‘ਸਵਾਲਾ-ਜਵਾਬਾਂ’ ਦੀ ਥਾਂ ‘ਬਹਿਸ-ਚਰਚਾ’ ਭਾਰੂ ਰਹੀ
ਸਰੀ/ਡਾ. ਗੁਰਵਿੰਦਰ ਸਿੰਘ : ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਵਿੱਚ ਬੀਤੇ ਦਿਨੀ ਵਾਪਰੀ ਨਫਰਤੀ ਅਤੇ ਭੰਨਤੋੜ ਦੀ ਘਟਨਾ ਤੋਂ ਮਗਰੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਨੇ ਪ੍ਰੈਸ ਰਿਲੀਜ ਜਾਰੀ ਕਰਦਿਆਂ ਇਸ ਘਟਨਾ ਦੀ ਜਿੱਥੇ ਨਿੰਦਿਆ ਕੀਤੀ, ਉਥੇ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫੜਨ ਅਤੇ ਸਖਤ ਕਾਰਵਾਈ ਕਰਨ ਲਈ ਅਪੀਲ ਕੀਤੀ। ਇਸ ਮੌਕੇ ਤੇ ਸਿਟੀ ਆਫ ਸਰੀ ਦੀ ਮੇਅਰ ਬਰਿੰਡਾ ਲੌਕ ਨੇ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਨਿਆਂ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਉਹਨਾਂ ਦਾ ਪਹਿਲਾ ਮਕਸਦ ਹੈ ਅਤੇ ਇਸ ਵਿੱਚ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਹਰ ਹਾਲਤ ਵਿੱਚ ਰੋਕਣਗੇ।
ਡਿਪਟੀ ਪ੍ਰੀਮੀਅਰ ਅਤੇ ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਮੌਕੇ ‘ਤੇ ਸ਼ਾਮਿਲ ਹੁੰਦਿਆਂ ਜਿੱਥੇ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਲਈ ਜਾਣ ਦਾ ਵਿਸ਼ਵਾਸ ਦਵਾਇਆ, ਉਥੇ ਨਾਲ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਸ਼ਾਂਤੀਪੂਰਵਕ ਰੱਖਣ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ। ਮੁੱਖ ਪੁਲਿਸ ਮੁਖੀ ਨੌਰਮ ਲਪਿੰਸਕੀ ਨੇ ਇਸ ਘਟਨਾ ਤੋਂ ਬਾਅਦ ਸਰੀ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ।
ਪ੍ਰਬੰਧਕਾਂ ਦੀ ਸੂਝ-ਬੂਝ ਦੇ ਬਾਵਜੂਦ ਕੁਝ ਕੁ ਬੰਦਿਆਂ ਦੀ ਆਪੋ-ਧਾਪੀ ਕਰਕੇ, ਪ੍ਰੈਸ ਕਾਨਫਰੰਸ ਵਿੱਚ ਸਵਾਲਾਂ ਦੀ ਗਿਣਤੀ ਘੱਟ ਰਹੀ ਤੇ ਤੈਸ਼ ਵਿੱਚ ਆ ਕੇ ਕੁਝ ਵਿਅਕਤੀਆਂ ਵੱਲੋਂ ਸਰੀ ਨਗਰ ਕੀਰਤਨ ਤੇ ਖਾਲਿਸਤਾਨ ਆਦਿ ਦੇ ਮੁਦਿਆਂ ਅਤੇ ਫਲੋਟਾਂ ਤੇ ਭਾਰਤੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਵਿਰੋਧੀ ਨਾਅਰੇਬਾਜ਼ੀ ‘ਤੇ ਪਾਬੰਦੀ ਲਾਉਣ ਦੀ ਗੱਲਬਾਤ ਦੁਹਰਾਈ ਜਾਂਦੀ ਰਹੀ। ਜਿਸ ਤੋਂ ਬਾਅਦ ਇਸ ਪੱਤਰਕਾਰ ਨੇ ਇਹ ਪੁੱਛਿਆ ਕਿ ਇਹ ਪ੍ਰੈਸ ਕਾਨਫਰਸ ਭੰਨ-ਤੋੜ ਦੇ ਖਿਲਾਫ ਹੈ ਜਾਂ ਖਾਲਿਸਤਾਨ ਦੇ ਖਿਲਾਫ? ਇਸ ‘ਤੇ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰੈਸ ਕਾਨਫਰੰਸ ਦਾ ਸਰੀ ਨਗਰ ਕੀਰਤਨ ਜਾਂ ਖਾਲਿਸਤਾਨ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੰਦਿਰ ਵਿੱਚ ਹੋਈ ਭੰਨਤੋੜ ਸਬੰਧੀ ਸੀਸੀਟੀਵੀ ਕੈਮਰਿਆਂ ਅਤੇ ਹੋਰਨਾਂ ਸਰੋਤਾਂ ਬਾਰੇ ਵੀ ਸਵਾਲ ਕੀਤਾ ਗਿਆ, ਤਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਭ ਕੁਝ ਪੁਲਿਸ ਨੂੰ ਸੌਂਪਿਆ ਜਾ ਚੁੱਕਿਆ ਹੈ।
ਇਹ ਪੁੱਛਣ ‘ਤੇ ਕਿ ਸਰੀ ਦੀਆਂ ਨਗਰ ਕੀਰਤਨ ਨਾਲ ਸਬੰਧਿਤ ਸਿੱਖ ਸੰਸਥਾਵਾਂ ਵੱਲੋਂ ਮੰਦਿਰ ਦੇ ਪ੍ਰਬੰਧਕਾਂ ਨਾਲ ਕਿਸੇ ਨੇ ਸੰਪਰਕ ਕੀਤਾ ਹੈ, ਜਿਸ ਦੇ ਉੱਤਰ ਵਿੱਚ ਪ੍ਰਧਾਨ ਸਤੀਸ਼ ਸ਼ਰਮਾ ਨੇ ਕਿਹਾ ਕਿ ਖਾਲਿਸਤਾਨ ਪੱਖੀ ਆਗੂ ਮਨਜਿੰਦਰ ਸਿੰਘ ਗਿੱਲ ਵੱਲੋਂ ਉਹਨਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਹੈ। ਇਸ ਦੌਰਾਨ ਪ੍ਰੈਸ ਕਾਨਫਰੰਸ ਸ਼ਾਮਿਲ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਨੁਮਾਇੰਦੇ ਵੱਲੋਂ ਉਹਨਾਂ ਨਾਲ ਸੰਪਰਕ ਕਰਕੇ ਘਟਨਾਵਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਘਟਨਾਵਾਂ ਲਈ ਕਿਸੇ ਇੱਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ‘ਤੇ ਉਂਗਲ ਨਹੀਂ ਉਠਾ ਰਹੇ, ਬਲਕਿ ਨਿਰਪੱਖ ਜਾਂਚ ਦੀ ਮੰਗ ਕਰ ਰਹੀ ਹਨ।
ਜਦੋਂ ਇਕਾ-ਦੁਕਾ ਵਿਅਕਤੀਆਂ ਨੇ ਸਵਾਲ ਕਰ ਰਹੇ ਪੱਤਰਕਾਰਾਂ ਤੋਂ ਅੱਗੇ ਹੋ ਕੇ ਵਾਰ-ਵਾਰ ਦੁਹਰਾਇਆ ਕਿ ਸਰੀ ਨਗਰ ਕੀਰਤਨ ਦੇ ਭਾਰਤ ਵਿਰੋਧੀ ਫਲੋਟਾਂ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਆਖਿਰਕਾਰ ਅਟੌਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਕੈਨੇਡਾ ਵਿੱਚ ਰਾਈਟ ਆਫ ਐਕਸਪ੍ਰੈਸ਼ਨ (ਵਿਚਾਰਾਂ ਦੀ ਆਜ਼ਾਦੀ) ਹੈ ਅਤੇ ਇਸ ਤਰੀਕੇ ਨਾਲ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਿਆ ਜਾ ਸਕਦਾ।
ਪੁਲਿਸ ਮੁਖੀ ਨੌਰਮ ਲਪਿੰਸਕੀ ਅਤੇ ਸਿਟੀ ਮੇਅਰ ਬ੍ਰਿੰਡਾ ਲੌਕ ਨੇ ਵੀ ਵਿਚਾਰਾਂ ਦੀ ਆਜ਼ਾਦੀ ਦੀ ਸ਼ਾਂਤੀ ਪੂਰਵਕ ਢੰਗ ਨਾਲ ਪੇਸ਼ਕਾਰੀ ਦੀ ਪਰੋੜਤਾ ਕੀਤੀ। ਇਸ ਦੌਰਾਨ ਇੱਕ ਕੱਚ-ਘਰੜ ਖੋਜੀ ਨਾਂ ਦੇ ਵਿਅਕਤੀ ਨੇ ਤਾਂ ਪ੍ਰੈੱਸ ਕਾਨਫਰੰਸ ਵਿੱਚ ਨਵਾਂ ਵਿਵਾਦ ਖੜ੍ਹਾ ਕਰਦਿਆਂ ਪੰਜਾਬ ਵਿੱਚ 25000 ਵਿਅਕਤੀਆਂ ਦੀਆਂ ਹੱਤਿਆਵਾਂ ਦਾ ਮੁੱਦਾ ਲਿਆ ਖੜ੍ਹਾ ਕੀਤਾ ਅਤੇ ‘ਪ੍ਰੈਸ ਕਾਨਫਰੰਸ’ ਨੂੰ ‘ਭੜਾਸ ਕੱਢ ਕਾਨਫਰੰਸ’ ਬਣਾ ਛੱਡਿਆ, ਜਿਸ ਤੇ ਪ੍ਰਬੰਧਕਾਂ ਨੇ ਮੰਦਰ ਦੀ ਤੋੜ-ਭੰਨ ਬਾਰੇ ਹੀ ਸਵਾਲ ਸੀਮਤ ਰੱਖਣ ਦੀ ਗੱਲ ਆਖਦਿਆਂ, ਸਥਿਤੀ ਨੂੰ ਕਾਬੂ ਕੀਤਾ ਅਤੇ ਮਹਿਮਾਨਾਂ ਨੇ ਵੀ ਇਸ ਗੱਲ ਤੇ ਹੈਰਾਨੀ ਪ੍ਰਗਟਾਈ। ਸੂਝਵਾਨ ਪੁਲਿਸ ਅਧਿਕਾਰੀ ਜੈਗ ਖੋਸਾ ਨੇ ਪ੍ਰਸ਼ਾਸਨ ਵੱਲੋਂ ਇਸ ਮੰਦਭਾਗੀ ਘਟਨਾ ਸਬੰਧੀ ਚੁੱਕੇ ਜਾ ਰਹੇ ਕਦਮਾਂ ਦੇ ਨਾਲ ਨਾਲ, ਭਾਈਚਾਰਕ ਸਾਂਝ ਬਾਰੇ ਭਾਵਪੂਰਤ ਵਿਚਾਰ ਦੇ ਕੇ ਕਾਨਫਰੰਸ ਨੂੰ ਸਮੇਟਿਆ।
ਕੁਲ ਮਿਲਾ ਕੇ ਪ੍ਰਬੰਧਕਾਂ ਦੇ ਸ਼ਲਾਘਾਯੋਗ ਉਪਰਾਲੇ ਦੇ ਬਾਵਜੂਦ ਇਸ ਕਾਨਫਰੰਸ ਵਿੱਚ, ਸਵਾਲਾਂ ਨਾਲੋਂ ਟਿੱਪਣੀਆਂ ਵਧੇਰੇ ਕੀਤੀਆਂ ਜਾਣ ਕਾਰਨ ਇਹ ਪ੍ਰੈੱਸ ਕਾਨਫਰੰਸ ਨਾਲੋਂ ਰੋਸ ਚਰਚਾ ਜਿਆਦਾ ਨਜ਼ਰ ਆ ਰਹੀ ਸੀ। ਜਿਸ ਬਾਰੇ ਕਾਨਫਰੰਸ ਦੇ ਸੰਚਾਲਕ ਵਿਨੇ ਸ਼ਰਮਾ,ਜੋ ਖੁਦ ਇੱਕ ਮੀਡੀਆ ਅਦਾਰੇ ਨਾਲ ਵੀ ਸੰਬੰਧਿਤ ਹਨ, ਨੇ ਕਹਿ ਦਿੱਤਾ ਕੀ ਲੋਕਾਂ ਨੂੰ ਲੰਮੇ ਅਰਸੇ ਮਗਰੋਂ ਪ੍ਰਸ਼ਾਸਨ ਕੋਲ ਆਪਣਾ ਦੁੱਖ ਪ੍ਰਗਟਾਉਣ ਦਾ ਮੌਕਾ ਮਿਲਿਆ ਹੈ, ਜਿਸ ਕਾਰਨ ਅਜਿਹਾ ਵਾਪਰਿਆ। ਨਿਰ-ਸੰਕੋਚ ਪ੍ਰੈੱਸ ਕਾਨਫਰੰਸ ਵਿੱਚ ਕੇਵਲ ਸਵਾਲ ਹੀ ਪੁੱਛਣੇ ਬਣਦੇ ਹਨ, ਵਾਦ-ਵਿਵਾਦ ਜਾਂ ਬਹਿਸ-ਚਰਚਾ ਪ੍ਰੈਸ ਕਾਨਫਰੰਸ ਨਹੀਂ ਹੋ ਸਕਦੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …