਹਿਤਕ ਸੰਸਥਾਵਾਂ ਨੇ ਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਭਾਈਚਾਰੇ ਅਤੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ।
ਮਰਹੂਮ ਦਰਸ਼ਨ ਸਿੰਘ ਸਾਹਸੀ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਅਤੇ ਦੋ ਪੁੱਤਰ- ਨਵੀ ਸਾਹਸੀ ਅਤੇ ਅਰਪਨ ਸਾਹਸੀ ਸਮੇਤ, ਭਰਾਵਾਂ ਭੈਣਾਂ ਤੇ ਰਿਸ਼ਤੇਦਾਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਉਹਨਾਂ ਦੇ ਦੋਵੇਂ ਪੁੱਤਰ ਆਪਣੇ ਪਿਤਾ ਦੀ ਕੱਪੜਾ ਰੀਸਾਈਕਲਿੰਗ ਫਰਮ ਵਿੱਚ ਕੰਮ ਕਰਦੇ ਹਨ। ਦਰਸ਼ਨ ਸਿੰਘ ਸਾਹਸੀ ਦੀ ਦਰਦਨਾਕ ਮੌਤ ਪੰਜਾਬੀ ਭਾਈਚਾਰੇ ਲਈ ਵੱਡਾ ਦੁੱਖ ਅਤੇ ਘਾਟਾ ਹੈ।

 

RELATED ARTICLES
POPULAR POSTS