ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਹਫਤੇ ਮੈਂਬਰ ਪਾਰਲੀਮੈਂਟ ਸੋਨੀਆ ਦੀ ਰਾਈਡਿੰਗ – ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ (ਐੱਫ਼.ਐੱਲ.ਏ.) ਵੱਲੋਂ ਕਰਵਾਏ ਗਏ ਫ਼ੰਡਰੇਜ਼ਰ ਡਿਨਰ ਵਿੱਚ ਵੱਖ-ਵੱਖ ਕਮਿਊਨਿਟੀਆਂ ਦੇ 500 ਤੋਂ ਵਧੀਕ ਲੋਕ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ, ਜਿਸ ਤੋਂ ਕਮਿਊਨਿਟੀਆਂ ਦੇ ਮਜ਼ਬੂਤ ਤਾਲਮੇਲ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ।
ਐਸੋਸੀਏਸ਼ਨ ਦਾ ਇਹ ਫ਼ੰਡਰੇਜ਼ਰ ਡਿਨਰ ਪ੍ਰਬੰਧਕਾਂ ਦੀਆਂ ਆਸਾਂ ਤੋਂ ਅੱਗੇ ਜਾ ਕੇ ਪੂਰਾ ‘ਸੋਲਡ-ਆਊਟ’ ਸੀ ਜੋ ਕਿ ਬਰੈਂਪਟਨ ਸਾਊਥ ਕਮਿਊਨਿਟੀ ਦੀ ਆਪਸੀ ਏਕਤਾ, ਤਾਲਮੇਲ ਅਤੇ ਮਿਲਵਰਤਣ ਦੀ ਇੱਕ ਵਧੀਆ ਮਿਸਾਲ ਪੇਸ਼ ਕਰ ਰਿਹਾ ਸੀ।
ਬੈਂਕੁਇਟ ਹਾਲ ਦੇ ਦਰਵਾਜ਼ੇ ਖੁੱਲ੍ਹਦੇ ਸਾਰ ਹੀ ਇਸ ਵਿਚਲਾ ਮਾਹੌਲ ਪੂਰਾ ਖ਼ੁਸ਼ਗਵਾਰ ਹੋ ਗਿਆ। ਪੁਰਾਣੀ ਤੇ ਨਵੀਂ ਜਾਣ-ਪਛਾਣ ਦੇ ਲੋਕ ਆਪਸ ਵਿੱਚ ਘੁਲ਼-ਮਿਲ਼ ਰਹੇ ਸਨ ਅਤੇ ਕਮਿਊਨਿਟੀਆਂ ਤੇ ਲੋਕ-ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਥਿਕ ਮਸ਼ਵਰੇ ਕਰ ਰਹੇ ਸਨ। ਇਸ ਦੌਰਾਨ ਸਮਾਗਮ ਦੇ ਮੁੱਖ-ਮਹਿਮਾਨ ਮਾਣਯੋਗ ਈਵਾਨ ਸੋਲੋਮੌਨ ਦੇ ਪਧਾਰਨ ‘ਤੇ ਖ਼ੁਸ਼ੀਆਂ ਭਰਪੂਰ ਇਸ ਮਾਹੌਲ ਹੋਰ ਵੀ ਵਾਧਾ ਹੋ ਗਿਆ ਅਤੇ ਇਹ ਫ਼ੈੱਡਰਲ ਪੱਧਰ ‘ਤੇ ਭਾਈਵਾਲੀ ਤੇ ਮਿਲਵਰਤਣ ਦੀ ਅਹਿਮੀਅਤ ਨੂੰ ਬਾਖ਼ੂਬੀ ਦਰਸਾਅ ਰਿਹਾ ਸੀ।
ਇਸ ਮੌਕੇ ਆਪਣੇ ਹਾਵ-ਭਾਵ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਵਿੱਚ ਹੋਏ ਵਿਕਾਸ ਅਤੇ ਲੋਕ-ਭਲਾਈ ਲਈ ਕੀਤੇ ਗਏ ਫ਼ੈੱਡਰਲ ਨਿਵੇਸ਼ ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ (ਟੀ.ਐੱਮ.ਯੂ.) ਅਤੇ ਐੱਮਬਲੇਟਨ ਕਮਿਊਨਿਟੀ ਸੈਂਟਰ ਫ਼ੈੱਡਰਲ ਸਰਕਾਰ ਦੀ ਸਥਾਨਕ ਇਨਫ਼ਰਾਸਟਰੱਕਚਰ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੌਕਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਵਾਸੀਆਂ ਨਾਲ ਸਮਾਜਿਕ-ਤੰਦਾਂ ਨੂੰ ਹੋਰ ਪੀਡੀਆਂ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੀਨੀਅਰਾਂ ਅਤੇ ਜੂਨੀਅਰਾਂ ਲਈ ਆਯੋਜਿਤ ਕੀਤੇ ਗਏ ਮੇਲੇ ਬਰੈਂਪਟਨ-ਵਾਸੀਆਂ ਨੂੰ ਉਪਲੱਭਧ ਵੱਖ-ਵੱਖ ਸਾਧਨਾਂ ਤੇ ਸਰੋਤਾਂ ਨਾਲ ਜੋੜਨ, ਕਮਿਊਨਿਟੀ ਦੀ ਆਵਾਜ਼ ਬੁਲੰਦ ਕਰਨ ਅਤੇ ਅਗਲੀਆਂ ਪੀੜ੍ਹੀਆਂ ਦੀ ਸਮਾਜਿਕ ਸ਼ਮੂਲੀਅਤ ਲਈ ਉਨ੍ਹਾਂ ਦੇ ਸਾਰਥਿਕ ਉਪਰਾਲੇ ਹਨ।
ਉਨ੍ਹਾਂ ਕਿਹਾ, ”ਅੱਜ ਦੀ ਇਸ ਸ਼ਾਮ ਦੇ ਵਿਸ਼ਾਲ ਇਕੱਠ ਅਤੇ ਇਸਦੇ ਪਿੱਛੇ ਕੰਮ ਕਰ ਰਹੇ ਭਾਰੀ ਉਤਸ਼ਾਹ ਨੂੰ ਵੇਖ ਕੇ ਮੈਨੂੰ ਬਹੁਤ ਖੁਸ਼ੀ ਅਤੇ ਹੌਸਲਾ-ਅਫ਼ਜ਼ਾਈ ਪ੍ਰਾਪਤ ਹੋਈ ਹੈ। ਇਹ ਈਵੈਂਟ ਬਰੈਂਪਟਨ ਸਾਊਥ-ਵਾਸੀਆਂ ਦੀ ਅਪਣੱਤ ਦੀ ਭਾਵਨਾ ਅਤੇ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਨੂੰ ਭਲੀ-ਭਾਂਤ ਦਰਸਾਅ ਰਿਹਾ ਹੈ।”
ਇਸ ਦੌਰਾਨ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਸਮੂਹ ਵਾਲੰਟੀਅਰ, ਹਮਾਇਤੀਆਂ ਅਤੇ ਇਸ ਈਵੈਂਟ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਅਖ਼ੀਰ ਵਿੱਚ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਈਵੈਂਟ ਫ਼ੰਡਰੇਜ਼ਰ ਤੋਂ ਅਗਾਂਹ ਵਧ ਕੇ ਕਮਿਊਨਿਟੀ, ਕੁਨੈੱਕਸ਼ਨ ਅਤੇ ਬਰੈਂਪਟਨ ਨੂੰ ਹੋਰ ਮਜ਼ਬੂਤ ਬਨਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦਾ ਬਹੁਤ ਵਧੀਆ ਮੌਕਾ ਹੈ।
ਬਰੈਂਪਟਨ ਸਾਊਥ (ਸੋਨੀਆ ਸਿੱਧੂ) ਐੱਫ਼.ਐੱਲ.ਏ. ਡਿਨਰ ‘ਚ ਵੱਡੀ ਭੀੜ ਨੇ ਕਮਿਊਨਿਟੀ ਏਕਤਾ ਦੀ ਇੱਕ ਮਿਸਾਲ ਪੇਸ਼ ਕੀਤੀ
RELATED ARTICLES

