Breaking News
Home / ਕੈਨੇਡਾ / ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆ ਦਾ ਦੇਸ’ ਸੰਗ ਸਫ਼ਰ ਕਰਦਿਆਂ

ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆ ਦਾ ਦੇਸ’ ਸੰਗ ਸਫ਼ਰ ਕਰਦਿਆਂ

ਮਲਵਿੰਦਰ
ਸੁਖਦੇਵ ਸਿੰਘ ਝੰਡ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵੱਸਦਾ ਸੁਹਿਰਦ ਇਨਸਾਨ ਹੈ ਜੋ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਕ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਨੌਕਰੀ ਕਰਦਿਆਂ ਉਸਦਾ ਕਿਤਾਬਾਂ ਨਾਲ਼ ਅਟੁੱਟ ਰਿਸ਼ਤਾ ਬਣ ਗਿਆ ਜੋ ਹੁਣ ਤੱਕ ਨਿਰੰਤਰ ਬਣਿਆ ਹੋਇਆ ਹੈ। ਉਹ ਜੀਵਨ ਦੇ ਵੱਖ-ਵੱਖ ਅਨੁਭਵਾਂ ਨੂੰ ਸ਼ਬਦਾਂ ‘ਚ ਸਾਂਭਦਾ ਹੈ, ਪੁਸਤਕਾਂ ਛਪਵਾਉਂਦਾ ਹੈ ਅਤੇ ਦੋਸਤਾਂ ਦੀਆਂ ਕਿਤਾਬਾਂ ਪੜ੍ਹਦਾ ਤੇ ਸਾਰਥਿਕ ਟਿੱਪਣੀਆਂ ਕਰਦਾ ਹੈ। ਇਹ ਉਸਦਾ ਜੀਵਨ ਵਿਹਾਰ ਹੈ। ਸਾਹਿਤਕ ਸਮਾਗਮਾਂ ਦੀ ਵਿਸਥਾਰਤ ਰਿਪੋਰਟ ਲਿਖਣੀ ਤੇ ਵੱਖ-ਵੱਖ ਅਖ਼ਬਾਰਾਂ ਵਿੱਚ ਛਪਵਾਉਣੀ ਉਸਦਾ ਇੱਕ ਹੋਰ ਸਾਹਿਤਕ ਰੁਝੇਵਾਂ ਹੈ। ਉਸਦੀ ਸਵੈ-ਜੀਵਨੀ ‘ਪੱਤੇ ਤੇ ਪ੍ਰਛਾਵੇਂ’ ਅਤੇ ਵਾਰਤਕ ਦੀ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ’ ਚਰਚਿਤ ਪੁਸਤਕਾਂ ਹਨ।
ਝੰਡ ਦੀ ਸਵੈ-ਜੀਵਨੀ ਤੋਂ ਬਾਅਦ ਦੀ ਜੀਵਨੀ ਵਿੱਚ ਵੀ ਬੜਾ ਕੁਝ ਸਾਂਭਣਯੋਗ ਵਾਪਰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਸਬੱਬ ਬਣਦਾ ਹੈ ਜਦ ਉਹ ਪਰਿਵਾਰ ਸਮੇਤ ਦੋ ਹਫ਼ਤਿਆਂ ਦੀ ਪਾਕਿਸਤਾਨ ਦੀ ਯਾਤਰਾ ‘ਤੇ ਜਾਂਦਾ ਹੈ। ਪਾਕਿਸਤਾਨ ਉਸਦੇ ਪੁਰਖਿਆਂ ਦਾ ਦੇਸ਼ ਹੈ। ਇਥੋਂ ਦੀ ਯਾਤਰਾ ਕਰਨੀ ਉਸਦੇ ਜੀਵਨ ਦੀ ਵੱਡੀ ਪ੍ਰਾਪਤੀ ਹੈ। ਦੋ ਹਫ਼ਤਿਆਂ ਦੀ ਇਸ ਯਾਤਰਾ ਦੇ ਅਨੁਭਵ ਉਸਦਾ ਸਫ਼ਰਨਾਮਾ ਪੁਰਖ਼ਿਆਂ ਦਾ ਦੇਸ ਵਿੱਚ ਸਾਂਭੇ ਜਾਂਦੇ ਹਨ। ਇਸ ਪੁਸਤਕ ਨੂੰ ਵਰਿਆਮ ਸਿੰਘ ਸੰਧੂ ਨੇ ਪਥਰਾਏ ਮਨਾਂ ਨੂੰ ਪਿਘਲਾਉਣ ਵਾਲ਼ੀ ਲਿਖਤ ਕਿਹਾ ਹੈ। ਇਹ ਵੰਡ ਦਾ ਦਰਦ ਸਾਂਭੀ ਬੈਠੇ ਲੋਕਾਂ ਦੇ ਹਿਰਦੇ ਦੀ ਚੀਸ ਨੂੰ ਦਰਸਾਉਂਦਾ ਸਫ਼ਰਨਾਮਾ ਹੈ। ਪ੍ਰਿੰ. ਸਰਵਣ ਸਿੰਘ ਨੇ ਡਾ. ਝੰਡ ਦੀ ਇਸ ਵਾਰਤਕ ਸ਼ੈਲੀ ਨੂੰ ਸਰਲ ਅਤੇ ਵੇਗਮਤੀ ਕਿਹਾ ਹੈ। ਪ੍ਰਿੰ. ਸਰਵਣ ਸਿੰਘ ਮੁਤਾਬਕ ਝੰਡ ਆਪਣੀ ਭਾਸ਼ਾ ਨੂੰ ਤੜਕਾ ਨਹੀਂ ਲਾਉਂਦਾ। ਇਸ ਸਫ਼ਰਨਾਮੇ ਨੇ ਡਾ. ਝੰਡ ਦੀ ਸੰਵੇਦਨਸ਼ੀਲਤਾ ਨੂੰ ਝੰਜੋੜਿਆ ਹੈ ਅਤੇ ਉਸਨੇ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਸਾਂਝੀ ਬੋਲੀ ਅਤੇ ਸਾਂਝੇ ਸਭਿਆਚਾਰ ਦੇ ਅਵਾਮ ਨੂੰ ਅਮਨ ਨਾਲ਼ ਰਹਿਣ ਦਾ ਹੋਕਾ ਦਿੱਤਾ ਹੈ।
ਦੋ ਹਫ਼ਤਿਆਂ ਦੇ ਇਸ ਸਫ਼ਰਨਾਮੇ ਨੂੰ ਡਾ. ਝੰਡ ਨੇ ਦਿਨਾਂ ਦੇ ਹਿਸਾਬ ਨਾਲ਼ ਅੰਕਿਤ ਕੀਤਾ ਹੈ। ਹਰ ਦਿਨ ਦੀਆਂ ਸਰਗਰਮੀਆਂ ਦਾ ਵਿਸਥਾਰਤ ਜ਼ਿਕਰ ਹੈ। ਮਿਲੇ ਲੋਕਾਂ, ਦੋਸਤਾਂ, ਲੇਖਕਾਂ ਨਾਲ਼ ਬਿਤਾਏ ਛਿਣਾਂ ਦਾ ਸਾਹਿਤਕ ਤੇ ਮਾਨਵੀ ਬਿਰਤਾਂਤ ਹੈ। ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਗੱਲ ਰਹਿ ਨਾ ਜਾਵੇ, ਕੋਈ ਛਿਣ ਛੁੱਟ ਨਾ ਜਾਵੇ। ਇਹ ਪੁਰਖਿਆ ਦਾ ਦੇਸ ਹੈ। ਇਥੋਂ ਦੀ ਜ਼ਿਆਰਤ ਕਰਦਿਆਂ ਪੁਰਖਿਆਂ ਦੀਆਂ ਪੈੜਾਂ ਵੀ ਨਾਲ਼ ਤੁਰਦੀਆਂ ਹਨ। ਵਡੇਰੀ ਉਮਰ ਦੇ ਨਕਸ਼ਾਂ ਵਿੱਚ ਆਪਣੇ ਪੁਰਖਿਆਂ ਦਾ ਝਾਉਲਾ ਪੈਂਦਾ ਹੈ। ਗੁਰੂ ਘਰ ਤਾਂ ਸਾਡੇ ਅੰਦਰ ਵੱਸਦੇ ਅਹਿਸਾਸ ਹਨ। ਪਾਕਿਸਤਾਨ ਵਿਚਲੇ ਇਹਨਾਂ ਧਾਰਮਿਕ ਸਥਾਨਾਂ ਦੀ ਜ਼ਿਆਰਤ ਕਰਦਿਆਂ ਸਾਡੀ ਅਰਦਾਸ ਸਾਕਾਰ ਹੁੰਦੀ ਜਾਪਦੀ ਹੈ। ਇਨ੍ਹਾਂ ਸਥਾਨਾਂ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਡਾ. ਝੰਡ ਹੋਰਾਂ ਬੜੇ ਵਿਸਥਾਰ ਅਤੇ ਸ਼ਰਧਾ ਨਾਲ਼ ਕੀਤਾ ਹੈ।
ਡਾ. ਸੁਖਦੇਵ ਸਿੰਘ ਝੰਡ ਦਾ ਇਹ ਸਫ਼ਰਨਾਮਾ ਖੋਜ-ਕਾਰਜ ਵਰਗਾ ਕੰਮ ਹੈ। ਥਾਵਾਂ ਦੇ ਨਾਂ, ਇਤਿਹਾਸਕ ਮਹੱਤਵ ਦੀ ਪਰਖ ਪੜਚੋਲ ਕਰਕੇ ਤਰਕ ਨਾਲ਼ ਪ੍ਰਾਪਤ ਸੱਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇ ਸ਼ਾਦਮਨ ਚੌਕ ਬਾਰੇ ਲਿਖਿਆ ਹੈ ਕਿ ਇਹ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਮਤਲਬ ਹੈ ‘ਖ਼ੁਸ਼ੀਆਂ ਨਾਲ਼ ਭਰਪੂਰ’। ਭਗਤ ਸਿੰਘ ਦੇ ਪੈਰੋਕਾਰਾਂ ਲਈ ਇਹ ਖ਼ੁਸ਼ੀਆਂ ਵਾਲ਼ੀ ਥਾਂ ਨਹੀਂ ਹੈ। ਇਸ ਲਈ ਚੌਕ ਦਾ ਨਾਂ ਬਦਲ ਕੇ ਭਗਤ ਸਿੰਘ ਚੌਕ ਰੱਖਣ ਦੀ ਮੰਗ ਉੱਠ ਰਹੀ ਹੈ। ਇਸੇ ਤਰ੍ਹਾਂ ਕਸੂਰ ਸ਼ਹਿਰ ਦੇ ਨਾਂ ਕਸੂਰ ਦਾ ਸਬੰਧ ਅਰਬੀ ਫ਼ਾਰਸੀ ਨਾਲ਼ ਜਿਸ ਦੇ ਅਰਥ ਮਹੱਲ ਜਾਂ ਕਿਲ੍ਹਾ ਹਨ। ਸ਼ਾਲੀਮਾਰ ਬਾਗ ਬਾਰੇ ਲਿਖਿਆ ਹੈ ਕਿ ਇਹ ਬਾਗ ਮੁਗਲ ਬਾਦਸ਼ਾਹ ਸ਼ਾਹ ਜਹਾਨ ਵੱਲੋਂ ਤਿਆਰ ਕਰਵਾਇਆ ਗਿਆ। ਇਸਦੀ ਉਸਾਰੀ 1641 ਵਿੱਚ ਆਰੰਭ ਹੋਈ ਅਤੇ ਇਹ 1642 ਵਿੱਚ ਪੂਰੀ ਹੋਈ। ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਸਥਿਤ ਇਤਿਹਾਸਕ ਜੰਡ ਬਾਰੇ ਲਿਖਿਆ ਹੈ ਕਿ ਇਥੇ 20 ਫਰਵਰੀ 1921 ਨੂੰ ਹੋਏ ਦਰਦਨਾਕ ਖੂਨੀ ਸਾਕੇ ਵਿੱਚ 150 ਸਿੰਘਾਂ ਨੂੰ ਗੋਲੀਆਂ, ਤਲਵਾਰਾਂ, ਟੋਕਿਆਂ ਤੇ ਟਕੂਇਆਂ ਨਾਲ਼ ਸ਼ਹੀਦ ਕੀਤਾ ਗਿਆ ਸੀ ਅਤੇ ਜੱਥੇ ਦੇ ਮੁਖੀ ਲਛਮਣ ਸਿੰਘ ਧਾਰੋਵਾਲੀ ਸਮੇਤ ਕਈਆਂ ਨੂੰ ਜੰਡ ਨਾਲ਼ ਬੰਨ੍ਹ ਕੇ ਜਿਉਂਦੇ ਸਾੜਿਆ ਗਿਆ ਸੀ। ਤਕਸ਼ਿਲਾ ਸ਼ਹਿਰ ਘੁੰਮਦਿਆਂ ਕਾਂਡ ਵਿੱਚ ‘ਤਕਸ਼ਿਲਾ’ ਤੇ ‘ਤਕਸ਼ਸ਼ਿਲਾ’ ਦਾ ਨਿਖੇੜਾ ਕਰਦਿਆਂ ਲਿਖਿਆ ਹੈ ਕਿ ਤਕਸ਼ਿਲਾ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਵਿੱਚ ਤਕਸ਼ਸ਼ਿਲਾ ਕਿਹਾ ਜਾਂਦਾ ਹੈ। ਇਹ ਪਾਲੀ ਦਾ ਸ਼ਬਦ ਹੈ ਅਤੇ ਹੌਲੀ ਹੌਲੀ ਇਹ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਚਲਿਤ ਹੋ ਗਿਆ। ਰਮਾਇਣ ਵਿੱਚ ਦਰਜ ਇੱਕ ਹਵਾਲੇ ਅਨੁਸਾਰ ਇਹ ਸ਼ਹਿਰ ਭਗਵਾਨ ਰਾਮ ਦੇ ਛੋਟੇ ਭਰਾ ਭਰਤ ਵੱਲੋਂ ਵਸਾਇਆ ਗਿਆ ਦੀ ਅਤੇ ਇਸ ਦਾ ਨਾਂ ਉਸ ਦੇ ਪੁੱਤਰ ਤਕਸ਼ ਦੇ ਨਾਂ ‘ਤੇ ਰੱਖਿਆ ਗਿਆ ਸੀ। ਤਕਸ਼ਸ਼ਿਲਾ ਪੁਰਾਤਨ ਭਾਰਤ ਵਿੱਚ ਗੰਧਾਰ ਦੇਸ਼ ਦੀ ਰਾਜਧਾਨੀ ਸੀ ਅਤੇ ਓਦੋਂ ਇਹ ਵਿੱਦਿਆ ਦਾ ਮੁੱਖ-ਕੇਂਦਰ ਸੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਹਵਾਲੇ ਮਿਲਦੇ ਹਨ।
ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਬੇਟੀ ਬੰਬਾ ਸੂਦਰਲੈਂਡ, ਜੋ ਉਮਰ ਦੇ ਆਖਰੀ ਕੁਝ ਵਰ੍ਹੇ ਲਾਹੌਰ ਵਿੱਚ ਰਹੀ, ਦੀ ਕਬਰ ਵੀ ਲਾਹੌਰ ਵਿੱਚ ਹੈ। ਪੁਸਤਕ ਵਿਚੋਂ ਮਿਲ਼ੀ ਜਾਣਕਾਰੀ ਮੁਤਾਬਕ ਮੁਹੰਮਦ ਅਨਵਰ ਹੋਰੀਂ ਜ਼ਹੂਰ ਹੁਸੈਨ ਨਾਲ਼ ਦੋ ਹਫ਼ਤਿਆਂ ਲਈ ਝੰਡ ਹੋਰਾਂ ਦੇ ਪਿੰਡ ਚੋਹਾਨ ਆਏ ਸਨ ਜਿੱਥੇ ਤਬੀਅਤ ਖ਼ਰਾਬ ਹੋਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਸਫ਼ਰਨਾਮੇ ਦੌਰਾਨ ਬਹੁਤ ਸਾਰੇ ਅਦੀਬਾਂ ਨੇ ਝੰਡ ਪਰਿਵਾਰ ਦਾ ਨਿੱਘਾ ਸੁਆਗਤ ਕੀਤਾ। ਅਹਿਮਦ ਰਜ਼ਾ ਪੰਜਾਬੀ ਦੇ ਨਾਲ਼ ਬਾਬਾ ਨਜਮੀ, ਦੀਪ ਸਈਦਾ, ਤਾਰਿਕ ਜਵਾਲਾ, ਅਫ਼ਜਲ ਸਾਹਿਰ, ਇਕਬਾਲ ਕੈਸਰ, ਏਹਸਾਨ ਬਾਜਵਾ, ਅੰਜੁਮ ਗਿੱਲ ਨਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ ਜੋ ਪਾਕਿਸਤਾਨ ਵਿੱਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਸਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਨ।
ਅਸੀਂ ਜੋ ਆਪਣੇ ਪੁਰਖਿਆਂ ਦੇ ਦੇਸ ਨਹੀਂ ਜਾ ਸਕੇ, ਇਸ ਪੁਸਤਕ ਨੂੰ ਪੜ੍ਹਦਿਆਂ ਜੇਕਰ ਸਾਰਾ ਪਾਕਿਸਤਾਨ ਨਹੀਂ ਤਾਂ ਘੱਟੋ-ਘੱਟ ਸਾਡੀ ਸਿਮਰਤੀ ਵਿਚ ਵੱਸੇ ਥਾਵਾਂ ਦੇ ਦਰਸ਼ਨ ਜ਼ਰੂਰ ਕਰ ਲੈਂਦੇ ਹਾਂ। ਵਾਹਗਾ ਬਾਰਡਰ ਤੋਂ ਸ਼ੁਰੂ ਹੋ ਕੇ ਬੁੱਲ੍ਹੇ ਸ਼ਾਹ ਦੀ ਦਰਗਾਹ, ਬੁੱਲੇ ਸ਼ਾਹ ਜਿਸਦੀ ਸ਼ਾਇਰੀ ਸਾਡੇ ਸਿਰ ਚੜ੍ਹ ਬੋਲਦੀ ਹੈ, ਲਾਇਲਪੁਰ ਦਾ ਘੰਟਾ ਘਰ, ਗੁਰੂ ਨਾਨਕ ਦਾ ਜਨਮ ਅਸਥਾਨ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਅਤੇ ਉਥੋਂ ਦੇ ਹੋਰ ਗੁਰਦੁਆਰੇ, ਸ਼ੇਖੂਪੁਰਾ, ਫਾਰੂਕਾਬਾਦ, ਸੱਚਾ ਸੌਦਾ, ਬਸਤੀ ਦਾਨਿਸ਼ਮੰਦਾਂ, ਪੰਜਾ ਸਾਹਿਬ, ਇਸਲਾਮਾਬਾਦ, ਰਾਵਲਪਿੰਡੀ, ਕਰਤਾਰਪੁਰ ਸਾਹਿਬ, ਲਾਹੌਰ ਦਾ ਸ਼ਾਹੀ ਕਿਲ੍ਹਾ, ਸ਼ਾਲੀਮਾਰ ਬਾਗ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਭਗਤ ਸਿੰਘ ਵਾਲ਼ਾ ਸਾਦਮਾਨ ਚੌਕ…। ਸ਼ਾਇਦ ਮੇਰੇ ਕੋਲੋਂ ਕੁਝ ਥਾਵਾਂ ਲਿਖਣੋ ਰਹਿ ਗਈਆਂ ਹੋਣ। ਡਾ ਝੰਡ ਹੋਰਾਂ ਨੇ ਦੋ ਹਫ਼ਤਿਆਂ ਅੰਦਰ ਪੁਰਖਿਆਂ ਦੇ ਦੇਸ ਦਾ ਚੱਪਾ-ਚੱਪਾ ਗਾਹੁਣ ਵੱਲੋਂ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਉਥੇ ਰੁਕਣ ਵਾਲ਼ੇ ਦਿਨਾਂ ਦੇ ਹਰ ਪਲ ਨੂੰ, ਆਪਣੇ ਪੁਰਖਿਆਂ ਦੇ ਦੇਸ ਨੂੰ ਪੂਰੀ ਰੂਹ ਨਾਲ਼ ਨਿਹਾਰਨ ਅਤੇ ਉਸਦੇ ਅਹਿਸਾਸ ਨੂੰ ਆਪਣੇ ਅੰਦਰ ਜ਼ੀਰਨ ਦਾ ਯਤਨ ਕੀਤਾ ਹੈ। ਇਹਨਾਂ ਵੇਖੀਆਂ ਥਾਵਾਂ, ਦ੍ਰਿਸ਼ਾਂ ਦੇ ਭੁੱਲ-ਵਿਸਰ ਰਹੇ ਇਤਿਹਾਸਕ ਮਹੱਤਵ ਨੂੰ ਸਾਂਭਿਆ ਗਿਆ ਹੈ। ਠਹਿਰ ਦੇ ਇਹਨਾਂ ਦਿਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਉਹਨਾਂ ਕਿੱਧਰੇ ਵੀ ਵਕਤ ਨੂੰ ਬੇਲੋੜੇ ਰੁਝੇਵਿਆਂ ਅੰਦਰ ਖਪਤ ਨਹੀਂ ਕੀਤਾ। ਵੱਖ-ਵੱਖ ਥਾਵਾਂ ਨੂੰ ਸ਼ਬਦਾਂ ਦੇ ਨਾਲ਼-ਨਾਲ਼ ਤਸਵੀਰਾਂ ਅੰਦਰ ਵੀ ਸਾਂਭਿਆ ਹੈ। ਪੁਸਤਕ ਦੇ ਬੱਤੀ ਪੰਨੇ ਸਾਂਭੀ ਬੈਠੀਆਂ ਇਹਨਾਂ ਰੰਗਦਾਰ ਤਸਵੀਰਾਂ ਦਾ ਆਪਣਾ ਮਹੱਤਵ ਹੈ। ਹਾਲਾਂਕਿ ਪੁਸਤਕ ਵਿੱਚ ਏਨੀਆਂ ਰੰਗਦਾਰ ਤਸਵੀਰਾਂ ਛਪਵਾਉਣੀਆਂ ਮਹਿੰਗਾ ਸੌਦਾ ਹੈ। ਪਰ ਇਹ ਪੁਰਖਿਆਂ ਦੇ ਦੇਸ ਦੀਆਂ ਯਾਦਾਂ ਹਨ। ਉਹਨਾਂ ਦੇ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਦੇ ਚੇਤੇ ਹਨ।
ਇਸ ਪੁਸਤਕ ਵਿੱਚ ਪਰਿਵਾਰ ਦਾ ਇਕੱਠਿਆਂ ਘੁੰਮਣ ਜਾਣ ਦਾ ਵੱਖਰਾ ਆਨੰਦ ਵੀ ਪੜ੍ਹਨ ਨੂੰ ਮਿਲਦਾ ਹੈ। ਰੁਝੇਂਵਿਆਂ ਭਰੀ ਇਸ ਜ਼ਿੰਦਗੀ ਵਿੱਚ ਪਰਿਵਾਰਾਂ ਦਾ ਕੱਠਿਆਂ ਮਿਲ ਬੈਠਣਾ, ਘੁੰਮਣ ਜਾਣਾ, ਕੁਝ ਦਿਨ ਤੇ ਰਾਤਾਂ ਕੱਠਿਆਂ ਬਿਤਾਉਣੀਆਂ ਵੀ ਇੱਕ ਪ੍ਰਾਪਤੀ ਹੈ। ਇਸ ਸਫ਼ਰਨਾਮੇ ਦਾ ਅਹਿਸਾਸ ਇਨ੍ਹਾਂ ਗੱਲਾਂ ਕਰਕੇ ਵੀ ਝੰਡ ਪਰਿਵਾਰ ਤੇ ਹੋਰ ਦੋਸਤਾਂ ਦੇ ਚੇਤਿਆਂ ਵਿੱਚ ਚਿਰ ਤੱਕ ਬਣਿਆਂ ਰਹੇਗਾ। ਇਹ ਪੁਸਤਕ ਦੋ ਮੁਲਕਾਂ ਦੀਆਂ ਸਰਕਾਰਾਂ ਨੂੰ ਕੁੜੱਤਣ ਵਿਸਾਰ ਕੇ ਸਾਂਝ ਦੇ ਮਾਨਵੀ ਉਪਰਾਲੇ ਕਰਨ ਦਾ ਸੰਦੇਸ਼ ਦਿੰਦੀ ਹੈ। ਇਸ ਪੁਸਤਕ ਨੂੰ ਪੜ੍ਹਨਾ ਵੀ ਬਣਦਾ ਹੈ ਅਤੇ ਆਪਣਾ ਵਿਹਾਰ ਬਣਾਉਣ ਦੀ ਵੀ ਲੋੜ ਹੈ। ਡਾ. ਸੁਖਦੇਵ ਸਿੰਘ ਝੰਡ ਹੋਰਾਂ ਨੂੰ ਇਸ ਕਿਰਤ ਲਈ ਮੁਬਾਰਕਾਂ।
+91 9779591344

 

Check Also

ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਪੰਜਵੇਂ ਗੁਰੂ ਨਾਨਕ ਭਾਈ ਹਰਪਾਲ ਸਿੰਘ ਲੱਖਾ ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ॥ ਤੀਜੇ …