ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਪੀਐੱਸਬੀ ਸੀਨੀਅਰਜ਼ ਕਲੱਬ ਕੈਨੇਡਾ ਵੱਲੋਂ ਸਿੱਖ ਹੈਰੀਟੇਜ ਮੰਥ ਨੂੰ ਸਮੱਰਪਿਤ ਸਮਾਗ਼ਮ ਸਥਾਨਕ ਪੈਲੇਸ਼ੀ ਰੀਕਰੀਏਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗ਼ਮ ਵਿੱਚ ਪ੍ਰਬੰਧਕਾਂ ਵੱਲੋਂ ਮੈਂਟਲ ਹੈੱਲਥ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸਮਾਗ਼ਮ ਦੇ ਆਰੰਭ ਵਿੱਚ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਨੇ ਹਾਜ਼ਰ ਮੈਂਬਰਾਂ ਨੂੰ ਹਾਰਦਿਕ ਜੀ-ਆਇਆਂ ਕਹਿੰਦਿਆਂ ਹੋਇਆਂ ਕੈਨੇਡਾ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨੇ ਜਾਣ ਦੇ ਪਿਛੋਕੜ ਤੇ ਇਸ ਦੇ ਇਤਿਹਾਸ ਉੱਪਰ ਚਾਨਣਾ ਪਾਇਆ। ਡਾ. ਹਰਜੀਤ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ’ ਸ਼ਬਦ ਦਾ ਗਾਇਨ ਕੀਤਾ। ਰਵਿੰਦਰ ਕੌਰ ਜਸਾਨੀ ਵੱਲੋਂ ਵੀ ਗੁਰਬਾਣੀ ਦੇ ਇੱਕ ਸ਼ਬਦ ਦਾ ਗਾਇਨ ਕੀਤਾ ਗਿਆ। ਸਤਪਾਲ ਸਿੰਘ ਕੋਮਲ ਨੇ ‘ਖਾਲਸਾ ਸਿਰਜਣਾ ਦਿਹਾੜੇ’ ਨੂੰ ਸਮੱਰਪਿਤ ਆਪਣੀ ਕਵਿਤਾ ‘ਪਿਆਸ’ ਪੇਸ਼ ਕੀਤੀ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਉਪਰੰਤ, ਮਨੋਰੰਜਨ ਦੇ ਪ੍ਰੋਗਰਾਮ ਆਰੰਭ ਹੋ ਗਿਆ ਜਿਸ ਵਿੱਚ ਪ੍ਰਬੰਧਕੀ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਇਕ ਹਿੰਦੀ ਫ਼ਿਲਮੀ ਗੀਤ ਪੇਸ਼ ਕੀਤਾ। ਤ੍ਰਿਲੋਕ ਸਿੰਘ ਸੋਢੀ ਨੇ ਵੀ ਹਿੰਦੀ ਫ਼ਿਲਮ ਦਾ ਇੱਕ ਸੁਣਾਇਆ। ਜੋਗਿੰਦਰ ਕੌਰ ਮਰਵਾਹਾ, ਅਮਰਜੀਤ ਕੌਰ, ਪਰਮਜੀਤ ਕੌਰ ਅਤੇ ਬਲਜੀਤ ਕੌਰ ਵੱਲੋਂ ਮਿਲ ਕੇ ਪੰਜਾਬੀ ਫ਼ਿਲਮੀ ਗੀਤ ‘ਲਾਈਆਂ ਤੇ ਤੋੜ ਨਿਭਾਈਂ ਛੱਡ ਕੇ ਨਾ ਜਾਈਂ’ ਦੀ ਸਫ਼ਲ ਪੇਸ਼ ਕਾਰੀ ਕੀਤੀ ਗਈ।
ਸਮਾਗ਼ਮ ਦੇ ਅਗਲੇ ਪੜਾਅ ਵਿੱਚ ਸੈਮੀਨਾਰ ਦੇ ਪ੍ਰਮੁੱਖ-ਵਕਤਾ ਸ਼੍ਰੀਮਤੀ ਗੁਰਪ੍ਰੀਤ ਕੌਰ ਸਨ। ਉਨ੍ਹਾਂ ਵੱਲੋਂ ਸੀਨੀਅਰਾਂ ਨੂੰ ਦਰਪੇਸ਼ ਮੈਂਟਲ ਹੈੱਲਥ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਕਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ। ਸੈਮੀਨਾਰ ਦੇ ਅੰਤ ਵਿੱਚ ਉਨ੍ਹਾਂ ਵੱਲੋਂ ਮੈਂਬਰਾਂ ਦੇ ਸੁਆਲਾਂ ਦੇ ਜੁਆਬ ਬੜੇ ਠਰੰਮੇ ਨਾਲ ਤਸੱਲੀਪੂਰਵਕ ਦਿੱਤੇ ਗਏ। ਲੱਗਭੱਗ ਇਕ ਘੰਟੇ ਦੇ ਇਸ ਸੈਮੀਨਾਰ ਦੌਰਾਨ ਮੈਂਬਰਾਂ ਦੀ ਦਿਲਚਸਪੀ ਲਗਾਤਾਰ ਬਰਕਰਾਰ ਰਹੀ। ਸਾਰਿਆਂ ਨੇ ਇਸ ਨੂੰ ਬੜੇ ਹੀ ਗਹੁ ਨਾਲ ਸੁਣਿਆਂ।
ਇਸ ਸਮਾਗ਼ਮ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਹਾਊਸ ਆਫ਼ ਕਾਮਨਜ਼ ਦੇ ਛੇ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਗੁਰਬਖ਼ਸ਼ ਸਿੰਘ ਮੱਲ੍ਹੀ ਅਤੇ ਤੀਸਰੀ ਵਾਰ ਐੱਮ.ਪੀ.ਪੀ. ਬਣੇ ਅਮਰਜੋਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਨ੍ਹਾਂ ਦੋਹਾਂ ਸ਼ਖਸੀਅਤਾਂ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਵਿਸਾਖੀ ਅਤੇ ਸਿੱਖ ਹੈਰੀਟੇਜ ਮੰਥ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਗਈਆਂ। ਸਮਾਗ਼ਮ ਦੇ ਅੰਤ ਵਿੱਚ ਸ਼੍ਰੀਮਤੀ ਜੋਗਿੰਦਰ ਕੌਰ ਤੇ ਕੰਵਲਜੀਤ ਕੌਰ ਖੱਖ ਨੇ ਮੈਂਬਰਾਂ ਨੂੰ ਤੰਬੋਲਾ ਗੇਮ ਖਿਡਾ ਕੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ ਜਿਸ ਦਿ ਫ਼ਲਸਰੂਪ ਸਮੁੱਚਾ ਮਾਹੌਲ ਕਾਫ਼ੀ ਰੌਚਕ ਬਣ ਗਿਆ। ਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਨੇ ਸਮਾਗ਼ਮ ਵਿੱਚ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਗਾਮੀ 1 ਜੁਲਾਈ ਨੂੰ ਕਲੱਬ ਵੱਲੋਂ ‘ਕੈਨੇਡਾ ਡੇਅ’ ਮਨਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਉਸ ਸਮਾਗ਼ਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦੌਰਾਨ ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਸਵੇਰੇ ਨਾਸ਼ਤੇ ਅਤੇ ਫਿਰ ਬਾਅਦ ਦੁਪਹਿਰ ਖਾਣੇ ਦਾ ਸੁਚੱਜਾ ਪ੍ਰਬੰਧ ਨਿਰਸੰਦੇਹ ਕਾਬਲੇ-ਤਾਰੀਫ਼ ਸੀ ਜਿਸ ਦੀ ਸਾਰੇ ਮੈਂਬਰਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਸਮਾਗ਼ਮ ਦੇ ਸ਼ਾਨਦਾਰ ਆਯੋਜਨ ਲਈ ਮੈਂਬਰਾਂ ਵੱਲੌਂ ਕਲੱਬ ਦੇ ਅਹੁਦੇਦਾਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਸੁਖਦੇਵ ਸਿੰਘ ਬੇਦੀ, ਮਨਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਪੀਐੱਸਬੀ ਸੀਨੀਅਰਜ਼ ਕਲੱਬ ਕੈਨੇਡਾ ਨੇ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ ਸਮਾਗ਼ਮ ਦੌਰਾਨ ਮੈਂਟਲ ਹੈੱਲਥ ਸਬੰਧੀ ਜਾਣਕਾਰੀ ਸਾਂਝੀ ਕੀਤੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …